Saturday, May 14, 2016

ਨਿੱਤਨੇਮ !

ਨਿੱਤਨੇਮ !
ਰੱਬ, ਨਾਮ, ਹੁਕਮ ਤੇ ਧਰਮ ਵਾਲੇ ਅਰਥਾਂ ਦਾ,
ਇੱਕ ਹੀ ਇਸ਼ਾਰਾ ਸਾਂਝੇ ਨਿਯਮ ਦੇ ਵੱਲ ਨੂੰ ।
ਜਿੰਦਗੀ ਸੁਧਾਰਨੇ ਲਈ ਧਾਰੇ ਅਨੁਸ਼ਾਸ਼ਨ ਨੂੰ,
ਆਖ ਨਿੱਤਨੇਮ ਬੰਦਾ ਸਮਝਦਾ ਏ ਹੱਲ ਨੂੰ ।
ਬਿਵਹਾਰੀ ਹੋਣ ਨਾਲੋਂ ਬਣੇ ਜੋ ਕਰਮ-ਕਾਂਢ,
ਸਿੱਖ ਨਹੀਂ ਸਮਝ ਰਿਹਾ ਇਹੋ ਜਿਹੇ ਛਲ ਨੂੰ ।
ਗਿਣ-ਮਿਣ ਪਾਠ ਕਰ ਬੰਦਾ ਇੰਝ ਸੋਚਦਾ ਏ,
ਅੱਜ ਦਾ ਤਾਂ ਹੋ ਗਿਆ ਏ ਬਾਕੀ ਫੇਰ ਕੱਲ ਨੂੰ ।
ਵੱਡੇ ਨੇਮੀ ਹੋਣ ਦਾ ਢਿੰਢੋਰਾ ਜਿਹੜੇ ਪਿੱਟਦੇ ਨੇ,
ਗੁਰੂ ਸਵੀਕਾਰਦਾ ਨਾ ਹਉਮੇ ਵਾਲੇ ਝੱਲ ਨੂੰ ।
ਹਰ ਬੰਦੇ ਵਾਲਾ ਨਿੱਤਨੇਮ ਨਿੱਜੀ ਹੋਂਵਦਾ ਏ,
ਜਨਤਕ ਕਰ ਨਾ ਬਜਾਓ ਸਾਹਵੇਂ ਟੱਲ ਨੂੰ ।
ਗਿਣਤੀ ਦੇ ਨਾਲੋਂ ਭਾਵੇਂ ਥੋੜਾ-ਥੋੜਾ ਜਾਣੀ ਜਾਵੋ,
ਜਿੱਨਾਂ ਜਾਣੀ ਜਾਵੋ, ਅਪਣਾਈ ਜਾਵੋ ਗੱਲ ਨੂੰ ।
ਅਰਥ ਵਿਚਾਰ ਬਾਣੀ ਧਾਰਨੇ ਦਾ ਨੇਮ ਰੱਖੋ,
ਜੱਗ ਦੇਖੂ ਆਪੇ ਕੌਮੀ ਸੂਝ ਵਾਲੇ ਫ਼ਲ ਨੂੰ ।।

ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ