Friday, September 4, 2015

ਪੰਥ ਦੀ ਭਾਲ !!

ਪੰਥ ਦੀ ਭਾਲ !!
ਗੁਰੂ-ਉਪਦੇਸ਼ਾਂ ਉੱਤੇ ਗੱਲ ਜਿਹੜੀ ਢੁਕਦੀ ਨਾ,
ਰਲ਼ ਬਹਿਕੇ ਪੰਥ ਕਹਿੰਦੇ ਹੱਲ ਕੋਈ ਸੁਝਾਏਗਾ ।
ਪੰਥ ਕੋਲ ਅਜੇ ਕਿਸੇ ਮਸਲੇ ਲਈ ਸਮਾਂ ਹੈ ਨਹੀਂ,
ਪਾਧੇ ਨਾਲ ਬੈਠਕੇ ਇਹ ਸਮਾਂ ਕੋਈ ਕਢਾਏਗਾ ।
ਪੰਥ ਦੇ ਅੱਗੇ ਤੋਂ ਅੱਗੇ ਟੋਟੇ ਹੋਈ ਜਾਂਦੇ ਤੁਰੇ,
ਕਿਹੜਾ ਪੰਥ ਸਾਰਿਆਂ ਨੂੰ ਇੱਕ ਥਾਂ ਬਿਠਾਏਗਾ ।
ਨੌਂ ਮਣ ਤੇਲ ਜਦੋਂ ਹੋਇਆ ਨਾ ਇਕੱਠਾਂ ਐਥੇ,
ਦੱਸੋ ਕਿਹੜਾ,ਕਿੰਝ,ਕਿੱਥੇ ਰਾਧਾ ਨੂੰ ਨਚਾਏਗਾ ।
ਖੋਜੀ ਗੁਰਬਾਣੀ ਦਾ ਜੇ ਸੱਚ ਦੀ ਵਿਚਾਰ ਰੱਖੇ,
‘ਛੇਕੂ-ਸਨਮਾਨ” ਕਿਸੇ ਪੰਥ ਕੋਲੋਂ ਪਾਏਗਾ ।
ਨਾਨਕ ਨੌਵੇਂ ਨੂੰ ਦੇਖ ਜਿਹਨੇ ਸੀ ਕਿਵਾੜ ਭੇੜੇ,
ਨਾਨਕ ਦੇ ਸਿੱਖ ਨੂੰ ਉਹ ਕਿਵੇਂ ਵਡਿਆਏਗਾ ।
‘ਤੱਤ’ ਤੇ ‘ਬੰਦਈ’ ਵਾਲਾ ਪਿਆ ਜਦੋਂ ਰਫੜਾ ਸੀ,
ਆਖਦੇ ਸੀ ਪਰਚੀ ਨਾਲ ਪੰਥ ਤਰ ਆਏਗਾ ।
ਤਾਹੀਓਂ ਵੋਟ-ਪਰਚੀ ਦੇ ਪਿੱਛੇ ਪੰਥ ਲੁਕਿਆ ਜੋ,
ਲੈਕੇ ਬਹੁ-ਸੰਮਤੀ ਉਹ ਦਰਸ਼ ਦਿਖਾਏਗਾ ।
ਇਹੋ ਜਿਹੇ ਪੰਥ ਨੂੰ ਕੋਈ ਗੁਰੂ-ਪੰਥ ਕਿੰਝ ਆਖੂ,
ਗੁਰੂ ਦਾ ਸਿਧਾਂਤ ਜਿੱਥੇ ਨਜਰ ਨਾ ਆਏਗਾ ।
ਲੋਕੀਂ ਕਹਿੰਦੇ ਓਸ ਦੇ ਲਈ ਰੱਖ ਲਓ ਇਨਾਮ ਕੋਈ,
ਜਿਹੜਾ ਖੋਏ ਪੰਥ ਜੀ ਨੂੰ ਲੱਭਕੇ ਲਿਆਵੇਗਾ ।।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ