Saturday, October 3, 2015

ਆਜਾਦੀ !!

ਆਜਾਦੀ !!
ਆਜਾਦ ਫਿਜਾ ਲਈ ਤੜਪ ਰਿਹਾ ਮਨ,
ਓਥੇ ਝੁਕਦਾ ਹੈ ।
ਗੈਰਤ-ਮੰਦ ਜਦ ਬਾਗੀ ਹੋ ਕੋਈ,
ਝੰਡਾ ਚੁੱਕਦਾ ਹੈ ।।
ਲੱਖ ਸਮਝਾਵਣ ਲੋਕ ਕਿ ਆਖਿਰ,
ਵਿੱਚ ਸੜ ਜਾਵੇਂਗਾ ।
ਬਲਦੀ ਸ਼ਮਾ ਨੂੰ ਤੱਕਕੇ ਕਦ,
ਪਰਵਾਨਾ ਰੁਕਦਾ ਹੈ ।।
ਭੇਡਾਂ ਤਾਂ ਇੱਜੜ ਵਿੱਚ ਮੈਂ ਤੋਂ,
ਉੱਪਰ ਉੱਠਣ ਨਾ ।
ਆਜਾਦੀ ਨਾਲ ਸ਼ੇਰ ਇਕੱਲਾ,
ਰਹਿੰਦਾ ਬੁਕਦਾ ਹੈ ।।
ਜਿਸਦੀ ਸੋਚ ਗੁਲਾਮ ਓਸਨੂੰ,
ਲੋੜ ਨਹੀਂ ਕੜੀਆਂ ਦੀ ।
ਕੱਚੇ ਧਾਗੇ ਬੱਧਾ ਉਹ ਤਾਂ,
ਰਹਿੰਦਾ ਘੁੱਕਦਾ ਹੈ ।।
ਅਣਖ ਨਾਲ ਤੇ ਰੁੱਖੀ-ਸੁੱਕੀ,
ਜੀਵਨ ਬਣ ਜਾਂਦੀ ।
ਬੇ-ਇੱਜਤ ਦੀ ਚੂਰੀ ਦੇ ਨਾਲ,
ਅੰਦਰ ਸੁੱਕਦਾ ਹੈ ।।
ਆੜ ਏਕਤਾ ਵਾਲੀ ਦੇ ਨਾਲ,
ਬੰਦਾ ਛਲਿਆ ਜੋ ।
ਜਨਮ-ਜਨਮ ਦੇ ਘੜੇ ਕਰਮ ਦੇ,
ਥੱਲੇ ਛੁੱਪਦਾ ਹੈ ।।
ਰਾਜਨੀਤੀ ਤੇ ਮਜ਼ਹਬ ਜਦ ਵੀ,
ਜਹਿਰੀ ਹੋ ਜਾਂਦੇ ।
ਆਖਿਰ ਅੱਕਿਆ ਬੰਦਾ ,
ਮਾਰ ਖੰਘੂਰਾ ਥੁੱਕਦਾ ਹੈ ।।

ਡਾ ਗੁਰਮੀਤ ਸਿੰਘ ਬਰਸਾਲਕੈਲੇਫੋਰਨੀਆਂ