Sunday, March 23, 2014

ਭਗਤ ਸਿੰਘ ਦੀ ਮੰਜਿਲ ?

ਭਗਤ ਸਿੰਘ ਦੀ ਮੰਜ਼ਿਲ ?

ਭਗਤ ਸਿੰਘ ਦੀਆਂ ਜਦ ਵੀ ਗੱਲਾਂ ਕਰੀਆਂ ਨੇ ।
ਹਿੰਦੂ, ਸਿੱਖ ਜਾਂ ਨਾਸਤਿਕਤਾ ਤੇ ਮਰੀਆਂ ਨੇ ।।

ਹਰ ਕੋਈ ਆਪਣੀ ਐਨਕ ਥਾਈਂ ਵੇਂਹਦਾ ਏ,
ਦੂਜਾਂ ਵੀ ਇੰਝ ਵੇਖੇ ਰੀਝਾਂ ਖਰੀਆਂ ਨੇ ।।

ਸਾਂਝ ਗੁਣਾਂ ਦੀ ਵਿੱਚ ਕਿਤਾਬੀਂ ਰਹਿ ਗਈ ਏ,
ਜਾਤਾਂ ਮਜ਼ਹਬਾਂ ਦੇ ਨਾਲ ਨੀਹਾਂ ਭਰੀਆਂ ਨੇ ।।

ਰੰਗ ਨਸਲ ਤਾਂ ਬੜੇ ਦੂਰ ਦੀਆਂ ਬਾਤਾਂ ਨੇ,
ਵੰਡਣ ਲਈ ਸ਼ਹੀਦ ਜਰੀਬਾਂ ਧਰੀਆਂ ਨੇ ।।

ਮਾਨਵਤਾ ਹੈ ਦੂਰ ਤੇ ਫਿਰਕੇ ਨੇੜੇ ਨੇ,
ਤਵਾਰੀਖਾਂ ਵੀ ਸੱਚ ਕਹਿਣ ਤੋਂ ਡਰੀਆਂ ਨੇ ।।

ਇੱਕ ਗੁਲਾਮੀ ਛੁੱਟਦੀ ਦੂਜੀ ਆ ਜਾਦੀ,
ਆਜ਼ਾਦੀ ਦੇ ਨਾਂ ਤੇ ਇਹੋ ਜਰੀਆਂ ਨੇ ।।

ਇੰਕਲਾਬ ਦੀ ਸੋਚ ਨੂੰ ਬੁੱਤ ਬਣਾ ਦਿੱਤਾ,
ਭਗਤ ਸਿੰਘ ਦੀਆਂ 'ਜੀਣ ਉਮੀਦਾਂ' ਠਰੀਆਂ ਨੇ ।।

ਪਾਕੇ ਹਾਰ ਸ਼ਹੀਦਾਂ ਵਾਲੇ ਬੁੱਤਾਂ ਤੇ,
ਨੇਤਾਵਾਂ ਨੇ ਕੀਤੀਆਂ ਵੋਟਾਂ ਖਰੀਆਂ ਨੇ ।।

ਤਨ ਤੋਂ ਸੰਗਲ ਲਥ ਕੇ ਮਨ ਨੂੰ ਲਗ ਗਏ ਨੇ,
ਨਾਰ ਆਜਾਦੀ ਕੀਤੀਆਂ ਕੀ ਦਿਲਬਰੀਆਂ ਨੇ ।।

ਭਗਤ ਸਿੰਘ ਦਾ ਜੰਮਣਾ ਲੋਕ ਸਲਾਹੁੰਦੇ ਨੇ,
ਪਰ ਖੁਦ ਦੇ ਨਾਂ ਜੰਮੇ ਬਾਹਵਾਂ ਖੜੀਆਂ ਨੇ ।।

ਜਿਸ ਖਾਤਿਰ ਉਹ ਲੜਿਆ ਇਹ ਉਹ ਮੰਜਿਲ ਨਹੀਂ,
ਆਸਾਂ ਤਾਹੀਓਂ ਹਰ ਬੰਦੇ ਦੀਆਂ ਸੜੀਆਂ ਨੇ ।।

ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ