Monday, May 30, 2016

ਬਾਬਾ ਜਰਨੈਲ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲੇ ਦਿਨ ,,,,ਕੁਝ ਸਮਾਨਤਾਵਾਂ

ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲੇ ਦਿਨ,,,,,ਕੁਝ ਸਮਾਨਤਾਵਾਂ !
੧) ਪੰਥਕ ਸਟੇਜ ਤੇ ਉਭਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਵੈਰਾਗੀ ਸਾਧ ਮਤੀ ਡੇਰੇ ਦੇ ਮੁਖੀ ਵਜੋਂ ਵਿਚਰਦੇ ਸਨ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਭਿੰਡਰਾਂ ਡੇਰੇ/ਜੱਥਾ ਭਿੰਡਰਾਂ/ਟਕਸਾਲ (ਇੱਕ ਸੰਤ-ਸੰਪਰਦਾ) ਦੇ ਮੁਖੀ ਵਜੋਂ ।
੨) ਪੰਥਕ ਘੋਲ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਸ਼ੈਲੀ ਅਤੇ ਜੀਵਨ ਜਾਚ ਆਪਦੇ ਵੈਰਾਗੀ ਡੇਰੇ ਦੀ ਮਰਿਆਦਾ ਅਨੁਸਾਰ ਸੀ ਅਤੇ ਬਾਬਾ ਜਰਨੈਲ ਸਿੰਘ ਦੀ ਅਕਾਲ ਤਖਤ ਤੇ ਆਰੰਭੇ ਸਿੱਖ ਸੰਘਰਸ਼ ਵਿੱਚ ਕੁੱਦਣ ਤੋਂ ਪਹਿਲਾਂ ਆਪ ਦੇ ਡੇਰੇ ਅਨੁਸਾਰ ।

੩) ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਵਿੱਚ ਵਿਚਰਦਿਆਂ ਕੋਈ ਆਪਣੀ ਸਾਧਮਤੀ ਪੁਰਾਣੀ ਵੈਰਾਗੀ ਸੋਚ ਕਦੇ ਖਾਲਸਾ ਪੰਥ ਸਿਰ ਨਹੀਂ ਮੜੀ । ਸਾਂਝੇ ਪੰਥਕ ਘੋਲ ਵਿੱਚ ਪਹੁੰਚਣ ਉਪਰੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਪੰਥ ਪ੍ਰਤੀ ਸਮਰਪਿਤ ਰਹੇ ਉਹਨਾ ਨੇ ਵੀ ਕਦੇ ਆਪਣੇ ਡੇਰੇ ਦੀ ਡੇਰੇਦਾਰੀ ਮਰਿਆਦਾ ਪੰਥ ਸਿਰ ਥੋਪਣ ਦੀ ਲੋੜ ਨਹੀਂ ਸਮਝੀ ਸਗੋਂ ਖਾਲਸਾ ਪੰਥ ਦੀ ਸਾਂਝੀ ਚੱਲ ਰਹੀ ਮਰਿਆਦਾ ਅਨੁਸਾਰ ਵਿਚਰਦੇ ਰਹੇ । ਉਦਾਹਰਣ ਦੇ ਤੌਰ ਤੇ ਉਹਨਾ ਨੇ ਅਕਾਲ ਤਖਤ ਤੇ ਕਾਬਿਜ ਹੋਣ ਤੋਂ ਬਾਅਦ ਵੀ ਨਾ ਕਦੇ ਉਥੇ ਬਚਿਤਰ ਨਾਟਕ ਦੀ ਡੇਰੇ ਅਨੁਸਾਰੀ ਕਥਾ ਕੀਤੀ ਅਤੇ ਨਾ ਹੀ ਅਕਾਲ ਤਖਤ ਤੇ ਭੋਗ ਸਮੇ ਕਦੇ ਰਾਗ ਮਾਲਾ ਪੜੀ(ਜੋ ਅਕਾਲ ਤਖਤ ਤੇ ਨਹੀਂ ਪੜੀ ਜਾਂਦੀ)  ਹਾਲਾਂ ਕਿ ਪਰਚਲਤ ਕਹਾਣੀ ਅਨੁਸਾਰ ਕਿਸੇ ਹੋਰ ਦੇ ਅਜਿਹਾ ਕਰਨ ਤੇ ਉਸਨੂੰ ਸਖਤੀ ਨਾਲ ਵਰਜਿਆ ।
੪) ਬਾਬਾ ਬੰਦਾ ਸਿੰਘ ਬਹਾਦਰ ਨੇ ਆਖਰੀ ਸਮੇ ਸਮੂਹ ਖਾਲਸਾ ਫੋਜ ਦੇ ਜਰਨੈਲ ਬਣਕੇ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੂਹ ਸਿੱਖ ਕੌਮ ਦੇ ਜੱਥੇਦਾਰ ਵਜੋਂ ਜੂਝਦਿਆਂ।
੫) ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵਾਰੇ ਕਈ ਵੱਖ ਵੱਖ ਕਹਾਣੀਆਂ ਪਰਚਲਤ ਹੋਈਆਂ । ਬਾਬਾ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਸ਼ਹੀਦੀ ਵਾਰੇ ਵੀ ਅਫਗਾਹਾਂ ਫੈਲਾਈਆਂ ਗਈਆਂ ਕਿ ਉਹ ਸ਼ਹੀਦ ਹੋ ਗਏ ਹਨ ਜਾਂ ਘੇਰਾ ਤੋੜਕੇ ਨਿਕਲ ਗਏ ਹਨ।
 ੬) ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਨੀਤੀ ਤਹਿਤ ਤੱਤ ਖਾਲਸਾ ਵਿਰੋਧੀ ਗਰਦਾਨਿਆਂ ਗਿਆ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਸ਼ਹੀਦੀ ਤੋਂ ਬਾਅਦ ਨੀਤੀ ਤਹਿਤ ਖਾਲਸਾ ਪੰਥ ਵਿਰੋਧੀ ਆਖਿਆ ਗਿਆ ।
੭) ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਤੋਂ ਬਾਅਦ ਉਸਦੇ ਪੁਰਾਣੇ ਚੇਲਿਆਂ ਵੱਲੋਂ ਮੁੜ ਵੈਰਾਗੀ ਮੰਡਲ ਦਾ ਆਗੂ ਮੰਨਿਆ  ਗਿਆ । ਬਾਬਾ ਜਰਨੈਲ ਸਿੰਘ ਭਿੰਡਰਾਂਵਲਿਆਂ ਨੂੰ ਸ਼ਹੀਦੀ ਤੋਂ ਬਾਅਦ ਉਸਦੇ ਨਜਦੀਕੀਆਂ ਵੱਲੋਂ ਖਾਲਸਾ ਪੰਥ ਦੇ ਸ਼ਹੀਦ ਦੀ ਜਗਹ ਮੁੜ ਡੇਰੇ ਦੇ ਪ੍ਰਤੀਨਿਧ ਵਜੋਂ ਹੀ ਸਥਾਪਤ ਕੀਤਾ ਗਿਆ ।
 ੮) ਬਾਬਾ ਬੰਦਾ ਸਿੰਘ ਬਹਾਦਰ ਦੇ ਪੁਰਾਣੇ ਅਨੁਯਾਈ  ਵੈਰਾਗੀ ਮੰਡਲ ਦੀ ਮਰਿਆਦਾ ਅਨੁਸਾਰ ਵਿਚਰਦੇ ਹਨ ਅਤੇ ਉਹਨਾ ਦਾ ਵੈਰਾਗੀ  ਮੰਡਲ ਜਿਓਂ ਦਾ ਤਿਓਂ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਤੋਂ ਬਾਅਦ ਭਿੰਡਰਾਂ ਜੱਥੇ ਵਾਲੇ ਵੀ ਆਪਣੀ ਡੇਰੇ ਵਾਲੀ ਮਰਿਆਦਾ ਦੇ ਅਨੁਆਈ ਹਨ ਅਤੇ ਉਹਨਾ ਦਾ ਡੇਰਾ ਵੀ ਜਿਓਂ ਦਾ ਤਿਓਂ ਹੈ ।
੯)ਬਾਬਾ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਕਿਸੇ ਡੇਰੇਦਾਰ ਪਿਛੋਕੜ ਕਰਕੇ ਨਹੀਂ ਸਗੋਂ ਖਾਲਸਾ ਪੰਥ ਦੇ ਜਰਨੈਲ ਹੋਣ ਕਾਰਣ ਹੈ ,ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਤਿਕਾਰ ਵੀ ਉਹਨਾ ਦੇ ਡੇਰੇ ਦੇ ਪਿਛੋਕੜ ਕਾਰਣ ਨਹੀਂ ਸਗੋਂ ਸਿੱਖ ਕੌਮ ਦੇ ਜੱਥੇਦਾਰ ਵਜੋਂ ਆਖਰੀ ਦਮ ਤੱਕ ਜੂਝਣ ਕਾਰਣ ਹੈ ।
੧੦) ਬੈਰਾਗੀਆਂ ਵਲੋਂ ਆਪਣੀਆਂ ਪਰੰਪਰਾਵਾਂ ਨੂੰ ਜਿੰਦਾ ਰੱਖਣ ਲਈ ਅਜੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਪੰਥ ਦੇ ਜਰਨੈਲ ਹੋਣ ਦੀ ਜਗਹ  ਬੈਰਾਗੀ ਆਖ ਉਸਦੇ ਦਿਨ ਮਨਾਏ ਜਾਂਦੇ ਹਨ ,ਭਿੰਡਰਾਂ ਜੱਥੇ ਵੱਲੋਂ ਵੀ ਅਜਿਹੇ ਹੀ ਕਾਰਨਾ ਕਾਰਣ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਮੂਹ ਪੰਥ ਦੇ ਸਾਂਝੇ ਜੱਥੇਦਾਰ ਨਾਲੋਂ ਆਪਣੀ ਸੰਪਰਦਾ ਨਾਲ ਹੀ ਜੋੜਨਾ ਵਧੇਰੇ ਠੀਕ ਮੰਨਿਆ ਜਾਂਦਾ ਹੈ।

 ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)