Tuesday, May 17, 2011

“ਸੰਤਾਂ ਦੇ ਕੌਤਕ” ਫੇਸਬੁੱਕ ਗਰੁੱਪ ਦੇ ਨਾਂ


“ਸੰਤਾਂ ਦੇ ਕੌਤਕ” ਫੇਸਬੁੱਕ ਗਰੁੱਪ ਦੇ ਨਾਂ

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।

ਖਿੱਲੀ ਉੱਡਦੀ ਏ , ਇੰਟਰ ਨੈੱਟ ਸਹਾਰੇ ।।



ਰੋਜੀ-ਰੋਟੀ , ਦੇ ਉਲਝਾਏ ।

ਠੱਗਾਂ ਲੱਖਾਂ , ਭੇਖ ਬਣਾਏ ।

ਗਿੱਟਿਆਂ ਤਿੱਕਰ , ਚੋਲੇ ਪਾਕੇ ;

ਸਿੱਧੇ-ਸਾਦੇ , ਲੋਕ ਫਸਾਏ ।

ਆਖਿਰ ਇੱਕ ਦਿਨ ,ਅੱਕ ਕੇ ਹਰ ਕੋਈ ,

ਵਧਕੇ ਛਿੱਤਰ ਮਾਰੇ ।

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਸਾਂਝੇ ਰੱਬ ਤੋਂ , ਮੋੜ-ਮੋੜ ਕੇ ।

ਡੇਰਿਆਂ ਦੇ ਨਾਲ , ਜੋੜ-ਜੋੜ ਕੇ ।

ਸਾਧ ਵਿਚੋਲੇ , ਬਣ ਕੇ ਬਹਿ ਗਏ ;

ਗੁਰਬਾਣੀ ਤੋਂ , ਤੋੜ-ਤੋੜ ਕੇ ।

ਸਾਡਾ ਬਾਬਾ , ਰੱਬ ਦਾ ਪੀ-ਏ ,

ਚੇਲੇ ਕਹਿਣ ਵਿਚਾਰੇ ।

 ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਧਨ-ਜੋਬਨ ਦੇ , ਇਹ ਸ਼ਿਕਾਰੀ ।

ਸ਼ੋਹਰਤ ਇਹਨਾ ਦੀ , ਮੱਤ ਮਾਰੀ ।

ਮਾਇਆ ਨਾਗਣ , ਦੱਸਕੇ ਸੱਭ ਨੂੰ ;

ਆਪਣੇ ਭਰਦੇ , ਮਹਿਲ-ਅਟਾਰੀ ।।

ਐਸ਼ੋ-ਇਸ਼ਰਤ , ਵਾਲਾ ਜੀਵਨ ,

ਬੈਠੇ ਲੈਣ ਨਜਾਰੇ ।

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਫੇਸ-ਬੁੱਕ ਦਾ , ਸਮਾਂ ਸੀ ਆਇਆ ।

ਮੁੰਡਿਆਂ ਇੱਕ , ਗਰੁੱਪ ਬਣਾਇਆ ।

“ਸੰਤਾਂ ਦੇ ਕੌਤਕ” , ਨਾਂ ਰੱਖਕੇ ;

ਪੋਲ ਖੋਲਣੀ , ਮਨ ਵਿੱਚ ਧਾਇਆ ।।

ਜੋ-ਜੋ ਸਾਂਧਾਂ , ਲੁਕ-ਲੁਕ ਕੀਤੇ ,

ਨੰਗੇ ਕਰਤੇ ਕਾਰੇ ।

 ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਕੋਈ ਸਾਧ , ਟੱਟੂ  ਤੇ ਚੜਿਆ ।

ਕੋਈ ਸਾਧ , ਹੈ ਪੁੱਠਾ ਖੜਿਆ ।

ਮਿਹਨਤ-ਕਸ਼ , ਖੁਦਕੁਸ਼ੀਆਂ ਕਰਦੇ ;

ਉਹਨਾਂ ਖਾਤਿਰ , ਕੋਈ ਨਾ ਲੜਿਆ ।।

ਮਨਮਤਿ ਖਾਤਿਰ , ਭੋਰੇ ਪੱਟੇ ,

ਸੱਚ ਖੰਡ ਪਰਚਾਰੇ ।

ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।



ਸਾਧਾਂ ਦਾ ਡਰ , ਰਿਹਾ ਨਾ ਕਾਈ ।

ਲੋਕਾਂ ਸਭ ਦੀ , ਰੇਲ ਬਣਾਈ ।

ਸਾਧ-ਸੰਤ ਦੀ , ਕੀ ਪਰਿਭਾਸ਼ਾ ?

ਗੁਰਮਤਿ ਦੀ , ਕਸਵੱਟੀ ਲਾਈ ।।

ਕਿਰਤੀ ਲੋਕੀਂ ,ਜਾਗਣ ਲੱਗ ਪਏ ,

ਠੱਗ ਗਏ ਦੁਰਕਾਰੇ ।

 ਕੌਤਕ ਸੰਤਾਂ ਦੇ , ਦੇਖਣ ਲੋਕੀਂ ਸਾਰੇ ।।

ਖਿੱਲੀ ਉਡਦੀ ਏ , ਇੰਟਰ ਨੈਟ ਸਹਾਰੇ ।।