Tuesday, October 13, 2015

ਹਾਕਮ ਨੂੰ !!

ਹਾਕਮ ਨੂੰ !!
ਜਦੋਂ ਮਦਹੋਸ਼ ਪਰਜਾ ਨੇ, ਕਦੇ ਕੋਈ ਅੱਖ ਖੋਲੀ ਹੈ ।
ਨਸ਼ੇ ਨੂੰ ਕਰ ਦਿਓ ਦੂਣਾ, ਤਦੇ ਸਰਕਾਰ ਬੋਲੀ ਹੈ ।।
ਮਸਲਾ ਧਰਮ ਦਾ ਹੋਵੇ, ਚਾਹੇ ਕੋਈ ਰਾਜਨੀਤੀ ਦਾ ।
ਸੰਘੀ ਘੁੱਟ ਕੇ ਆਖਣ, ਕਿ ਜੰਤਾ ਬਹੁਤ ਭੋਲੀ ਹੇ ।।
ਰਹਿਣੀ ਲੋੜ ਨਾ ਕੋਈ ਵੀ, ਧਰਮੀ ਰਾਜਨੀਤੀ ਦੀ ।
ਸਚਾਈ ਹੋ ਗਈ ਸਸਤੀ, ਸਮੇ ਨੇ ਗੱਲ ਤੋਲੀ ਹੈ ।।
ਕੁੱਟਣਾ, ਲੁੱਟਣਾ ਹੁੰਦਾ, ਸਦਾ ਹੀ ਹੱਕ ਹਾਕਮ ਦਾ ।
ਏਹੋ ਸਮਝ ਬੈਠੀ ਹੈ, ਰਿਆਇਆ ਬਹੁਤ ਲੋਲ੍ਹੀ ਹੈ ।।
ਜਿਸਨੇ ਮਾਲਕਾਂ ਦੇ ਕਹਿਣ ਤੇ, ਬਸ ਸਿਰ ਹਿਲਾਉਣਾ ਹੈ ।
ਇਹ ਦੁਨੀਆਂ ਮਾਲਕਾਂ ਦੀ ਬਣ ਗਈ, ਮਜਬੂਰ ਗੋਲੀ ਹੈ ।।
ਚੁਫੇਰੇ ਏਸਦੇ ਜਦ, ਕਿਰਤੀਆਂ ਦਾ ਖੂਨ ਡਿਗਦਾ ਏ ।
ਉਸਨੂੰ ਜਾਪਦਾ ਕੋਈ ਸੁਰਖ ਜਿਹੇ, ਰੰਗਾਂ ਦੀ ਹੋਲੀ ਹੈ ।।
ਨੀਤੀ ਜਾਣਦੀ ਹੈ ਧਰਮ ਨੂੰ, ਕਿੰਝ ਵਰਤਣਾ ਏਥੇ ।
ਸ਼ਾਸਕ ਦੇ ਰਹੇ ਫਤਵੇ, ਇੱਜਤ ਮਜ਼ਹਬਾਂ ਦੀ ਰੋਲੀ ਹੈ ।।
ਖੀਰਾਂ ਖਾਣ ਨੂੰ ਸਭ ਜਾਣਦੇ, ਕਿ ਬਾਂਦਰੀ ਹੁੰਦੀ ।
ਡੰਡੇ ਖਾਣ ਨੂੰ ਅੱਗੇ ਕਰੀ, ਰਿੱਛਾਂ ਦੀ ਟੋਲੀ ਹੈ ।।
ਖਤਰਾ ਦੇਸ਼ ਨੂੰ ਤੇ ਧਰਮ ਨੂੰ, ਕਿਉਂ ਜਾਪਦਾ ਉਸਨੂੰ ।
ਬਣਦੇ ਹੱਕ ਮੰਗਣ ਤੇ, ਜਿਸਦੀ ਸਰਕਾਰ ਡੋਲੀ ਹੈ ।।
ਹੁੰਦਾ ਅਣਖ ਦੇ ਬੀਜਾਂ ਨੇ, ਸਦਾ ਪੁੰਗਰਦੇ ਰਹਿਣਾ ।
ਭਾਵੇਂ ਨਿੱਤ ਮੁਹਿੰਮਾਂ ਨੇ, ਕਰੀ ਜਮੀਨ ਪੋਲੀ ਹੈ ।।
ਅੰਗਾਰੇ ਸੁਲਗਦੇ ਵੀ ਹੋਂਦ ਉਸਦੀ, ਲੂਹ ਸਕਦੇ ਨੇ,
ਖਬਰਦਾਰ ਜੇ ਪੰਜਾਬ ਦੀ, ਮਿੱਟੀ ਫਰੋਲੀ ਹੈ ।।
ਉਸਦੇ ਆਖਰੀ ਸਾਹ ਦੀ, ਹਵਾ ਨੇ ਦੱਸਣਾ ਉਸਨੂੰ ।
ਜਿਸਨੂੰ ਪੀ ਲਿਆ ਏ ਤੂੰ, ਤੇਰੀ ਹੀ ਜਹਿਰ ਘੋਲੀ ਹੈ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)