Saturday, April 22, 2017

ਅਜਗਰ ਨੀਤੀ !

ਅਜ਼ਗਰ ਨੀਤੀ !!

ਗੁਰੂ ਗ੍ਰੰਥ ਦੀ ਸਰਬ ਉੱਚਤਾ,
ਪੂਰਨਤਾ ਦੀ ਹਾਣੀ ।
ਬਾਣੀ ਤੇ ਗੁਰਬਾਣੀ ਦਸਦੀ,
ਗੁਰ ਕਸਵੱਟੀ ਥਾਣੀਂ ।।

ਜਿਸ ਬਾਣੀ ਨੂੰ ਗੁਰੂ ਹੋਣ ਦਾ,
ਦਰਜਾ ਮਿਲਿਆ ਹੋਇਆ ।
ਉਹੀਓ ਹੀ ਤਾਂ ਗੁਰਬਾਣੀ ਹੈ,
ਬਾਕੀ ਕੇਵਲ ਬਾਣੀ ।।

ਗਿਆਨ ਰੂਪ ਨੇ ਨਾਨਕ ਹੋਕੇ,
ਐਸੇ ਸ਼ਬਦ ਉਚਾਰੇ ।
ਸਭ ਪਾਸੇ ਗੋਬਿੰਦ ਹੀ ਗੋਬਿੰਦ,
ਦੱਸਣ ਸ਼ਬਦ ਕਹਾਣੀ ।।

ਗੁਰਬਾਣੀ ਖੁਦ ਗੁਰੂ ਹੋਣ ਦੇ,
ਆਪੇ ਕਰੇ ਇਸ਼ਾਰੇ ।
ਜੋ ਗੁਰਬਾਣੀਂ ਨੂੰ ਨਾਂ ਸਮਝਣ,
ਰਹਿਣ ਰਿੜਕਦੇ ਪਾਣੀ ।।

ਏਕਾ ਬਾਣੀ ਇਕ ਗੁਰ ਵਾਲੇ,
ਪਾਕਿ ਫਲਸਫੇ ਅੰਦਰ ।
ਡੇਰੇਦਾਰਾਂ ਸੰਪਰਦਾਈਆਂ,
ਘੋਰ ਮਿਲਾਵਟ ਠਾਣੀ ।।

ਦੁੱਧ `ਚ ਕਾਂਜੀ ਪਾਈ ਬੈਠੀ,
ਬਿਪਰ ਦੀ ਚੱਲੀ ਚਾਲੇ ।
ਝਾਕ ਖਿਆਲੀ ਰੱਖਣ ਵਾਲੀ,
ਅੰਧ ਵਿਸ਼ਵਾਸੀ ਢਾਣੀ ।।

ਜਾਣੇ ਜਾਂ ਅਣਜਾਣੇ ਬਣਕੇ,
ਸਮਝਣ ਗੁਰੂ ਅਧੂਰਾ ।
ਪੂਰੇ ਗੁਰ ਲਈ ਗੁਰੂ ਬਰਾਬਰ,
ਜੋੜਨ ਮੱਤ ਇਆਣੀ ।।

ਗੁਰਬਾਣੀ ਵਿੱਚ ਕੱਚੀ ਬਾਣੀ
ਨਾਲ ਮਿਲਾਵਟ ਵਾਲੀ ।
ਹਰ ਖੇਤਰ ਸੰਸਕਾਰ `ਚ ਪੈਂਦੀ,
ਬਿਪਰੀ ਰੀਤ ਨਿਭਾਣੀ ।।

ਦੁਸ਼ਮਣ ਵਰਗਾ ਬਣਕੇ ਉਹ ਤਾਂ,
ਦੁਸ਼ਮਣ ਵਿੱਚ ਹੀ ਰਹਿੰਦਾ ।
ਬੰਦਿਆਂ ਨਾਲੋਂ ਸੋਚ `ਚ ਰਹਿਣਾ,
ਨੀਤੀ ਬਿਪਰ ਪੁਰਾਣੀ ।।

ਆਪਣੇ ਹੀ ਸੰਸਕਾਰਾਂ ਨੂੰ ਉਹ,
ਦੂਜੇ ਦੇ ਸਿਰ ਮੜ੍ਹਦੀ ।
ਚਾਣਕੀਆ ਦੀ ਅਜਗਰ ਨੀਤੀ,
ਸੱਚ-ਧਰਮ ਨੂੰ ਖਾਣੀ ।।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)