ਫਾਦਰਜ਼-ਡੇ !
ਸਾਰੇ ਜੱਗ ਦਾ ਫਾਦਰ ਇੱਕ ਜੋ,
ਸਭ ਨੂੰ ਖੇਡ ਖਿਡਾਵੇ ।
ਫਿਰ ਵੀ ਦੁਨੀਆਂ-ਦਾਰੀ ਅੰਦਰ,
ਆਪਣਾ ਹੀ ਮਨ ਭਾਵੇ ।।
ਕਈਆਂ ਦੇ ਤੁਰ ਜਾਵਣ ਤੇ ਵੀ,
ਵਸਦੇ ਸਦਾ ਉਲਾਦੀਂ ।
ਕਈਆਂ ਦੇ ਤਾਂ ਜੀਓਂਦੇ ਜੀਅ ਵੀ,
ਝੂਰਨ ਵਿੱਚ ਪਛਤਾਵੇ ।।
ਕਈਆਂ ਲਈ ਤੇ ਹਰ ਇਕ ਦਿਨ ਹੀ,
ਫਾਦਰ-ਡੇ ਹੀ ਰਹਿੰਦਾ ।
ਕਈਆਂ ਦੇ ਕਿਸੇ ਨਿਸ਼ਚਿਤ ਦਿਨ ਵੀ,
ਭਰਦੇ ਹੌਕੇ ਹਾਵੇ ।।
ਆਪਣੇ ਫਾਦਰ ਨੂੰ ਨਾ ਪੁੱਛੇ,
ਪਰ ਜਦ ਖੁਦ ਉਹ ਬਣਦਾ,
ਦੰਦਾ ਨਾਲ ਵੀ ਖੁਲਦੀ ਨਾ ਉਹ,
ਜੋ ਹੱਥੀਂ ਗੰਢ ਪਾਵੇ ।।
ਜੱਗ ਵਿੱਚ ਜਿੱਦਾਂ ਫਾਦਰ ਹੋਕੇ,
ਕਰਤਾ ਕਿਰਤ ‘ਚ ਵਸਦਾ ।
ਇੰਝ ਹੀ ਦੁਨੀਆਂਦਾਰੀ ਵਾਲਾ,
ਫਾਦਰ ਤੁਰਦਾ ਜਾਵੇ ।।।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)