Wednesday, May 22, 2013

ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲਜੋ ਤੁਸੀਂ

ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ''''''

...........................................................................................

ਭਾਵੇਂ ਜਬਰਾਂ ਨੂੰ ਸਬਰਾਂ ਨੇ ਜਰਿਆ ਬੜਾ,
ਔਖਾ ਜਖਮਾਂ ਨੂੰ ਦਿਲ ਤੋਂ ਮਿਟਾਣਾ ਕਦੀ।
ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ,
ਖੁਦ ਭੁੱਲਦੇ ਨਾਂ ਰਾਵਣ ਜਲਾਣਾ ਕਦੀ।।

ਹੁੰਦਾ ਦੂਜੇ ਨੂੰ ਕਹਿਣਾਂ ਤਾਂ ਸੌਖਾ ਬੜਾ,
ਜਿਹਦੇ ਦਿਲ ਤੇ ਗੁਜਰਦੀ ਉਹੀ ਜਾਣਦਾ।
ਫਰਕ ਹੁੰਦਾ ਹੈ ਲੋਕਾਂ ਦੀ ਵਾਹ ਵਾਹ ਲਈ,
ਅਤੇ ਆਰੇ ਦੇ ਦੰਦੇ ਤੇ ਚੜ੍ਹ ਗਾਣਦਾ।
ਜਿਹੜੇ ਉਜੜੀਆਂ ਧੀਆਂ ਵਸਾਉਂਦੇ ਰਹੇ,
ਨਹੀਂ ਵਸਿਆ ਉਹਨਾਂ ਦਾ ਘਰਾਣਾ ਕਦੀ।।

ਕਿਸੇ ਰਾਜੇ ਦੀ ਰਾਣੀ ਨੂੰ ਛਲਿਆ ਕਿਸੇ,
ਇਹ ਕਹਾਣੀ ਸੁਣਾਈ ਸੀ ਮਿਥਿਹਾਸ ਨੇ।
ਲੋਕੀਂ ਸਦੀਆਂ ਤੋਂ ਓਹਨੂੰ ਜਲਾਉਂਦੇ ਪਏ,
ਕਿੰਝ ਬਦੀਆਂ ਦੇ ਬਣ ਜਾਂਦੇ ਇਤਿਹਾਸ ਨੇ।
ਜਿਹੜਾ ਲੋਕਾਂ ਦੀ ਨਜਰਾਂ ਚ' ਗਿਰਜੇ ਕਿਤੇ,
ਹੁੰਦਾ ਔਖਾ ਏ ਫਿਰ ਤਾਂ ਭੁਲਾਣਾ ਕਦੀ।।

ਪਿੰਡ ਕੁੱਪ-ਰੋਹੀੜੇ ਦੀ ਧਰਤੀ ਉੱਪਰ
ਇੱਕ ਘੱਲੂ-ਕਾਰਾ ਸੀ ਹੋਇਆ ਕਦੇ।
ਹਰ ਔਰਤ, ਬੱਚਾ ਤੇ ਬੁੱਢਾ ਜਿੱਥੇ,
ਜਾਲਿਮ ਨੇ ਸੀ ਫੜ ਫੜ ਕੋਹਿਆ ਕਦੇ।
ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ,
ਕਿਸੇ ਚਾਹਿਆ ਸੀ ਜੱਗੋਂ ਮੁਕਾਣਾ ਕਦੀ।।

ਮੁੱਲ ਪਾਕੇ ਸਿੱਖਾਂ ਦੇ ਸਿਰਾਂ ਦੇ ਬੜੇ,
ਨਹੀਂ ਜਾਲਿਮ ਦਾ ਦਿਲ ਸੀ ਭਰਿਆ ਇੱਥੇ।
ਅੱਗ ਕਾਹਨੂੰ ਵਾਲ ਦੇ ਜੰਗਲੀਂ ਲਾ,
ਮੁੜ ਘੱਲੂ-ਕਾਰਾ ਸੀ ਕਰਿਆ ਇੱਥੇ।
ਸਿੱਖਾਂ ਹਸ ਹਸ ਮੌਤ ਲਗਾਈ ਗਲੇ,
ਪਰ ਸਿੱਖਿਆ ਨਾਂ ਦਿਲ ਘਬਰਾਣਾ ਕਦੀ।।

ਸਿੱਖਾਂ ਦੇਸ਼ ਅਜਾਦੀ ਦੇ ਖਾਤਿਰ ਕਰੀ
ਵਿੱਤ ਆਪਣਿਓਂ ਵਧ ਕੁਰਬਾਨੀ ਸੀ।
ਸਭ ਭੁੱਲ-ਭੁਲਾ ਅਕਿਰਤ-ਘਣਾਂ,
ਬਸ ਨਸਲ-ਕੁਸ਼ੀ ਹੀ ਠਾਣੀ ਸੀ।
ਲੋਕੀਂ ਦੁਸ਼ਮਣ ਤੋਂ ਤਾ ਬਚ ਜਾਂਦੇ,
ਔਖਾ ਦੋਸਤ ਨੂੰ ਅਜਮਾਣਾ ਕਦੀ।।

ਹੈ ਚੁਰਾਸੀ ਦੀ ਵਿਥਿਆ ਤਾਂ ਕੱਲ ਦੀ ਹੀ ਗੱਲ
ਘਰ ਬਾਰ ਸਿੱਖਾਂ ਦੇ ਉਜਾੜੇ ਜਦੋਂ।
ਸੀ ਮਨੁੱਖਤਾ ਲੀਰੋ-ਲੀਰ ਕਰੀ,
ਪਾ ਟੈਰ ਗਲਾਂ ਵਿੱਚ ਸਾੜੇ ਜਦੋਂ।
ਜੋ ਹਕੂਮਤ ਦਰਿੰਦਗੀ ਦਿਖਾਂਦੀ ਰਹੀ,
ਇਤਿਹਾਸ ਵੀ ਮੂੰਹ ਛੁਪਾਣਾ ਕਦੀ।।

ਜਿਹਨਾਂ ਧਰਮ-ਸਥਾਂਨਾ ਤੇ ਫੌਜਾਂ ਚੜ੍ਹਾ,
ਟੈਂਕ-ਤੋਪਾਂ 'ਨਾ ਕਰੀ ਤਬਾਹੀ ਸੀ।
ਉਹਨਾਂ ਬੇ-ਗੁਨਾਹਾਂ ਨੂੰ ਫੜ-ਫੜਕੇ ,
ਪਿੰਡ ਪਿੰਡ ਕਤਲਿਆਮ ਮਚਾਈ ਸੀ।
ਜੋ ਹੱਕ-ਸੱਚ ਖਾਤਿਰ ਜੀਣ ਸਿੱਖੇ,
ਨਹੀਂ ਭੁਲਦੇ ਉਹ ਰੱਬ ਦਾ ਭਾਣਾ ਕਦੀ।।

ਚਿੰਨ ਬਣਿਆਂ ਜੇ ਰਾਵਣ ਬਦੀ ਦਾ ਬੁਰਾ,
ਫਿਰ ਤਾਂ ਰਾਵਣ ਹੀ ਫੂਕੇ ਨੇ ਜਾਣੇ ਇੱਥੇ।
ਕਦੇ ਪੁੱਛਣਾ ਤਾਂ ਪੈਣਾ ਏਂ ਸਿੱਖਾਂ ਨੂੰ ਵੀ,
ਕਿੰਨੇ ਰਾਵਣ ਨੇ ਉਹਨਾਂ ਜਲਾਣੇ ਇੱਥੇ।
ਹੁੰਦੇ ਜਾਲਿਮ ਤਾਂ ਹਰ ਥਾਂ ਤੇ ਵਸਦੇ ਹੀ ਨੇ,
ਛੱਡ ਪੁਤਲੇ ਨੂੰ ਸੱਚ ਅਪਣਾਣਾ ਕਦੀ।।

ਭਾਵੇਂ ਜਬਰਾਂ ਨੂੰ ਸਬਰਾਂ ਨੇ ਜਰਿਆ ਬੜਾ,
ਔਖਾ ਜਖਮਾਂ ਨੂੰ ਦਿਲ ਤੋਂ ਮਿਟਾਣਾ ਕਦੀ।
ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ,
ਖੁਦ ਭੁੱਲਦੇ ਨਾਂ ਰਾਵਣ ਜਲਾਣਾ ਕਦੀ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੈਫੋਰਨੀਆਂ)gsbarsal@gmail.com