ਪੱਲਾ ਘੁੱਟਕੇ ਨੈਤਿਕਤਾ ਦਾ ਫੜਨਾ ਪੈਣਾ ਏਂ ।
ਸੱਚ ਦੇ ਅੱਗੇ ਆਖਿਰ ਸਭ ਨੂੰ ਝੜਨਾ ਪੈਣਾ ਏਂ ।।
ਹੱਕ,ਸੱਚ,ਇਨਸਾਫ,ਅਣਖ ਨਾਲ ਇਸ਼ਕ ਕਮਾਉਣਾ ਜੇ,
ਬਣ ਪਰਵਾਨੇ ਸ਼ਮਾਂ ਦੇ ਉੱਤੇ ਸੜਨਾ ਪੈਣਾ ਏਂ ।।
ਜੇਕਰ ਖੁਦ ਨੂੰ ਮੰਨਦੇ ਸਿੱਖੋ ਕੌਮ ਸ਼ਹੀਦਾਂ ਦੀ,
ਰੱਬੀ ਇਸ਼ਕ ਦੀ ਪੌੜੀ ਉੱਪਰ ਚੜ੍ਹਨਾ ਪੈਣਾ ਏਂ ।।
ਮਿੱਟੀ ਦੇ ਨਾਲ ਮਿੱਟੀ ਵਾਲੇ ਛੱਡ ਝਮੇਲੇ ਨੂੰ,
ਪ੍ਰੇਮ ਗਲੀ ਸਿਰ ਤਲੀ ਤੇ ਧਰਕੇ ਲੜਨਾ ਪੈਣਾ ਏਂ ।।
ਚਾਹੁੰਦੇ ਹੋ ਜੇ ਦੁਨੀਆਂ ਸਾਰੀ ਹੱਸਦੀ-ਵੱਸਦੀ ਰਹੇ ,
ਗੁਰ-ਬਾਬੇ ਦਾ ਸਬਕ ਬੈਠਕੇ ਪੜ੍ਹਨਾ ਪੈਣਾ ਏਂ ।।
ਜਿਸ ਖੇਤਰ ਵਿੱਚ ਕਰਨੀ ਸਾਫ-ਸਫਾਈ ਚਾਹੁੰਦੇ ਹੋ,
ਉਸ ਖੇਤਰ ਦੇ ਅੰਦਰ ਖੁਦ ਹੀ ਬੜਨਾਂ ਪੈਂਣਾ ਏ ।।
ਸੱਭਿਆਚਾਰ ਦੇ ਨਾਂ ਤੇ ਵਿਰਸਾ ਦੂਸ਼ਿਤ ਕਰਦੇ ਜੋ,
ਹਰ ਬੰਦੇ ਨੂੰ ਉਹਨਾ ਸਾਹਵੇਂ ਅੜਨਾ ਪੈਂਣਾ ਏਂ ।।
ਲੱਚਰ, ਫੁਕਰੇ ਗੀਤ ਜੋ ਲਿਖਣੋ ਗਾਉਣੋ ਰੁਕਦੇ ਨਾ,
ਉਹਨਾ ਖਾਤਿਰ ਡਾਂਗ 'ਚ ਕੋਕਾ ਜੜਨਾ ਪੈਣਾ ਏਂ ।।
ਗੁਰਮਤਿ ਦੇ ਉਪਦੇਸ਼ਾਂ ਵਰਗੇ ਸੋਹਣੇ ਗੀਤਾਂ ਲਈ,
"ਸਿੰਘ-ਰੌਕਸ" ਜਿਹੇ ਵੀਰਾਂ ਦੇ ਨਾਲ ਖੜਨਾ ਪੈਣਾ ਏ ।।।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)