Saturday, April 30, 2016

ਅੱਕਿਆ ਵਾ ਜੱਟ ਸਲਫਾਸ ਖਾ ਗਿਆ !

ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।
ਘੁੰਡੀਆਂ `ਚੋਂ ਵਾਰ ਵਾਰ ਦਾਣੇ ਛਾਣਕੇ ।
ਤੂੜੀ ਵਾਲੇ ਖੇਤ ਪੱਕੀ ਰਾਖੀ ਠਾਣਕੇ
ਦਾਣੇ ਲੈਕੇ ਜੱਟ ਜਦੋਂ ਮੰਡੀ ਆ ਗਿਆ ।
ਆੜਤੀਆ ਜਾਣੀ, ਮਿਥ ਬੋਲੀ ਲਾ ਗਿਆ ।
ਆਫਤਾਂ `ਚ ਫਸਲ ਜੋ ਪਾਲੀ ਜੱਟ ਨੇ ।
ਪਿਛਲੇ ਹਿਸਾਬਾਂ `ਚ ਗਵਾਲੀ ਜੱਟ ਨੇ ।
ਲੋੜਾਂ ਵਾਲੀ ਪਰਚੀ ਜੋ ਘਰੋਂ ਆਈ ਸੀ ।
ਹਰ ਸਾਲ ਵਾਂਗੂ ਜਾਣਕੇ ਗਵਾਈ ਸੀ ।
ਭੁੱਖੇ ਢਿੱਡ ਤੁਰ ਮੁੜ ਪਿੰਡ ਆ ਗਿਆ ।
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।

ਬੈਂਕ ਵਾਲਾ ਕਰਜਾ ਨਾ ਮੋੜ ਸਕਿਆ ।
ਮੂਲ ਦਾ ਵਿਆਜ ਵੀ ਨਾ ਜੋੜ ਸਕਿਆ ।
ਠਾਣੇ ਵਾਲੇ ਕੀਤਾ ਰੱਜ ਕੇ ਜਲੀਲ ਸੀ ।
ਕਿਸੇ ਨੇੜੇ ਵਾਲੇ ਸੁਣੀ ਨਾ ਅਪੀਲ ਸੀ ।
ਕਿਡਨੀ ਨੂੰ ਵੇਚ ਵੱਡੀ ਧੀ ਵਿਆਹੀ ਸੀ ।
ਛੋਟੀ ਵੇਲੇ ਨੱਕੋ-ਨੱਕ ਕਰਜਾਈ ਸੀ ।
ਪੈਲੀ ਵੇਚ ਮੁੰਡਾ ਸੀ ਜਹਾਜ ਚਾੜਿਆ ।
ਧੋਖੇ `ਨਾ ਏਜੰਟਾਂ ਨੇ ਯੂਗਾਂਡਾ ਬਾੜਿਆ ।
ਉੱਤੋਂ ਹੋਰ ਪੈਸਿਆਂ ਦਾ ਫੋਨ ਆ ਗਿਆ ।
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।

ਗੀਤਕਾਰ ਏਹਨੂੰ ਫੁਕਰਾ ਦਿਖਾਉਂਦੇ ਨੇ ।
ਏਹਦੀ ਮਜਬੂਰੀ ਨਾ ਕਦੇ ਸੁਣਾਉਂਦੇ ਨੇ ।
ਉੱਤੋਂ ਸਰਕਾਰਾਂ ਬੱਸ ਵੋਟ ਚਾਹੁੰਦੀਆਂ ।
ਆਪਣੀ ਹੀ ਕੁਰਸੀ ਨੂੰ ਲੋਟ ਚਾਹੁੰਦੀਆਂ ।
ਨੀਤੀ ਨਾਲ ਘਰੇ ਇਹਦੇ ਨਸ਼ੇ ਵਾੜਤੇ ।
ਅਣਖ ਤੇ ਇਖਲਾਕ ਸੂਲੀ ਚ੍ਹਾੜਤੇ ।
ਉੰਝ ਤਾਂ ਇਹ ਅੰਨਦਾਤਾ ਅਖਵਾਉਂਦਾ ਹੈ ।
ਚੂੰਡ-ਚੂੰਡ ਏਹਨੂੰ ਸਾਰਾ ਦੇਸ਼ ਖਾਂਦਾ ਹੈ ।
ਦਿਖਾਵਿਆਂ `ਚ ਝੱਗਾ ਚੌੜ ਕਰਵਾ ਲਿਆ ।
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।

ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)

Wednesday, April 20, 2016

ਉਲਟਾ-ਪੁੱਲਟਾ

ਉਲਟਾ-ਪੁਲਟਾ !
ਜਿਓਂਦਿਆਂ ਤੋਂ ਮਰਿਆਂ ਦੀ ਕਦਰ ਵਧਾਵਣੇ ਲਈ,
ਮੂਰਤਾਂ ਨੂੰ ਪੂਜਦੇ ਤੇ ਬੰਦੇ ਝਟਕਾਈ ਜਾਂਦੇ ।
ਬੰਦਾ ਭਾਵੇਂ ਦੁਨੀਆਂ ਤੋਂ ਭੁੱਖ ਨਾਲ ਤੁਰ ਜਾਵੇ,
ਮਰਨ ਤੋਂ ਬਾਅਦ ਏਥੇ ਪਿੱਤਰ ਰਜਾਈ ਜਾਂਦੇ ।।
ਘਰ ਦੇ ਬਜੁਰਗਾਂ ਨੂੰ ਪਾਣੀ ਭਾਵੇਂ ਪੁੱਛਦੇ ਨਾ,
ਧਰਮ ਸਥਾਨਾਂ ਉੱਤੇ ਲੰਗਰ ਕਰਾਈ ਜਾਂਦੇ ।
ਨਦੀਆਂ ਨੂੰ ਮਾਤਾ, ਕਦੇ ਦੇਵੀਆਂ ਨੂੰ ਮਾਤਾ ਕਹਿੰਦੇ,
ਕਦੇ-ਕਦੇ ਮਾਤਾ ਪੂਰੇ ਦੇਸ਼ ਨੂੰ ਬਣਾਈ ਜਾਂਦੇ ।।
ਗਿਆਨ ਵਾਲੇ ਯੁੱਗ ਵੀ ਬਿਮਾਰੀ ਨੂੰ ਇਹ ਮਾਤਾ ਕਹਿੰਦੇ,
ਚੇਚਕ ਨੂੰ ਮਾਤਾ ਕਹਿਕੇ ਬੱਚੇ ਨੂੰ ਡਰਾਈ ਜਾਂਦੇ ।
ਆਪਣੀ ਮਾਤਾ ਦੇ ਸਾਹਵੇਂ ਸਿਰ ਭਾਵੇਂ ਝੁਕਦਾ ਨਾ,
ਗਊ ਮਾਤਾ ਆਖ ਸਿਰ ਪਸ਼ੂ ਨੂੰ ਨਿਵਾਈ ਜਾਂਦੇ ।।
ਕਿਹੜੀ ਚੀਜ ਪੀਣੀ ਅਤੇ ਕਿਹੜੀ ਚੀਜ ਡੋਲਣੀ ਏ,
ਧਰਮ ਦੇ ਆਗੂ ਪੁੱਠੇ ਪਾਠ ਨੇ ਪੜ੍ਹਾਈ ਜਾਂਦੇ ।
ਪੱਥਰਾਂ ਦੇ ਉੱਤੇ ਸਦਾ ਦੁੱਧ ਨੂੰ ਇਹ ਡੋਲਦੇ ਨੇ,
ਆਖਕੇ ਪਵਿੱਤ ਗਊ ਮੂਤ ਨੇ ਪਿਲਾਈ ਜਾਂਦੇ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Wednesday, April 13, 2016

ਵਿਗਿਆਨਿਕ ਭਾਵਨਾਵਾਂ

ਵਿਗਿਆਨਿਕ-ਭਾਵਨਾਵਾਂ !
ਅੰਧ-ਵਿਸ਼ਵਾਸ ਨੂੰ ਜੋ ਮਾਨਤਾ ਕਾਨੂੰਨੀ ਦੇਵੇ,
ਸਮਝੋ ਉਹ ਜੱਗ ਵਿੱਚ ਭੇਡੂਆਂ ਦਾ ਦੇਸ ਹੈ ।
ਜੋਤਿਸ਼ ਕਿਆਫਿਆਂ ਨੂੰ ਕਹਿੰਦੇ ਵਿਗਿਆਨ ਜਿੱਥੇ,
ਸਮਝੋ ਗਿਆਨ ਵਾਲੀ ਪੱਟੀ ਉੱਥੇ ਮੇਸ ਹੈ ।
ਭੋਗਦੇ ਬੇ-ਸ਼ਰਮ ਹੋ ਕਾਢਾਂ ਵਿਗਿਆਨ ਦੀਆਂ,
ਰਹਿੰਦੇ ਵਿਗਿਆਨ ਦੇ ਵਿਰੁੱਧ ਜੋ ਹਮੇਸ਼ ਹੈ ।
ਪਰਜਾ ਨੂੰ ਲੁੱਟਣੇ ਦਾ ਝੂਠ ਜੇ ਕੋਈ ਨੰਗਾ ਕਰੇ,
ਲੱਗ ਜਾਂਦੀ ਉੱਥੇ ਧਾਰਮਿਕਤਾ ਨੂੰ ਠੇਸ ਹੈ ।
ਸ਼ਰਧਾ ਦੇ ਨਾਮ ਤੇ ਬਣਾਈ ਚੱਲੋ ਉੱਲੂ ਭਾਵੇਂ,
ਸੱਚ ਤੇ ਤਰਕ ਉੱਤੇ ਬਣ ਜਾਂਦਾ ਕੇਸ ਹੈ ।
ਪਰ ਬੰਦੇ ਦੀਆਂ ਵਿਗਿਆਨਿਕ ਜੋ ਭਾਵਨਾਵਾਂ,
ਉਹਨਾਂ ਵਾਲੀ ਠੇਸ ਹੁੰਦੀ ਕਦੇ ਨਾ ਵਿਸ਼ੇਸ਼ ਹੈ ।
ਭਾਵਨਾ ਵਲੂੰਧਰੀ ਏ ਜਦੋਂ ਵਿਗਿਆਨ ਵਾਲੀ,
ਨਿਆਂ ਤੇ ਕਾਨੂੰਨ ਕਾਹਤੋਂ ਵਟ ਜਾਂਦਾ ਘੇਸ ਹੈ ।
ਅੰਧ-ਵਿਸ਼ਵਾਸ ਟੈਕਨੌਲੋਜੀ ਦੇ ਨਾਲ ਫੈਲੇ,
ਅਗਾਂਹ-ਵਧੂ ਦੇਸ਼ਾਂ ਲਈ ਇਹ ਕੇਹਾ ਸੰਦੇਸ਼ ਹੈ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Monday, April 11, 2016

Tuesday, April 5, 2016

ਪੂਜਾ !

ਪੂਜਾ !
ਸੁਣ ਪ੍ਰਸੰਸਾ ਆਪਣੀ ਬੰਦਾ ਜਿਹੜਾ ਚੌੜ `ਚ ਆਉਂਦਾ ।
ਦੂਜੇ ਨੂੰ ਵੀ ਆਪਣੇ ਵਰਗਾ ਸਮਝਕੇ ਫੂਕ ਛਕਾਉਂਦਾ ।
ਖੁਸ਼ ਹੋ ਚਮਚਾਗਿਰੀ ਤੋਂ ਅਗਲਾ ਜੋ ਵੀ ਦੇਣਾ ਚਾਹੁੰਦਾ ।
ਓਸੇ ਨੂੰ ਉਹ ਸੇਵਾਫਲ਼ ਮੰਨ ਝੋਲੀ ਹੈ ਭਰਵਾਉਂਦਾ ।
ਏਸੇ ਨੀਤੀ ਬੱਝਾ ਬੰਦਾ ਰੱਬ ਨੂੰ ਰੋਜ ਧਿਆਉਂਦਾ ।
ਪੂਜਾ ਦਾ ਸੰਕਲਪ ਵੀ ਅੱਜ ਕੱਲ ਇਹੋ ਹੀ ਦਰਸਾਉਂਦਾ ।

ਆਪਣੇ ਜਾਣੇ ਬੰਦਾ ਰੱਬ ਨੂੰ ਲਾਲਚ ਦੇ ਪਰਚਾਉਂਦਾ ।
ਕੁਝ ਪਾਉਣ ਦੀ ਇੱਛਾ ਦੇ ਨਾਲ ਉਸਦੇ ਹੈ ਗੁਣ ਗਾਉਂਦਾ ।
ਲਾਲਚ ਦੇ ਲਈ ਬੰਦਿਆਂ ਵਾਂਗੂ ਉਸਨੂੰ ਦਾਣਾ ਪਾਉਂਦਾ ।
ਵੱਡੀ ਇੱਛਾ ਮਨ ਵਿੱਚ ਰੱਖਕੇ ਛੋਟੀ ਭੇਟ ਚੜਾਉਂਦਾ ।
ਰੱਬ ਜੀ ਦੇ ਗੁਣ ਗਾਕੇ ਲੱਗਦਾ ਉਸਨੂੰ ਉਹ ਵਡਿਆਉਂਦਾ ।
ਏਹੀ ਨੁਕਤਾ ਇਸ ਦੁਨੀਆਂ ਨੂੰ ਰਿਸ਼ਵਤ ਖੋਰ ਬਣਾਉਂਦਾ ।

ਸੋਚੋ, ਜਿਹੜਾ ਰੱਬ ਬੰਦੇ ਨੂੰ ਧਰਤੀ ਤੇ ਪਹੁੰਚਾਉਂਦਾ ।
ਉਸਤੋਂ ਆਪਣੇ ਨਾਮ ਦਾ ਮੁੜ-ਮੁੜ ਗਾਨ ਕਿਓਂ ਕਰਵਾਉਂਦਾ ।
ਧਰਤੀ ਤੇ ਕਿਓਂ ਓਸੇ ਤੋਂ ਫਿਰ ਆਪਣਾ ਆਪ ਛੁਪਾਉਂਦਾ ।
ਆਪਣਾ ਆਪ ਲੁਕਾਕੇ ਕਿਧਰੇ ਉਸ ਤੋਂ ਕਿਓਂ ਲਭਵਾਉਂਦਾ ।
ਆਪੇ ਘੱਲਦਾ, ਆਪੇ ਛੁੱਪਦਾ, ਆਪੇ ਲੱਭਣ ਲਾਉਂਦਾ ।
ਉਸਨੂੰ ਲੱਭਦਾ–ਲੱਭਦਾ ਬੰਦਾ ਓਸੇ ਵਿੱਚ ਸਮਾਉਂਦਾ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)