Sunday, June 25, 2017

ਜੋੜ !

ਜੋੜ !
ਸਾਡੀ ਸੋਚ ਨੂੰ ਬੰਦਾ ਅਜਿਹਾ,
ਘੱਟ ਹੀ ਭਾਇਆ ਹੈ ।।
ਘਰ ਨੂੰ ਫੂਕਕੇ ਆਪਣੇ ਤਮਾਸ਼ਾ,
ਜਿਸ ਦਿਖਾਇਆ ਹੈ ।।
ਲੋਕੀਂ ਸੋਚਦੇ ਕਿ ਰੀਣ ਵੀ,
ਨੁਕਸਾਨ ਹੋਵੇ ਨਾ ।
ਪਰ-ਉਪਕਾਰ ਦਾ ਠੱਪਾ ਵੀ,
ਆਪਣੇ ਨਾਮ ਚਾਹਿਆ ਹੈ ।।
ਬੇਚਾਰਾ ਜਾਣ ਕੇ ਉਸਨੂੰ,
ਮੈਂ ਆਪਣੇ ਘਰ ਲਿਆਇਆ ਸੀ ।
ਬਣਕੇ ਬਹਿ ਗਿਆ ਮਾਲਿਕ,
ਘਰੋਂ ਮੈਨੂੰ ਭਜਾਇਆ ਹੈ ।।
ਗੱਲਾਂ ਵਿੱਚ ਤਾਂ ਵੱਡੀ,
ਉਹ ਕਹਿੰਦੀ ਮੈਂ ਹੀ ਰਹਿਣਾ ਹੈ ।
ਜੇਠਾਣੀ ਨੂੰ ਹੀ ਕਰਤੂਤੀਂ ,
ਕਿਓਂ ਵੱਡੀ ਬਣਾਇਆ ਹੈ ।।
ਡਿਗਿਆ ਦੇਖਕੇ ਮੈਂ ਓਸਨੂੰ,
ਪਾਣੀ ਪਿਆ ਦਿੱਤਾ ।
ਸੁਰਤ ਵਿੱਚ ਆਉਂਦਿਆਂ ਕਹਿੰਦਾ,
ਤੂੰ ਮੇਰਾ ਕੁਝ ਚੁਰਾਇਆ ਹੈ ।।
ਉਹ ਤਾਂ ਸੋਚਦਾ ਕਿ ਓਸ ਕੋਲੋਂ,
ਡਰ ਗਿਆ ਹਾਂ ਮੈਂ ।
ਉਹ ਨਹੀਂ ਜਾਣਦਾ ਕਿ ਚੁੱਪ ਨੇ,
ਰਿਸ਼ਤਾ ਬਚਾਇਆ ਹੈ ।।
ਲੋਕੀਂ ਟੁੱਟਿਆਂ ਨੂੰ ਅੱਜ-ਕਲ ਤਾਂ,
ਸੁੱਟ ਦਿੰਦੇ ਨੇ ।
ਪੁਰਾਣੀ ਸੋਚ ਏ ਸਾਡੀ,
ਅਸਾਂ ਤਾਂ ਜੋੜ ਲਾਇਆ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)