Sunday, November 27, 2016

ਏਕਸ ਕੇ ਬਾਰਿਕ !

ਏਕਸ ਕੇ ਬਾਰਿਕ !!
ਹਿੰਦੂ-ਮੁਸਲਿਮ-ਸਿੱਖ–ਇਸਾਈ ।
ਬਣ ਸਕਦੇ ਨੇ ਭਾਈ-ਭਾਈ ।
ਆਪੋ ਆਪਣੇ ਮਜਹਬਾਂ ਦੇ ਜੇ,
ਪਾਧਿਆਂ ਕੋਲੋਂ ਜਾਨ ਛਡਾਈ ।।
ਹਰ ਮਜ਼ਹਬ ਦੇ ਠੱਗ ਪੁਜਾਰੀ ।
ਬਣਕੇ ਬੈਠੇ ਧਰਮ ਵਪਾਰੀ ।
ਲੁੱਟਕੇ ਖਾਧੀ ਦੁਨੀਆਂ ਸਾਰੀ ।
ਰੱਖਦੇ ਬੰਦੇ ਦੀ ਮੱਤ ਮਾਰੀ ।
ਸ਼ਰਧਾਵਾਨਾ ਦੇ ਜਜਬਾਤਾਂ ਸਿਰ ਤੇ ਕਰਨ ਕਮਾਈ ।।
ਮਜ਼ਹਬਾਂ ਵਾਲਾ ਰੌਲਾ ਇੱਕੋ ।
ਹੁੰਦਾ ਭੇਖੀ ਚੋਲਾ ਇੱਕੋ ।
ਲੁਟਣ ਵਾਲਾ ਟੋਲਾ ਇਕੋ ।
ਲੁੱਟ ਹੋਂਵਦਾ ਭੋਲਾ ਇੱਕੋ ।
ਰੱਬ ਦੇ ਨਾਂ ਤੇ ਲੁੱਟ ਜਦ ਹੁੰਦੀ ਸੁਣਦਾ ਕੌਣ ਦੁਹਾਈ ।।
ਸਾਰੇ ਮਜ਼ਹਬੀਂ ਧਰਮ ਹੈ ਸਾਂਝਾ ।
ਜੀਵਨ ਵਾਲਾ ਕਰਮ ਹੈ ਸਾਂਝਾ ।
ਜੰਮਣਾ-ਜੀਣਾ-ਮਰਨ ਹੈ ਸਾਂਝਾ ।
ਪੂਜਾ ਭਰਿਆ ਭਰਮ ਹੈ ਸਾਂਝਾ ।
ਤੋਰੇ ਸਾਰੇ ਵੱਖ-ਵੱਖ ਰਸਤੇ ਇੱਕ ਮੰਜਿਲ ਦੇ ਰਾਹੀ ।।
ਮਜ਼ਹਬੀ ਆਗੂ ਜੋ ਅਖਵਾਉਂਦੇ ।
ਵੱਖੋ ਵਖਰੇ ਝੰਡੇ ਲਾਉਂਦੇ ।
ਸਭ ਨੂੰ ਕਰਮਕਾਂਡ ਸਖਾਉਂਦੇ ।
ਸਾਂਝੇ ਸੱਚ ਦੀ ਬਾਤ ਨਾ ਪਾਉਂਦੇ ।
ਇੱਕ ਦੂਜੇ ਲਈ ਨਫਰਤ ਭਰਕੇ ਕੰਧਾਂ ਜਾਣ ਵਧਾਈ ।।
ਆਜੋ ਰਲ਼ਕੇ ਬਹਿਣਾ ਸਿੱਖੀਏ ।
ਇੱਕ ਦੂਜੇ ਨੂੰ ਸਹਿਣਾ ਸਿੱਖੀਏ ।
ਹਸਦੇ-ਵਸਦੇ ਰਹਿਣਾ ਸਿੱਖੀਏ ।
ਸੱਚ ਸੁਨਣਾ ਸੱਚ ਕਹਿਣਾ ਸਿੱਖੀਏ ।
ਏਕਸ ਕੇ ਬਾਰਿਕ ਜੇ ਬਣਗੇ ਕੁਦਰਤ ਹੋਊ ਸਹਾਈ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)