Sunday, November 27, 2016

ਏਕਸ ਕੇ ਬਾਰਿਕ !

ਏਕਸ ਕੇ ਬਾਰਿਕ !!
ਹਿੰਦੂ-ਮੁਸਲਿਮ-ਸਿੱਖ–ਇਸਾਈ ।
ਬਣ ਸਕਦੇ ਨੇ ਭਾਈ-ਭਾਈ ।
ਆਪੋ ਆਪਣੇ ਮਜਹਬਾਂ ਦੇ ਜੇ,
ਪਾਧਿਆਂ ਕੋਲੋਂ ਜਾਨ ਛਡਾਈ ।।
ਹਰ ਮਜ਼ਹਬ ਦੇ ਠੱਗ ਪੁਜਾਰੀ ।
ਬਣਕੇ ਬੈਠੇ ਧਰਮ ਵਪਾਰੀ ।
ਲੁੱਟਕੇ ਖਾਧੀ ਦੁਨੀਆਂ ਸਾਰੀ ।
ਰੱਖਦੇ ਬੰਦੇ ਦੀ ਮੱਤ ਮਾਰੀ ।
ਸ਼ਰਧਾਵਾਨਾ ਦੇ ਜਜਬਾਤਾਂ ਸਿਰ ਤੇ ਕਰਨ ਕਮਾਈ ।।
ਮਜ਼ਹਬਾਂ ਵਾਲਾ ਰੌਲਾ ਇੱਕੋ ।
ਹੁੰਦਾ ਭੇਖੀ ਚੋਲਾ ਇੱਕੋ ।
ਲੁਟਣ ਵਾਲਾ ਟੋਲਾ ਇਕੋ ।
ਲੁੱਟ ਹੋਂਵਦਾ ਭੋਲਾ ਇੱਕੋ ।
ਰੱਬ ਦੇ ਨਾਂ ਤੇ ਲੁੱਟ ਜਦ ਹੁੰਦੀ ਸੁਣਦਾ ਕੌਣ ਦੁਹਾਈ ।।
ਸਾਰੇ ਮਜ਼ਹਬੀਂ ਧਰਮ ਹੈ ਸਾਂਝਾ ।
ਜੀਵਨ ਵਾਲਾ ਕਰਮ ਹੈ ਸਾਂਝਾ ।
ਜੰਮਣਾ-ਜੀਣਾ-ਮਰਨ ਹੈ ਸਾਂਝਾ ।
ਪੂਜਾ ਭਰਿਆ ਭਰਮ ਹੈ ਸਾਂਝਾ ।
ਤੋਰੇ ਸਾਰੇ ਵੱਖ-ਵੱਖ ਰਸਤੇ ਇੱਕ ਮੰਜਿਲ ਦੇ ਰਾਹੀ ।।
ਮਜ਼ਹਬੀ ਆਗੂ ਜੋ ਅਖਵਾਉਂਦੇ ।
ਵੱਖੋ ਵਖਰੇ ਝੰਡੇ ਲਾਉਂਦੇ ।
ਸਭ ਨੂੰ ਕਰਮਕਾਂਡ ਸਖਾਉਂਦੇ ।
ਸਾਂਝੇ ਸੱਚ ਦੀ ਬਾਤ ਨਾ ਪਾਉਂਦੇ ।
ਇੱਕ ਦੂਜੇ ਲਈ ਨਫਰਤ ਭਰਕੇ ਕੰਧਾਂ ਜਾਣ ਵਧਾਈ ।।
ਆਜੋ ਰਲ਼ਕੇ ਬਹਿਣਾ ਸਿੱਖੀਏ ।
ਇੱਕ ਦੂਜੇ ਨੂੰ ਸਹਿਣਾ ਸਿੱਖੀਏ ।
ਹਸਦੇ-ਵਸਦੇ ਰਹਿਣਾ ਸਿੱਖੀਏ ।
ਸੱਚ ਸੁਨਣਾ ਸੱਚ ਕਹਿਣਾ ਸਿੱਖੀਏ ।
ਏਕਸ ਕੇ ਬਾਰਿਕ ਜੇ ਬਣਗੇ ਕੁਦਰਤ ਹੋਊ ਸਹਾਈ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Wednesday, November 23, 2016

ਅਸਲੀ ਦੁਸ਼ਮਣ !

ਅਸਲੀ ਦੁਸ਼ਮਣ !
ਜਦ ਵੀ ਉਸਤੋਂ ਕੁਰਸੀ ਖੁਸਦੀ ਜਾਪੀ ਹੈ,
ਲੋਕਾਂ ਭਾਅਦਾ ਕਿਆਮਤ ਹੀ ਵਿਆਪੀ ਹੈ ।।
ਦੇਖਣ ਨੂੰ ਜੋ ਰਾਜ ਬਦਲਦਾ ਦਿਸਦਾ ਹੈ,
ਸਭ ਉਸੇ ਦੇ ਨਾਟਕ ਦੀ ਇਕ ਝਾਕੀ ਹੈ ।
ਬਾਬੇ ਨਾਨਕ ਤੋਂ ਜੋ ਓਸ ਆਰੰਭੀ ਸੀ,
ਘਾਟ ਕਦੇ ਵੀ ਨਫਰਤ ਵਿੱਚ ਨਾ ਨਾਪੀ ਹੈ ।
ਲੱਖਾਂ ਮਰਿਆਂ ਰਾਜ ਓਹਨੇ ਹਥਿਆਇਆ ਸੀ,
ਏਸੇ ਲਈ ਤਾਂ ਰੂਹ ਉਸਦੀ ਸੰਤਾਪੀ ਹੈ ।
ਹੋਰਾਂ ਦੇ ਮੋਢੇ ਤੇ ਸਦਾ ਚਲਾਉਂਦਾ ਹੈ,
ਚਾਣਕੀਆ ਦਾ ਚੇਲਾ ਦਿਲ ਦਾ ਪਾਪੀ ਹੈ ।
ਅੰਦਰੋਂ ਤਾਂ ਓਹ ਨਸਲਘਾਤ ਲਈ ਕਾਹਲਾ ਹੈ,
ਮਤਲਬ ਦੇ ਲਈ ਦੇਂਦਾ ਬਾਹਰੋਂ ਥਾਪੀ ਹੈ ।
ਜਾਤਾਂ,ਪਾਤਾਂ,ਵਰਗਾਂ ਦਾ ਓਹ ਹਾਮੀ ਹੈ,
ਸਭ ਵਿੱਚ ਇਕੋ ਜੋਤ ਮੰਨਣ ਤੋਂ ਆਕੀ ਹੈ ।
ਪਿੰਜਰੇ ਫਸਿਆ ਸ਼ੇਰ ਕਦੇ ਛੁੱਟ ਜਾਵੇ ਨਾ,
ਸੋਚ ਸੋਚ ਉਸ ਨੀਕਰ ਕਰ ਲਈ ਖਾਕੀ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Thursday, November 17, 2016

ਇੱਕ ਚੋਂ ਇੱਕ

'ਇੱਕ' ਚੋਂ "ਇੱਕ"
ਗੁਰ ਨਾਨਕ ਨੂੰ ਜਿਸਨੇ ਦਿਲ ਤੋਂ ਚਾਹਿਆ ਹੈ ।
ਲੋਕਾਂ ਕੋਲੋਂ ਕਾਫ਼ਰ ਹੀ ਸਦਵਾਇਆ ਹੈ ।।
ਬਾਬੇ ਦੇ ਚੱਲਣ ਲਈ ਦੱਸੇ ਰਸਤੇ ਨੂੰ,
ਦਾਅਵੇਦਾਰਾਂ ਹੀ ਏਥੇ ਝੁਠਲਾਇਆ ਹੈ ।
ਹੁਣ ਤੇ ਬੰਦਾ ਓਹੋ ਕੁਝ ਹੀ ਕਰਦਾ ਹੈ,
ਜਿਸਤੋਂ ਸਾਡਾ ਖਹਿੜਾ ਗੁਰਾਂ ਛਡਾਇਆ ਹੈ ।
ਉਸਦੇ ਦੱਸੇ “ਇੱਕੋ” ਦੀ ਜੋ ਗੱਲ ਕਰੇ,
ਦੋਸ਼ ਉਸੇ ਤੇ ਦੁਬਿਧਾ ਵਾਲਾ ਲਾਇਆ ਹੈ ।
ਸਿੱਖਾਂ ਦਾ ਤੇ ਇੱਕੋ ਰਾਹ ਦਸੇਰਾ ਹੈ,
ਜਿੰਦਗੀ ਦਾ ਹਰ ਪਹਿਲੂ ਜਿਸ ਸਮਝਾਇਆ ਹੈ ।
ਬਾਪੂ ਤਾਂ ਬਸ ਇੱਕ ਬਾਪੂ ਹੀ ਹੁੰਦਾ ਹੈ,
ਲੱਖ ਕਹਾਵੇ ਕੋਈ ਚਾਚਾ ਤਾਇਆ ਹੈ ।
ਉਸਦਾ ਪੱਲਾ ਛੱਡ ਹੋਰ ਦਾ ਫੜਨਾ ਨਾ,
ਬਿਪਰਾਂ ਭਾਵੇਂ ਵੱਖ ਸ਼ਰੀਕ ਬਣਾਇਆ ਹੈ ।
ਜੀਵਨ ਦੇ ਲਈ ਇਕ ਸੂਰਜ ਹੀ ਕਾਫੀ ਹੈ,
ਜਿਸਨੇ ਪੂਰੇ ਤਨ-ਮਨ ਨੂੰ ਰੁਸ਼ਨਾਇਆ ਹੈ ।
ਓਹੀਓ ਜੱਥੇਦਾਰ ਤੇ ਹੁਕਮਨਾਮਾ ਹੈ,
ਓਸੇ ਦੇ ਹੀ ਹੁਕਮ ਨੂੰ ਸੀਸ ਨਿਵਾਇਆ ਹੈ ।
ਜੱਗ ਰੁੱਸਦਾ ਤਾਂ ਰੁੱਸ ਜੇ, ਨਾ ਪਰਵਾਹ ਮੰਨਦਾ,
ਜਿਸ ਝਲਕਾਰਾ 'ਇੱਕ' ਚੋਂ "ਇੱਕ" ਦਾ ਪਾਇਆ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, November 12, 2016