Friday, September 11, 2015

ਸਾਰਾਗੜ੍ਹੀ ਦੀ ਵਾਰ !!

ਸਾਰਾਗੜ੍ਹੀ ਦੀ ਵਾਰ !!
ਜਦ ਸਾਰਾ ਗੜ੍ਹੀ ‘ਚ ਆਣਕੇ,
ਸਿੱਖਾਂ ਚੌਕੀ ਲਈ ਬਣਾ ।
ਉੱਥੇ ਆਣ ਪਠਾਣ ਕਬਾਇਲੀਆਂ,
ਲਿਆ ਘੇਰਾ ਰਲ਼ਕੇ ਪਾ ।
ਕਹਿੰਦੇ ਬਾਹਰ ਆ ਜਾਓ ਗੜ੍ਹੀ ‘ਚੋਂ,
ਨਾ ਜਿੰਦਗੀ ਲਿਓ ਗਵਾ ।
ਏਥੇ ਫੌਜ ਤੁਹਾਡੀ ਆਣਕੇ,
ਹੁਣ ਸਕਦੀ ਨਹੀਂ ਬਚਾ ।।
ਸਿੰਘਾਂ ਆਖਿਆ ਅੰਦਰੋਂ ਗਰਜਕੇ,
ਸਾਨੂੰ ਸਕੇ ਨਾ ਕੋਈ ਝੁਕਾ ।
ਅਸੀਂ ਡਰੀਏ ਕਦੇ ਨਾ ਮੌਤ ਤੋਂ,
ਸਾਨੂੰ ਜੰਗ ਜੂਝਣ ਦਾ ਚਾਅ ।
ਅਸੀਂ ਪੁੱਤਰ ਗੁਰੂ ਗੋਬਿੰਦ ਦੇ,
ਨਲੂਏ ਦੇ ਧਰਮ ਭਰਾ ।
ਸਿੰਘਾਂ ਗਰਜ ਜੈਕਾਰਾ ਛੱਡਿਆ,
ਗਈਆਂ ਰਫਲਾਂ ਮੋਢੇ ਆ ।।
ਸਿੰਘਾਂ ਸਾਂਭ ਗੜ੍ਹੀ ਵਿੱਚ ਮੋਰਚੇ,
ਦਿੱਤੀ ਅੱਗ ਤੇ ਅੱਗ ਵਰ੍ਹਾ ।
ਧੂਆਂ-ਧਾਰ ਹੋਇਆ ਮੈਦਾਨ ਫਿਰ,
ਉਥੇ ਗਿਆ ਅੰਧੇਰਾ ਛਾ ।
ਇੱਕੀ ਸਿੰਘ ਲਲਕਾਰੇ ਮਾਰਦੇ,
ਮੱਥਾ ਦਸ ਹਜਾਰ ਨਾਲ ਲਾ ।
ਉੱਥੇ ਢੇਰ ਲਾਸ਼ਾਂ ਦੇ ਲੱਗ ਗਏ,
ਵਗੇ ਖੂਨ ਵਾਲਾ ਦਰਿਆ ।।
ਛੇ ਘੰਟੇ ਦੇ ਵਿੱਚ ਸੂਰਿਆਂ,
ਗੱਡੀ ਛੇ ਸੌ ਦਿੱਤੇ ਚੜ੍ਹਾ ।
ਸਿੰਘਾਂ ਗੋਲੀ ਸਿੱਕਾ ਮੁੱਕਦਿਆਂ,
ਸੰਗੀਨਾਂ ਲਈਆਂ ਉਠਾ ।
ਜਖਮੀ ਸ਼ੇਰਾਂ ਵਾਂਗੂ ਝਪਟਦੇ,
ਦਿੰਦੇ ਦੁਸ਼ਮਣ ਝੱਟ ਲਿਟਾ ।
ਜਿਹੜੇ ਕਹਿੰਦੇ ਹੱਥੀਂ ਫੜਾਂਗੇ,
ਹੋਏ ਢੇਰ ਸਿੰਘਾਂ ਕੋਲ ਜਾ ।।
ਆਖਿਰ ਸਿੰਘ ਸ਼ਹੀਦੀ ਪਾਕੇ,
ਗਏ ਕੌਮ ਦਾ ਨਾਂ ਰੁਸ਼ਨਾ ।
ਸਿੰਘਾਂ ਜੰਗ ਲੜੀ ਚਮਕੌਰ ਜੋ,
ਮੁੜ ਚੇਤੇ ਗਏ ਕਰਵਾ ।
ਉਹਨਾਂ ਫਰਜ ਲਈ ਜਿੰਦ ਵਾਰਕੇ।
ਦਿੱਤਾ ਇਤਿਹਾਸ ਰਚਾ ।
ਕਿੱਦਾਂ ਸਿੰਘ ਸਿਰੜ ਨਾਲ ਜੂਝਦੇ,
ਗਏ ਹਾਕਮ ਨੂੰ ਦਿਖਲਾ ।।
ਸਦਾ ਅਣਖ ਹਿੰਮਤ ਦੇ ਨਾਲ ਬਈ,
ਹੁੰਦਾ ਬੇਲੀ ਆਪ ਖੁਦਾ ।
ਤਾਹੀਓਂ ਸਾਰਾਗੜੀ ਦੀ ਜੰਗ ਨੂੰ,
ਅੱਜ ਦੁਨੀਆਂ ਰਹੀ ਏ ਗਾ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)