Friday, March 16, 2012

ਸਿੰਘ ਸਭਾ ਇੰਟਰਨੈਸ਼ਨਲ ਅਤੇ ਕਾਲਾ ਅਫਗਾਨਾਂ...ਇੱਕ ਸਰਵੇਖਣ


ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਕਾਲਾ ਅਫਗਾਨਾਂ ਇੱਕ ਸਰਵੇਖਣ
(ਸਿਘ ਸਭਾ ਇੰਟਰਨੈਸ਼ਨਲ ਦੇ ਆਗਾਜ਼ ਸਮੇ ਲਿਖੀ ਗਈ ਇੱਕ ਰਿਪੋਰਟ)

ਸਿੰਘਾਂ ਦੇ ਜੰਗਲਾਂ ਵਿੱਚ ਰਹਿਣ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਸੰਤਾਂ, ਮਹੰਤਾਂ, ਉਦਾਸੀਆਂ ਤੇ ਨਿਰਮਲਿਆਂ ਦੇ ਹੱਥ ਕੁਝ ਸਮਾਂ ਤਾਂ ਠੀਕ ਰਿਹਾ ਪਰ ਹੁੰਦੀ ਪੂਜਾ ਪ੍ਰਤਿਸ਼ਟਾ ਦੇ ਕਾਰਨ ਰੋਜ਼ੀ ਦੇ ਸਾਧਨ ਬਣ ਕੇ ਇਹੋ ਅਸਥਾਂਨ ਦੁਰਾਚਾਰ ਦਾ ਅੱਡਾ ਬਣ ਗਏ। ਧਰਮ ਦੇ ਅਖਾਉਤੀ ਠੇਕੇਦਾਰਾਂ ਦੁਆਰਾ ਇਸ ਰੋਜ਼ੀ ਦੇ ਬਣੇ ਨਵੇਂ ਸਾਧਨਾਂ ਤੇ ਲੰਬੀ ਪਕੜ ਲਈ ਸ਼ਰਧਾਲੂਆਂ ਵਿੱਚ ਅਗਿਆਨਤਾ ਦਾ ਪ੍ਰਚਾਰ ਜਰੂਰੀ ਸਮਝਦੇ ਹੋਏ ਨਵੇਂ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਦਾ ਪਸਾਰਾ ਜੋਰ-ਸ਼ੋਰ ਨਾਲ ਕੀਤਾ ਗਿਆ। ਸਿਟੇ ਵਜੋਂ ਗੁਰਦੁਆਰਿਆਂ, ਜਿਥੇ ਕਿ ਗੁਰਮਤਿ ਗਿਆਨ ਦੀ ਗੂੰਜ ਪੈਣੀ ਸੀ ਉਨ੍ਹਾਂ ਵਿੱਚ ਲੋਕਾਂ ਨੂੰ ਸਥਾਈ ਤੌਰ ਤੇ ਗੁਰਮਤਿ ਤੋਂ ਅਗਿਆਨੀ ਰੱਖਣ ਦੀਆਂ ਸਕੀਮਾਂ ਬਣਨ ਲੱਗੀਆਂ ਪ੍ਰੰਤੂ ਸੂਝਵਾਂਨ ਤੇ ਦੂਰਦ੍ਰਿਸ਼ਟ ਲੋਕਾਂ ਨੇ ਗੁਰਦੁਵਾਰਾ ਸੁਧਾਰ ਲਹਿਰ ਅਤੇ ਸਿੰਘ ਸਭਾ ਲਹਿਰ ਆਦਿ ਦੀ ਓਟ ਨਾਲ ਅਗਿਅਨਤਾ ਦੇ ਅੰਧੇਰੇ ਨੂੰ ਦੂਰ ਕਰਨ ਦਾ ਹੀਆ ਕਰ ਲਿਆ। ਸ਼ਰਧਾਲੂਆਂ ਨੂੰ ਅਗਿਆਨੀ ਰੱਖਣ ਦੇ ਚਾਹਵਾਨ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਸਿੰਘ ਸਭਾ ਦੇ ਮੋਢੀਆਂ ਨੂੰ ਹੀ ਪੰਥ ਵਿਚੋਂ ਛੇਕ ਦਿੱਤਾ, ਭਾਵੇਂ ਕਿ ਇੱਕ ਸਦੀ ਬਾਅਦ ਪੁਰਾਨੇ ਹੁਕਮਨਾਮਿਆਂ ਨੂੰ ਰੱਦ ਕਰਕੇ ਪ੍ਰੌ ਗੁਰਮੁੱਖ ਸਿੰਘ ਹੁਰਾਂ ਨੂੰ ਦੁਬਾਰਾ ਸਿੱਖ ਪੰਥ ਵਿੱਚ ਸ਼ਾਮਲ ਕੀਤਾ ਗਿਆ। ਇਹ ਦੋਵੇਂ ਕਰਮ ਗੁਰੁ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦਾ ਮੂੰਹ ਚੜ੍ਹਾਉਂਦੇ ਹਨ ਕਿਉਂਕਿ ਸਿੱਖੀ ਧਾਰਨ ਕਰਨਾ ਜਾਂ ਤਿਆਗਨਾ ਹਰ ਇਨਸਾਨ ਦੀ ਆਪਣੀ ਮਰਜੀ ਤੇ ਅਧਾਰਤ ਹੈ। ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਗੁਰੁ ਦਾ ਸਿੱਖ ਅਖਵਾਉਂਦਾ ਹੈ ਤੇ ਨਾਂ ਮੰਨਣ ਵਾਲਾ ਗੈਰ ਸਿੱਖ ਕਿਉਂਕਿ ਅਖੌਤੀ ਠੇਕੇਦਾਰਾਂ ਦੀ ਵਿਚੋਲਗੀ ਨੂੰ ਗੁਰੂ ਨਾਨਕ ਪਾਤਸ਼ਹ ਰੱਦ ਕਰ ਚੁੱਕੇ ਹਨ।

ਇਤਿਹਾਸ ਦੇ ਮੁੜ ਦੁਹਰਾਉਂਣ ਵਾਂਗ ਗੁਰਦੁਵਾਰਿਆਂ ਵਿੱਚ ਸਿਆਸਤ ਭਾਰੂ ਹੋਣ ਕਾਰਨ ਸਮੇਂ ਦੀ ਲੋੜ ਅਨੁਸਾਰ ਸਿੰਘ ਸਭਾ ਦੁਬਾਰਾ ਅੰਗੜਾਈ ਲੈ ਰਹੀ ਹੈ। ਗੁਰਮਤਿ ਦੇ ਪ੍ਰਚਾਰਕਾਂ ਨੂੰ ਰਾਜਨੀਤਕਾਂ ਦੀ ਚੁੰਗਲ ਤੋਂ ਬਚਾਉਂਣਾ, ਗੁਰੁ ਗ੍ਰੰਥ ਸਾਹਿਬ ਦੀ ਸਹੀ ਵਿਚਾਰਧਾਰਾ ਤੇ ਫਿਲਾਸਫੀ ਸੰਸਾਰ ਸਾਹਮਣੇ ਪੇਸ਼ ਕਰਨੀ, ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਸਿੱਖ ਦੀ ਰਹਿਤ ਮਰਯਾਦਾ ਬਨਾਉਣੀ ਸਮੇਂ ਦੀਆਂ ਲੋੜਾਂ ਹਨ। ਸਮੇਂ ਦੀ ਲੋੜ, ਪ੍ਰਾਪਤ ਵਸੀਲੇ ਅਤੇ ਨਵੇਂ ਪ੍ਰਚਾਰ ਸਾਧਨਾਂ ਕਾਰਨ ਸਿੰਘ ਸਭਾ ਲਹਿਰ ਦਾ "ਸਿੰਘ ਸਭਾ ਇੰਟ੍ਰਨੈਸ਼ਨਲ" ਬਣ ਜਾਣਾ ਸੁਭਵਿਕ ਸੀ। ਕੈਲੇਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਕੋਲ ਰੋਜ਼ਵਿਲ ਸ਼ਹਿਰ ਵਿੱਚ ਸਿੱਖ ਸੈਂਟਰ ਰੋਜ਼ਵਿਲ ਅਤੇ ਖ਼ਾਲਸਾ ਟ੍ਰਾਈਸੈਂਟੀਨਲ ਫਾਊਂਡੇਸ਼ਨ ਆਫ ਨਾਰਥ ਅਮੈਰਕਾ ਦੀ ਸਟੇਜ ਦਾ ਸਿੰਘ ਸਭਾ ਇੰਟ੍ਰਨੈਸ਼ਨਲ ਦਾ ਮੁੱਖ ਕੇਂਦਰ ਬਣਨਾ ਚੰਗਾ ਆਗਾਜ਼ ਹੈ। ਵੈਸੇ ਇਥੇ ਕਾਫੀ ਅਰਸੇ ਤੋਂ ਸਾਲਾਨਾਂ ਕਾਨਫੰ੍ਰਸਾਂ ਤੇ ਸੈਮੀਨਰਾਂ ਦਾ ਸਿਲਸਿਲਾ ਚਲਦਾ ਹੀ ਰਹਿੰਦਾ ਹੈ ਫਿਰ ਵੀ ਪਿਛਲੇ ਤਿੰਨ ਸਾਲਾਂ ਤੋਂ ਸਿੰਘ ਸਭਾ ਇੰਟ੍ਰਨੈਸ਼ਨਲ ਵਲੋਂ ਕਰਵਾਈਆਂ ਕਾਨਫ੍ਰੰਸਾਂ ਜ਼ਿਕਰਯੋਗ ਹਨ ਅਤੇ ਦਨੀਆਂ ਭਰ ਤੋਂ ਪੰਤਕ ਵਿਦਵਾਨਾਂ ਦੀ ਸ਼ਿਰਕਤ ਕਿਸੇ ਨਾ ਕਿਸੇ ਰੂਪ ਵਿੱਚ ਅਕਸਰ ਇੱਥੇ ਰਹਿੰਦੀ ਹੈ।
ਇਸ ਵਾਰ ਸਾਲਾਨਾਂ ਕਾਨਫ੍ਰੰਸ ਤੇ ਸ੍ਰ ਗੁਰਬਖਸ਼ ਕਾਲਾ ਅਫ਼ਗਾਨਾਂ ਦੀ ਹਾਜ਼ਰੀ ਤੋਂ ਜਾਪਦਾ ਸੀ ਕਿ ਸ਼ਇਦ ਇਸ ਵਾਰ ਵਿਦਵਾਨ ਘੱਟ ਪਹੁੰਚਣ ਕਿਉਂਕਿ ਅਖੌਤੀ ਜਥੇਦਾਰਾਂ ਨੇ ਫਿਰ ਇਤਿਹਾਸ ਦੁਹਰਾਇਆ ਸੀ ਪਰ ਇਸ ਵਾਰ ਪਹਿਲਾਂ ਤੋਂ ਵੀ ਜ਼ਿਆਦਾ ਬੁੱਧੀਜੀਵੀ, ਚਿੰਤਕ, ਸਿੱਖ ਵਿਦਵਾਂਨ ਤੇ ਪੱਤਰਕਾਰ ਜੋਸ਼ੋ-ਖਰੋਸ਼ ਨਾਲ ਪਹੁੰਚੇ ਸਨ। ਲਗਾਤਾਰ 5-6 ਦਿਨ ਵੱਖ-2 ਮੁੱਦਿਆਂ ਤੇ ਵਿਚਾਰ-ਵਿਟਾਂਦਰਾ ਹੂੰਦਾ ਰਿਹਾ ਅਤੇ ਆਖਰੀ ਦਿਨ ਜਿਥੇ ਸਮੂੰਹ ਵਿਦਵਾਨਾ ਨੇ ਕੌਮ ਅੱਗੇ ਕੁਝ ਮਤੇ ਰੱਖੇ ਓਥੇ ਨਾਲ ਹੀ ਸ੍ਰ ਕਾਲਾ ਅਫ਼ਗਾਨਾ ਨੂੰ ਪ੍ਰੋ ਗੁਰਮੁਖ ਸਿੰਘ ਯਾਦਗਾਰੀ "ਗੋਲਡ ਮੈਡਲ" ਨਾਲ ਸਨਮਾਨਿਆਂ ਗਿਆ। ਇਹ ਸਨਮਾਨ ਅਕਾਲ ਤਖ਼ਤ ਨੂੰ ਨਹੀਂ ਬਲਕਿ ਡੇਰੇਦਾਰਾਂ ਨੂੰ ਚੈਲਿੰਜ਼ ਵਜੋਂ ਪੇਸ਼ ਕੀਤਾ ਗਿਆ। ਇਸ ਵਾਰ ਮਤਿਆਂ ਵਿੱਚ ਕੁਝ ਵੱਡੇ ਸਥਾਪਤ ਹੋ ਚੁੱਕੇ ਡੇਰਿਆਂ ਦਾ ਨਾਂ ਲੈਣਾ ਦਸਦਾ ਹੈ ਕਿ ਸਿੰਘ ਸਭਾ ਸਿੱਖੀ ਭੇਸ ਵਿੱਚ ਹਰ ਗੁਰਮਤਿ ਵਿਰੋਧੀ ਡੇਰੇ ਅਤੇ ਸੰਪਰਦਾ ਨਾਲ ਪੂਰੇ ਟਕਰਾਅ ਦੇ ਰੁਖ ਵਿੱਚ ਹੈਸਿੰਘ ਸਭਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ਼ ਰੱਖਣ ਵਾਲੇ ਦੁਨੀਆਂ ਦੇ ਹਰੇਕ ਵਿਦਵਾਨ ਨਾਲ ਲਗਾਤਾਰ ਸੰਪਰਕ ਵਧਾ ਰਹੀ ਹੈ।
ਦੂਜੇ ਪਾਸੇ ਡੇਰੇਦਾਰਾਂ ਵਲੋਂ 'ਕਾਲਾ ਅਫ਼ਗਾਨਾਂ' ਦਾ ਵਿਰੋਧ ਹੀ ਨਹੀਂ ਸਗੋਂ ਸਮੁੱਚੀ ਸਭਾ ਦਾ ਵਿਰੋਧ ਜਾਪਦਾ ਹੈ ਕਿਉਂਕਿ ਸਮੁੱਚੀ ਸਭਾ ਇੱਕ ਹੀ ਸੋਚ ਨੂੰ ਲੈ ਕੇ ਅੱਗੇ ਵੱਧ ਰਹੀ ਹੈ। ਹਰ ਵਾਰ ਡੇਰੇਦਾਰ ਅਸਭਿਅਕ ਤਰੀਕੇ ਅਪਣਾ ਕੇ, ਤਖਤੀਆਂ ਤੇ ਅਸਭਿਅਕ ਭਾਸ਼ਾ ਵਿੱਚ ਨਾਹਰੇ ਲਿਖਕੇ ਗੁਰਦੁਵਾਰਾ ਸਾਹਿਬ ਦੇ ਚਾਰ-ਚੁਫੇਰੇ ਅਸਭਿਅਕ ਗਾਲ੍ਹਾਂ ਕੱਢਦੇ ਹੋਏ ਅਤੇ ਢੋਲ ਢਮੱਕਿਆਂ ਨਾਲ ਚੀਕਾਂ ਮਾਰਦੇ ਅਰਦਾਸ ਕਰਕੇ ਚਲੇ ਜਾਂਦੇ ਹਨ। ਇਹ ਤਕਰੀਬਨ ਉਹ ਲੋਕ ਹਨ ਜਿਨ੍ਹਾਂ ਨੇ ਸ੍ਰ ਕਾਲਾ ਅਫ਼ਗਾਨਾਂ ਦੀ ਕੋਈ ਕਿਤਾਬ ਪੜ੍ਹੀ ਹੀ ਨਹੀਂ ਪਰ ਜਦੋਂ ਵੀ ਕੋਈ ਉਨ੍ਹਾਂ ਦੀ ਕਿਤਾਬ ਪੜ੍ਹ ਲੈਂਦਾ ਹੈ ਤਾਂ ਵਿਰੋਧਤਾ ਕਰਨੀ ਤਾਂ ਇੱਕ ਪਾਸੇ ਉਹ ਵਿਰੋਧੀਆਂ ਵਿੱਚ ਖੜ੍ਹਨਾਂ ਵੀ ਪਸੰਦ ਨਹੀਂ ਕਰਦਾ। ਜਿਸ ਦਾ ਸਬੂਤ ਇਸ ਵਾਰ ਮੁਜਾਰਾਕਾਰੀਆਂ ਵਿੱਚ ਕਿਸੇ ਵੀ ਗੁਰਦੁਵਾਰਾ ਸਾਹਿਬ ਦੀ ਕਮੇਟੀ ਦਾ ਨਾ ਸ਼ਮਲ ਹੋਣਾ ਹੈ। ਕੁਝ ਕੁ ਗੁਰਦੁਵਾਰਾ ਕਮੇਟੀਆਂ ਵਿੱਚ ਵੜੇ ਹੋਏ ਡੇਰੇਦਾਰ ਆਪੋ ਆਪਣੇ ਡੇਰੇ ਪ੍ਰ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਣ ਲਈ ਨਿਜੀ ਪੱਧਰ ਤੇ ਵਿਰੋਧਤਾ ਕਰਕੇ ਸਮੁੱਚੀ ਕਮੇਟੀ ਦਾ ਨਾਂ ਵਰਤਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਨੌਜਵਾਨਾਂ ਨੂੰ, ਜੋ ਦਿਲੋਂ ਤਾਂ ਸਾਫ ਹਨ ਪਰ ਉਨ੍ਹਾਂ ਦੇ ਮਨਾਂ ਅੰਦਰ ਡੇਰੇਦਾਰਾਂ ਨੂੰ ਹੀ ਸਿੱਖ ਸਮਝਣ ਦਾ ਭੁਲੇਖਾ ਘਰ ਚੁਕਾ ਹੋਣ ਕਾਰਨ, ਗਿਆਨ ਵਿਹੂਣੇ ਹੋਕੇ ਅੰਨੀ ਸ਼ਰਧਾ ਦਾ ਪੱਲਾ ਘੁਟ ਕੇ ਫੜਨ ਦੀ ਪ੍ਰਵਿਰਤੀ ਕਾਰਨ ਕਾਲਾ ਅਫਗਾਨਾ ਦੀਆਂ ਕਿਤਾਬਾਂ ਨਾਂ ਪੜ੍ਹਨ ਦੀ ਸੋਚ ਹੀ, ਸੱਚ ਸਮਝਣ ਵਿੱਚ ਅੜਿਕਾ ਬਣੀ ਬੈਠੀ ਹੈ। ਸੈਤਾਨ ਡੇਰੇਦਾਰ ਜਾਣਦਾ ਹੈ ਕਿ ਜਿਉਂ-2 ਸਿੱਖ ਗੁਰਮਤਿ ਗਿਆਨ ਦੇ ਨੇੜੇ ਹੁੰਦੇ ਜਾਣਗੇ ਤਿਵੇਂ-2 ਉਸ ਦੇ ਫੈਲਾਏ ਬ੍ਰਾਹਮਣਵਾਦੀ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਤੋਂ ਦੂਰ ਹੂੰਦੇ ਜਾਣਗੇ ਪਰ ਇੰਡੀਆ ਅਤੇ ਅਮਰੀਕਾ ਵਿੱਚ ਸ੍ਰ: ਕਾਲਾ ਅਫਗਾਨਾਂ ਦੀਆਂ ਪੁਸਤਕਾਂ ਦੀ ਧੜਾ-ਧੜ ਵਿਕਰੀ ਇਸ ਗੱਲ ਦਾ ਸਬੂਤ ਹੈ ਕਿ ਅੱਜ ਸੰਸਾਰ ਅੰਦਰ ਸੱਚ ਜਾਨਣ ਦੀ ਇਛਾ ਦੁਬਾਰਾ ਜਨਮ ਲੈਂਦੀ ਨਜ਼ਰ ਆ ਰਹੀ ਹੈ।
ਉਧਰ ਸ੍ਰ ਗੁਰਤੇਜ ਸਿੰਘ ਦੀ ਅਗਵਾਈ ਵਿੱਚ 300 ਸਕਾਲਰਾਂ ਦਾ ਸ੍ਰ ਗੁਰਬਖਸ਼ ਸਿੰਘ ਦੇ ਹੱਕ ਵਿੱਚ ਅਕਾਲ ਤਖ਼ਤ ਜਾਣਾ, ਦੁਨੀਆਂ ਭਰ ਦੇ ਮਿਸ਼ਨਰੀ ਕਾਲਜਾਂ, ਪੰਥਕ ਸੰਸਥਾਵਾਂ ਅਤੇ ਅਦਾਰਿਆਂ ਦਾ ਸੱਚ ਨਾਲ ਖੜਨਾ ਅਕਾਲ ਤਖ਼ਤ ਦੀ ਵਿਰੋਧਤਾ ਨਹੀਂ ਸਗੋਂ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਰਹੇ ਲੋਕਾਂ ਨੂੰ ਚੈਲਿਜ਼ ਹੈ। ਅਕਾਲ ਤਖਤ ਨਾਲ ਸਬੰਧਤ ਧਿਰਾਂ ਨੂੰ ਹਮੇਸ਼ਾਂ ਹੀ ਬੇਨਤੀਆਂ ਹੂੰਦੀਆਂ ਆ ਰਹੀਆਂ ਹਨ ਕਿ ਵਿਸ਼ਵ ਸਿੱਖ ਸੰਮੇਲਨ ਜਾਂ ਸਰਬੱਤ ਖਾਲਸਾ ਰਾਹੀਂ ਸਮੂੰਹ ਸੰਸਾਰ ਵਿੱਚ ਵਿਚਰ ਰਹੀਆਂ ਪੰਥਕ ਜਥੇਬੰਦੀਆਂ ਦੇ ਨੁਮਾਇਦਿਆਂ ਨੂੰ ਬੁਲਾ ਕੇ ਅਕਾਲ ਤਖ਼ਤ ਦੇ ਜਥੇਦਾਰ, ਉਸ ਦੀ ਚੋਣ ਪ੍ਰਨਾਲੀ, ਕਾਰਜ ਖੇਤਰ ਅਤੇ ਕਾਰਜ ਵਿਧੀ ਨੂੰ ਨਿਯਮਬੱਧ ਕੀਤਾ ਜਾਵੇ ਪ੍ਰੰਤੂ ਹਰ ਪਾਸਿਓਂ ਨਿਰਾਸ਼ਾ ਮਿਲਣ ਕਾਰਣ ਸ੍ਰ ਗੁਰਤੇਜ ਸਿੰਘ (ਆਈ ਐੱਸ) ਅਤੇ ਉਨ੍ਹਾਂ ਦੇ ਸਾਥੀਆਂ, ਮਨੁੱਖੀ ਅਧਿਕਾਰ ਸੰਗਠਨ, ਅਦਾਰਾ ਸਪੋਕਸਮੈਨ, ਧਰਮੀ ਫੌਜੀ ਐਸ਼ੋਸ਼ੀਏਸ਼ਨ, ਖਾਲਸਾ ਪੰਚਾਇਤ, ਦਲ ਖਾਲਸਾ ਅਤੇ ਸਮੂੰਹ ਮਿਸ਼ਨਰੀ ਕਾਲਜਾਂ ਨੇ ਚੰਡੀਗੜ੍ਹ ਵਿੱਚ ਵਿਸ਼ਵ ਤੋਂ 5000 ਬੁੱਧੀਜੀਵੀਆਂ ਦੇ ਸੱਦੇ ਸੰਮੇਲਨ ਦੌਰਾਨ ਉਪਰੋਕਤ ਸਮੱਸਿਆਵਾਂ ਦੇ ਹੱਲ ਲੱਭਣ ਦੀ ਵਚਨਬੱਧਤਾ ਪ੍ਰਗਟਾਈ ਹੈ।
ਜਿਥੇ ਜਥੇਦਾਰਾਂ ਨੇ ਸ਼ੋਮਣੀ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਪ੍ਰੋ ਸਾਹਿਬ ਤੋਂ "ਨੈਸ਼ਨਲ ਪ੍ਰੋ ਆਫ ਸਿੱਖਇਜ਼ਮ" ਦੀ ਉਪਾਧੀ ਵਾਪਿਸ ਲਈ ਜਾਵੇ ਓਥੇ ਸਮੂੰਹ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਸ੍ਰ ਗੁਰਤੇਜ ਸਿੰਘ ਦੀ ਸੰਸਾਰ ਪੱਧਰ ਤੇ ਹੋ ਰਹੀ ਇਜ਼ਤ ਸ਼੍ਰੋਮਣੀ ਕਮੇਟੀ ਦੀ ਉਪਾਧੀ ਨਾਲ ਨਹੀਂ ਸਗੋਂ ਸੱਚ ਦਾ ਸਾਥ ਦੇਣ ਕਰਕੇ ਹੈ। ਕਿਸੇ ਦੇ ਥੁੱਕ ਕੇ ਚੱਟਣ ਨਾਲ ਕੋਈ ਫਰਕ ਨਹੀਂ ਪਵੇਗਾ ਜਿਵੇਂ ਸ੍ਰ ਕਾਲਾ ਅਫਗਾਨਾਂ ਨੂੰ ਛੇਕਣ ਨਾਲ ਉਨ੍ਹਾਂ ਦੀ ਇਜ਼ਤ ਘਟੀ ਨਹੀਂ ਸਗੋਂ ਵਧੀ ਹੈ। ਉਨ੍ਹਾਂ ਦੀ ਹੋਈ ਚਰਚਾ ਕਾਰਨ ਉਨ੍ਹਾਂ ਦੀਆਂ ਪੁਸਤਕਾਂ ਜਗਤ ਪ੍ਰਸਿੱਧ ਹੋ ਗਈਆਂ ਹਨ। ਜਿਵੇਂ ਭਗਤ ਸਿੰਘ ਦਾ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਕਾਰਨ ਕਿਸੇ ਨੂੰ ਮਾਰਨਾਂ ਨਹੀਂ ਸਗੋਂ ਦੁਨੀਆਂ ਦਾ ਧਿਆਨ ਖਿੱਚ ਕੇ ਆਪਣੀ ਅਵਾਜ਼ ਉਨ੍ਹਾਂ ਤੱਕ ਪਹੁਚਾਉਂਣਾ ਸੀ । ਇਸੇ ਤਰ੍ਹਾਂ ਸ੍ਰ ਕਾਲਾ ਅਫਗਾਨਾਂ ਦਾ ਛੇਕਣਾ ਸੁੱਤੇ ਸਿੱਖ ਜਗਤ ਵਿੱਚ ਬਹੁਤ ਵੱਡੀ ਅਵਾਜ਼ ਭਰ ਰਿਹਾ ਹੈ।
ਡੇਰੇਦਾਰਾਂ ਵਲੋਂ ਸ੍ਰ ਕਾਲਾ ਅਫਗਾਨਾ ਦਾ ਵਿਰੋਧ ਕਰਨਾ ਤਾਂ ਕੁਦਰਤੀ ਸੀ ਪਰ ਕੁਝ ਅਜਿਹੇ ਲੋਕ ਜੋ ਆਪਣੇ ਆਪ ਨੂੰ ਡੇਰੇਦਾਰ ਵੀ ਨਹੀਂ ਅਖਵਾਉਂਣਾ ਚਾਹੁੰਦੇ ਪਰ ਅਕਾਲ ਤਖਤ ਦੇ ਜਥੇਦਾਰ ਅਤੇ ਮਰਯਾਦਾ ਨੂੰ ਵੀ ਨਹੀਂ ਮੰਨਦੇ ਸਗੋਂ ਕੇਵਲ ਕਾਲਾ ਅਫਗਾਨਾਂ ਨੂੰ ਛੇਕਣ ਵਾਲੇ ਹੁਕਮਨਾਮੇ ਕਾਰਨ ਅਕਾਲ ਤਖਤ ਦੀ ਰੱਟ ਲਗਾ ਰਹੇ ਹਨ। ਅਜਿਹੇ ਲੋਕਾਂ ਦੀ ਵਿਰੋਧਤਾ ਦਾ ਕਾਰਨ ਸ੍ਰ ਕਾਲਾ ਅਫਗਾਨਾਂ ਵਲੋਂ ਡੇਰਿਆਂ ਦੇ ਮੁਖੀਆਂ ਦੀ ਗੁਰਬਾਣੀ ਦੀ ਅਰਥਾਵਲੀ ਨੂੰ ਸਿੱਧਾ ਚੈਲਿੰਜ਼ ਕਰਨਾ ਹੈ। ਸ੍ਰ ਕਾਲਾ ਅਫਗਾਨਾਂ ਆਖਦੇ ਹਨ ਕਿ ਇਹ ਲੋਕ ਗੁਰੂ ਗ੍ਰੰਥ ਦੇ ਘੱਟੋ-ਘੱਟ ਪੰਜ ਸ਼ਬਦਾਂ ਦੀ ਸਹਾਇਤਾ ਨਾਲ ਮੇਰੇ ਵਿਚਾਰਾਂ ਨੂੰ ਗਲਤ ਸਾਬਤ ਕਰ ਦੇਣ ਤਾਂ ਮੈਂ ਕੌਮ ਤੋਂ ਮੁਆਫੀ ਮੰਗ ਕੇ ਆਪਣੀਆਂ ਕਿਤਾਬਾਂ ਖੁਦ ਵਾਪਿਸ ਲੈ ਲਵਾਂਗਾ। ਕਿਨੀ ਵਧੀਆ ਗੱਲ ਹੈ, ਪਰ ਇਹ ਲੋਕ ਤਾਂ ਗੁਰਮਤਿ ਗਿਆਨ ਦੇ ਨੇੜੇ ਵੀ ਨਹੀਂ ਜਾਣਾ ਚਾਹੁੰਦੇ ਸਗੋਂ ਪੜ੍ਹ-2 ਗੱਡਾਂ ਲੱਦਣੀਆਂ ਚਾਹੁੰਦੇ ਹਨ ਅਤੇ ਨਿਰਾਸ਼ ਹੋ ਕੇ ਸ੍ਰ ਕਾਲਾ ਅਫਗਾਨਾਂ ਨੂੰ ਹੰਕਾਰੀ ਦਸਦੇ ਹਨ। ਅਸਲ ਵਿੱਚ ਸ੍ਰ ਕਾਲਾ ਅਫਗਾਨਾਂ ਨੂੰ ਛੇਕਣ ਵਿੱਚ ਜਥੇਦਾਰਾਂ ਨਾਲੋਂ ਉਨ੍ਹਾਂ ਦੇ ਡੇਰੇਦਾਰ ਦੋਸਤਾਂ ਦਾ ਹੱਥ ਜਿਆਦਾ ਹੈ ਜੋ ਆਪਣੀ ਪਹੁੰਚ ਰਾਹੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਵੜ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਦੇਸ਼ ਵਿਦੇਸ਼ ਚੋਂ ਆਪਣੇ ਹੀ ਤਰ੍ਹਾਂ ਦੇ ਡੇਰੇਦਾਰਾਂ ਤੋਂ ਫੈਕਸਾਂ ਮੰਗਵਾ ਕੇ ਇਹ ਭਰਮ ਪਾਇਆ ਹੈ ਕਿ ਸੰਗਤਾਂ ਇਸ ਤਰ੍ਹਾਂ ਚਾਹੁੰਦੀਆਂ ਹਨ ਜੋ ਕਿ ਹੁਣ ਸਾਬਤ ਵੀ ਹੋ ਚੁੱਕਾ ਹੈ ਕਿ ਅਜਿਹਾ ਚਾਹੁੰਣ ਵਾਲੀਆਂ ਸੰਗਤਾਂ ਡੇਰੇਦਾਰਾਂ ਅਤੇ ਸਾਧਾਂ ਦੇ ਚਾਟੜੇ ਹੀ ਸਨ।
ਇੱਕ ਪਾਸੇ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਧਰਮ ਸਰਬਤ ਦਾ ਭਲਾ ਮੰਗਣ ਵਾਲਾ, ਵਿਗਿਆਂਨ ਦੀ ਕਸਵੱਟੀ ਤੇ ਪੂਰਾ ਉਤਰਨ ਵਾਲਾ,
ਗਿਆਨ ਗੋਸਟੀਆਂ ਤੇ ਅਧਾਰਤ ਸਮੁੱਚੇ ਸੰਸਾਰ ਅਪਣਾਉਂਣ ਹਿਤ ਨਵੀਨ ਧਰਮ ਹੈ। ਦੂਜੇ ਪਾਸੇ ਜੇ ਕੋਈ ਗੁਰਮਤਿ ਗਿਆਨ ਦੀ ਵੀਚਾਰ ਕੌਮ ਨਾਲ ਕਰਨੀ ਲੋਚਦਾ ਹੈ ਉਸ ਉੱਤੇ ਧਰਮ ਦੇ ਠੇਕੇਦਾਰਾਂ ਵਲੋਂ ਪੰਡਤਊ ਡੇਰਾਵਾਦ ਦੇ ਫਤਵੇ ਜਾਰੀ ਕੀਤੇ ਜਾਂਦੇ ਹਨ ਤਾਂਕਿ ਅੰਨੀ ਸ਼ਰਧਾ ਭਲਸੇਟੇ ਵਿੱਚ ਸਮੁੱਚੀ ਕੌਮ ਨੂੰ ਗੁਰਮਤਿ ਗਿਆਨ ਤੋਂ ਸੱਖਣੀ ਰੱਖ ਕੇ ਕਰਮਕਾਂਡਾਂ ਵਿੱਚ ਫਸਾ ਕੇ ਆਪਣੇ ਉਲੂ ਸਿੱਧੇ ਕੀਤੇ ਜਾ ਸਕਣ। ਸੋ ਅਖੀਰ ਵਿੱਚ ਸਿੰਘ ਸਭਾ ਇੰਟ੍ਰਨੈਸ਼ਨਲ ਤੋਂ ਸਮਾਜ ਵਿੱਚ ਫੈਲੀਆਂ ਬਿਪਰੀ ਰੀਤਾਂ ਤੋਂ ਹੋੜ ਕੇ ਸੱਚ ਦੇ ਮਾਰਗ ਵੱਲ ਤੁਰਨ ਦੀ ਸੇਧ ਦੀ ਤਵੱਕੋਂ ਕੀਤੀ ਜਾ ਸਕਦੀ।
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜ਼ੇ-ਕੈਲੇਫੋਰਨੀਆਂ)