Monday, May 30, 2016

ਬਾਬਾ ਜਰਨੈਲ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲੇ ਦਿਨ ,,,,ਕੁਝ ਸਮਾਨਤਾਵਾਂ

ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲੇ ਦਿਨ,,,,,ਕੁਝ ਸਮਾਨਤਾਵਾਂ !
੧) ਪੰਥਕ ਸਟੇਜ ਤੇ ਉਭਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਵੈਰਾਗੀ ਸਾਧ ਮਤੀ ਡੇਰੇ ਦੇ ਮੁਖੀ ਵਜੋਂ ਵਿਚਰਦੇ ਸਨ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਭਿੰਡਰਾਂ ਡੇਰੇ/ਜੱਥਾ ਭਿੰਡਰਾਂ/ਟਕਸਾਲ (ਇੱਕ ਸੰਤ-ਸੰਪਰਦਾ) ਦੇ ਮੁਖੀ ਵਜੋਂ ।
੨) ਪੰਥਕ ਘੋਲ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਸ਼ੈਲੀ ਅਤੇ ਜੀਵਨ ਜਾਚ ਆਪਦੇ ਵੈਰਾਗੀ ਡੇਰੇ ਦੀ ਮਰਿਆਦਾ ਅਨੁਸਾਰ ਸੀ ਅਤੇ ਬਾਬਾ ਜਰਨੈਲ ਸਿੰਘ ਦੀ ਅਕਾਲ ਤਖਤ ਤੇ ਆਰੰਭੇ ਸਿੱਖ ਸੰਘਰਸ਼ ਵਿੱਚ ਕੁੱਦਣ ਤੋਂ ਪਹਿਲਾਂ ਆਪ ਦੇ ਡੇਰੇ ਅਨੁਸਾਰ ।

Friday, May 20, 2016

ਇੱਕ ਗ੍ਰੰਥ ਇੱਕ ਪੰਥ

ਇੱਕ ਗ੍ਰੰਥ –ਇੱਕ ਪੰਥ
ਇੱਕੋ ਗੁਰੂ ਗ੍ਰੰਥ ਹੈ ਸਾਡਾ ।
ਉਸ ਅਨੁਸਾਰੀ ਪੰਥ ਹੈ ਸਾਡਾ ।।
ਸਾਡੀ ਰਹਿਤ-ਮਰਿਆਦਾ ਇੱਕ ਹੈ ।
ਗੁਰੂ ਗ੍ਰੰਥ ਦੇ ਸ਼ਬਦਾਂ ਵਿੱਚ ਹੈ ।।
ਗੁਰੂ ਗ੍ਰੰਥ ਤੋਂ ਬਾਹਰ ਨਾ ਜਾਈਏ ।
ਹੋਰ ਗ੍ਰੰਥ ਨਾ ਵਿੱਚ ਰਲਾਈਏ ।।
ਗੁਰੂ ਗ੍ਰੰਥ ਦੇ ਪਾਠ ਪਿਆਰੇ ।
ਸਾਡੇ ਲਈ ਨੇ ਸਿੱਖਿਆ ਸਾਰੇ ।।
ਗੁਰਬਾਣੀ ਦੇ ਸਭ ਉਪਦੇਸ਼ ।
ਜੀਵਨ ਲਈ ਸੱਚਾ ਸੰਦੇਸ਼ ।।
ਗੁਰਬਾਣੀ ਦੇ  ਜੋ ਸਿਧਾਂਤ ।
ਸਾਡੇ ਲਈ ਨੇ ਜੀਵਨ ਜਾਂਚ ।।
ਗੁਰ ਹੀ ਨਿੱਤਨੇਮ ਹੈ ਮੇਰਾ ।
ਗੁਰ ਹੀ ਮੇਰਾ ਪੰਧ ਦਸੇਰਾ ।।
ਗੁਰਬਾਣੀ ਨਾ ਮੰਤਰ ਜਾਣੋ ।
ਹਰ ਸਿੱਖਿਆ ਨੂੰ ਜੀਕੇ ਮਾਣੋ ।।
ਸਮਝ ਸਮਝ ਗੁਰਬਾਣੀ ਗਾਈਏ ।
ਤੋਤੇ ਵਾਂਗ ਨਾ ਰੱਟੇ ਲਾਈਏ ।।
ਜਦ ਸ਼ਬਦਾਂ ਦੇ ਅਰਥ ਵਿਚਾਰੋ ।
ਭਾਵ ਅਰਥ ਵੀ ਨਾਲ ਚਿਤਾਰੋ ।।
ਜੇਕਰ ਅਰਥ ਸਮਝ ਨਾ ਪਾਈਏ ।
ਸੰਗਤ ਨਾਲ ਵਿਚਾਰ ਚਲਾਈਏ ।।
ਜਿੰਨੀ ਸਮਝ `ਚ ਆਈ ਜਾਵੇ ।
ਜੀਵਨ ਵਿੱਚ ਅਪਣਾਈ ਜਾਵੇ ।।
ਸੁਣਦੇ ਜਾਈਏ ਪੜਦੇ ਜਾਈਏ ।
ਪੜ੍ਹ ਸੁਣ ਧਾਰਨ ਕਰਦੇ ਜਾਈਏ ।।
ਗੁਰੂ ਗ੍ਰੰਥ ਵਿੱਚ ਨਾਨਕ ਹੱਸਦਾ ।
ਸ਼ਬਦਾਂ ਅੰਦਰ ਓਹ ਹੀ ਵਸਦਾ ।।
ਗੁਰੂ ਗ੍ਰੰਥ ਤਾਂ ਗੁਰੂ ਹੈ ਪੂਰਾ ।
ਕਦੇ ਨਾ ਸਮਝੋ ਕਿਤੋਂ ਅਧੂਰਾ ।।
ਪੂਰੇ ਗੁਰ ਕੀ ਪੂਰੀ ਦੀਖਿਆ ।
ਦੋਖੀ ਕਹਿਣ ਅਧੂਰੀ ਦੀਖਿਆ ।।
ਗੁਰੂ ਗ੍ਰੰਥ ਵਿੱਚ ਏਕਾ ਬਾਣੀ ।
ਆਪੇ ਗੁਰੂ ਸਥਾਪਿਤ ਜਾਣੀ ।।
ਬਾਣੀ ਧੁਰ ਤੋਂ ਗੱਦੀ ਪਾਈ ।
ਬਣਕੇ ਸਭਦਾ ਗੁਰੂ ਸਥਾਈ ।।
ਗੁਰੂ ਗ੍ਰੰਥ ਸਮਰੱਥ ਗੁਰੂ ਹੈ ।
ਗੁਰ ਸ਼ਬਦਾਂ ਦੀ ਮੱਤ ਗੁਰੂ ਹੈ ।।
ਗੁਰੂ ਗ੍ਰੰਥ ਵਿੱਚ ਬਾਣੀ ਗੁਰ ਹੈ ।
ਇਸ ਬਾਣੀ ਦਾ ਸੋਮਾ ਧੁਰ ਹੈ ।।
ਧੁਰ ਤੋਂ ਗਿਆਨ ਗੁਰੂ ਹੈ ਬਣਿਆ ।
ਬ੍ਰਹਿਮੰਡੀ ਨਿਯਮਾਂ ਦਾ ਜਣਿਆ ।।
ਜੋਤ ਗੁਰੂ ਦੀ ਗਿਆਨ ਗੁਰੂ ਦਾ ।
ਇੱਕੋ ਗਿਆਨ ਪੈਗਾਮ ਗੁਰੂ ਦਾ ।।
ਸੱਚਾ ਗਿਆਨ ਗੁਰਬਾਣੀ ਸਾਡੀ ।
ਇੱਕ ਹੀ ਜੋਤ ਕਹਾਣੀ ਸਾਡੀ ।।


ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

Monday, May 16, 2016

Saturday, May 14, 2016

ਨਿੱਤਨੇਮ !

ਨਿੱਤਨੇਮ !
ਰੱਬ, ਨਾਮ, ਹੁਕਮ ਤੇ ਧਰਮ ਵਾਲੇ ਅਰਥਾਂ ਦਾ,
ਇੱਕ ਹੀ ਇਸ਼ਾਰਾ ਸਾਂਝੇ ਨਿਯਮ ਦੇ ਵੱਲ ਨੂੰ ।
ਜਿੰਦਗੀ ਸੁਧਾਰਨੇ ਲਈ ਧਾਰੇ ਅਨੁਸ਼ਾਸ਼ਨ ਨੂੰ,
ਆਖ ਨਿੱਤਨੇਮ ਬੰਦਾ ਸਮਝਦਾ ਏ ਹੱਲ ਨੂੰ ।
ਬਿਵਹਾਰੀ ਹੋਣ ਨਾਲੋਂ ਬਣੇ ਜੋ ਕਰਮ-ਕਾਂਢ,
ਸਿੱਖ ਨਹੀਂ ਸਮਝ ਰਿਹਾ ਇਹੋ ਜਿਹੇ ਛਲ ਨੂੰ ।
ਗਿਣ-ਮਿਣ ਪਾਠ ਕਰ ਬੰਦਾ ਇੰਝ ਸੋਚਦਾ ਏ,
ਅੱਜ ਦਾ ਤਾਂ ਹੋ ਗਿਆ ਏ ਬਾਕੀ ਫੇਰ ਕੱਲ ਨੂੰ ।
ਵੱਡੇ ਨੇਮੀ ਹੋਣ ਦਾ ਢਿੰਢੋਰਾ ਜਿਹੜੇ ਪਿੱਟਦੇ ਨੇ,
ਗੁਰੂ ਸਵੀਕਾਰਦਾ ਨਾ ਹਉਮੇ ਵਾਲੇ ਝੱਲ ਨੂੰ ।
ਹਰ ਬੰਦੇ ਵਾਲਾ ਨਿੱਤਨੇਮ ਨਿੱਜੀ ਹੋਂਵਦਾ ਏ,
ਜਨਤਕ ਕਰ ਨਾ ਬਜਾਓ ਸਾਹਵੇਂ ਟੱਲ ਨੂੰ ।
ਗਿਣਤੀ ਦੇ ਨਾਲੋਂ ਭਾਵੇਂ ਥੋੜਾ-ਥੋੜਾ ਜਾਣੀ ਜਾਵੋ,
ਜਿੱਨਾਂ ਜਾਣੀ ਜਾਵੋ, ਅਪਣਾਈ ਜਾਵੋ ਗੱਲ ਨੂੰ ।
ਅਰਥ ਵਿਚਾਰ ਬਾਣੀ ਧਾਰਨੇ ਦਾ ਨੇਮ ਰੱਖੋ,
ਜੱਗ ਦੇਖੂ ਆਪੇ ਕੌਮੀ ਸੂਝ ਵਾਲੇ ਫ਼ਲ ਨੂੰ ।।

ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

Friday, May 6, 2016

ਕਬਿੱਤ !!
ਬੱਚਿਆਂ ਨੂੰ ਘੂਰ-ਘੂਰ, ਘੂਰ-ਘੂਰ ਰੱਖਣੇ ਤੋਂ,
ਚੰਗਾ ਹੁੰਦਾ ਪਿਆਰ ਨਾਲ ਦੋਸਤ ਬਣਾਵਣਾ ।
ਰੱਜਿਆਂ ਨੂੰ ਛਕੋ-ਛਕੋ, ਛਕੋ-ਛਕੋ ਕਹਿਣ ਨਾਲੋਂ,
ਚੰਗਾ ਹੁੰਦਾ ਭੁੱਖਿਆਂ ਦੇ ਢਿੱਡ ਕੁਝ ਪਾਵਣਾ ।
ਭੇਖ ਨਾਲ ਵੱਖ-ਵੱਖ, ਵੱਖ-ਵੱਖ ਦਿਖਣੇ ਤੋਂ,
ਚੰਗਾ ਹੁੰਦਾ ਵੱਖ ਕੰਮ ਕਰ ਕੋਈ ਦਿਖਾਵਣਾ ।
ਤੀਰਥਾਂ ਤੇ ਭਾਉਂਦੇ-ਭਾਉਂਦੇ, ਭਾਉਂਦੇ-ਭਾਉਂਦੇ ਰਹਿਣ ਨਾਲੋਂ,
ਚੰਗਾ ਹੁੰਦਾ ਮਾਪਿਆਂ `ਨਾ ਸਮੇਂ ਨੂੰ ਬਿਤਾਵਣਾ ।
ਗੋਲਕਾਂ ਚ ਪੈਸਾ-ਪੈਸਾ, ਪੈਸਾ-ਪੈਸਾ ਪਾਉਣ ਨਾਲੋਂ,
ਚੰਗਾ ਹੁੰਦਾ ਪੈਸਾ ਲੋੜਵੰਦਾਂ ਤੇ ਲਗਾਵਣਾ ।
ਬਾਹਰੋਂ-ਬਾਹਰੋਂ, ਬਾਹਰੋਂ-ਬਾਹਰੋਂ ਧਰਮੀ ਦਿਖਾਵੇ ਨਾਲੋਂ,
ਚੰਗਾ ਵਿਵਹਾਰ ਵਿੱਚ ਧਰਮ ਅਪਣਾਵਣਾ ।
ਸੱਚ ਬੋਲੋ, ਸੱਚ ਬੋਲੋ, ਸੱਚ ਬੋਲੋ, ਕਹਿਣ ਨਾਲੋਂ,
ਚੰਗਾ ਹੁੰਦਾ ਅਮਲਾਂ `ਚ ਸੱਚ ਨੂੰ ਲਿਆਵਣਾ ।
ਰੱਬ-ਰੱਬ, ਰੱਬ-ਰੱਬ, ਰੱਬ-ਰੱਬ, ਰਟਣੇ ਤੋਂ,
ਚੰਗਾ ਹੁੰਦਾ ਸਭਨਾ `ਚ ਰੱਬ ਦਿਖ ਜਾਵਣਾ ।।

ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ