ਅਸਲੀ ਦੁਸ਼ਮਣ !
ਜਦ ਵੀ ਉਸਤੋਂ ਕੁਰਸੀ ਖੁਸਦੀ ਜਾਪੀ ਹੈ,
ਲੋਕਾਂ ਭਾਅਦਾ ਕਿਆਮਤ ਹੀ ਵਿਆਪੀ ਹੈ ।।
ਦੇਖਣ ਨੂੰ ਜੋ ਰਾਜ ਬਦਲਦਾ ਦਿਸਦਾ ਹੈ,
ਸਭ ਉਸੇ ਦੇ ਨਾਟਕ ਦੀ ਇਕ ਝਾਕੀ ਹੈ ।
ਬਾਬੇ ਨਾਨਕ ਤੋਂ ਜੋ ਓਸ ਆਰੰਭੀ ਸੀ,
ਘਾਟ ਕਦੇ ਵੀ ਨਫਰਤ ਵਿੱਚ ਨਾ ਨਾਪੀ ਹੈ ।
ਲੱਖਾਂ ਮਰਿਆਂ ਰਾਜ ਓਹਨੇ ਹਥਿਆਇਆ ਸੀ,
ਏਸੇ ਲਈ ਤਾਂ ਰੂਹ ਉਸਦੀ ਸੰਤਾਪੀ ਹੈ ।
ਹੋਰਾਂ ਦੇ ਮੋਢੇ ਤੇ ਸਦਾ ਚਲਾਉਂਦਾ ਹੈ,
ਚਾਣਕੀਆ ਦਾ ਚੇਲਾ ਦਿਲ ਦਾ ਪਾਪੀ ਹੈ ।
ਅੰਦਰੋਂ ਤਾਂ ਓਹ ਨਸਲਘਾਤ ਲਈ ਕਾਹਲਾ ਹੈ,
ਮਤਲਬ ਦੇ ਲਈ ਦੇਂਦਾ ਬਾਹਰੋਂ ਥਾਪੀ ਹੈ ।
ਜਾਤਾਂ,ਪਾਤਾਂ,ਵਰਗਾਂ ਦਾ ਓਹ ਹਾਮੀ ਹੈ,
ਸਭ ਵਿੱਚ ਇਕੋ ਜੋਤ ਮੰਨਣ ਤੋਂ ਆਕੀ ਹੈ ।
ਪਿੰਜਰੇ ਫਸਿਆ ਸ਼ੇਰ ਕਦੇ ਛੁੱਟ ਜਾਵੇ ਨਾ,
ਸੋਚ ਸੋਚ ਉਸ ਨੀਕਰ ਕਰ ਲਈ ਖਾਕੀ ਹੈ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)