ਇੱਕ ਗ੍ਰੰਥ –ਇੱਕ ਪੰਥ
ਇੱਕੋ ਗੁਰੂ ਗ੍ਰੰਥ ਹੈ ਸਾਡਾ ।
ਉਸ ਅਨੁਸਾਰੀ ਪੰਥ ਹੈ ਸਾਡਾ ।।
ਸਾਡੀ ਰਹਿਤ-ਮਰਿਆਦਾ ਇੱਕ ਹੈ ।
ਗੁਰੂ ਗ੍ਰੰਥ ਦੇ ਸ਼ਬਦਾਂ ਵਿੱਚ ਹੈ ।।
ਗੁਰੂ ਗ੍ਰੰਥ ਤੋਂ ਬਾਹਰ ਨਾ ਜਾਈਏ ।
ਹੋਰ ਗ੍ਰੰਥ ਨਾ ਵਿੱਚ ਰਲਾਈਏ ।।
ਗੁਰੂ ਗ੍ਰੰਥ ਦੇ ਪਾਠ ਪਿਆਰੇ ।
ਸਾਡੇ ਲਈ ਨੇ ਸਿੱਖਿਆ ਸਾਰੇ ।।
ਗੁਰਬਾਣੀ ਦੇ ਸਭ ਉਪਦੇਸ਼ ।
ਜੀਵਨ ਲਈ ਸੱਚਾ ਸੰਦੇਸ਼ ।।
ਗੁਰਬਾਣੀ ਦੇ
ਜੋ ਸਿਧਾਂਤ ।
ਸਾਡੇ ਲਈ ਨੇ ਜੀਵਨ ਜਾਂਚ ।।
ਗੁਰ ਹੀ ਨਿੱਤਨੇਮ ਹੈ ਮੇਰਾ ।
ਗੁਰ ਹੀ ਮੇਰਾ ਪੰਧ ਦਸੇਰਾ ।।
ਗੁਰਬਾਣੀ ਨਾ ਮੰਤਰ ਜਾਣੋ ।
ਹਰ ਸਿੱਖਿਆ ਨੂੰ ਜੀਕੇ ਮਾਣੋ ।।
ਸਮਝ ਸਮਝ ਗੁਰਬਾਣੀ ਗਾਈਏ ।
ਤੋਤੇ ਵਾਂਗ ਨਾ ਰੱਟੇ ਲਾਈਏ ।।
ਜਦ ਸ਼ਬਦਾਂ ਦੇ ਅਰਥ ਵਿਚਾਰੋ ।
ਭਾਵ ਅਰਥ ਵੀ ਨਾਲ ਚਿਤਾਰੋ ।।
ਜੇਕਰ ਅਰਥ ਸਮਝ ਨਾ ਪਾਈਏ ।
ਸੰਗਤ ਨਾਲ ਵਿਚਾਰ ਚਲਾਈਏ ।।
ਜਿੰਨੀ ਸਮਝ `ਚ ਆਈ ਜਾਵੇ ।
ਜੀਵਨ ਵਿੱਚ ਅਪਣਾਈ ਜਾਵੇ ।।
ਸੁਣਦੇ ਜਾਈਏ ਪੜਦੇ ਜਾਈਏ ।
ਪੜ੍ਹ ਸੁਣ ਧਾਰਨ ਕਰਦੇ ਜਾਈਏ ।।
ਗੁਰੂ ਗ੍ਰੰਥ ਵਿੱਚ ਨਾਨਕ ਹੱਸਦਾ ।
ਸ਼ਬਦਾਂ ਅੰਦਰ ਓਹ ਹੀ ਵਸਦਾ ।।
ਗੁਰੂ ਗ੍ਰੰਥ ਤਾਂ ਗੁਰੂ ਹੈ ਪੂਰਾ ।
ਕਦੇ ਨਾ ਸਮਝੋ ਕਿਤੋਂ ਅਧੂਰਾ ।।
ਪੂਰੇ ਗੁਰ ਕੀ ਪੂਰੀ ਦੀਖਿਆ ।
ਦੋਖੀ ਕਹਿਣ ਅਧੂਰੀ ਦੀਖਿਆ ।।
ਗੁਰੂ ਗ੍ਰੰਥ ਵਿੱਚ ਏਕਾ ਬਾਣੀ ।
ਆਪੇ ਗੁਰੂ ਸਥਾਪਿਤ ਜਾਣੀ ।।
ਬਾਣੀ ਧੁਰ ਤੋਂ ਗੱਦੀ ਪਾਈ ।
ਬਣਕੇ ਸਭਦਾ ਗੁਰੂ ਸਥਾਈ ।।
ਗੁਰੂ ਗ੍ਰੰਥ ਸਮਰੱਥ ਗੁਰੂ ਹੈ ।
ਗੁਰ ਸ਼ਬਦਾਂ ਦੀ ਮੱਤ ਗੁਰੂ ਹੈ ।।
ਗੁਰੂ ਗ੍ਰੰਥ ਵਿੱਚ ਬਾਣੀ ਗੁਰ ਹੈ ।
ਇਸ ਬਾਣੀ ਦਾ ਸੋਮਾ ਧੁਰ ਹੈ ।।
ਧੁਰ ਤੋਂ ਗਿਆਨ ਗੁਰੂ ਹੈ ਬਣਿਆ ।
ਬ੍ਰਹਿਮੰਡੀ ਨਿਯਮਾਂ ਦਾ ਜਣਿਆ ।।
ਜੋਤ ਗੁਰੂ ਦੀ ਗਿਆਨ ਗੁਰੂ ਦਾ ।
ਇੱਕੋ ਗਿਆਨ ਪੈਗਾਮ ਗੁਰੂ ਦਾ ।।
ਸੱਚਾ ਗਿਆਨ ਗੁਰਬਾਣੀ ਸਾਡੀ ।
ਇੱਕ ਹੀ ਜੋਤ ਕਹਾਣੀ ਸਾਡੀ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ