Thursday, December 22, 2016

ਗੰਗੂ !

      !!ਗੰਗੂ !!
ਗੰਗੂ ਕੇਵਲ ਨਾਮ ਨਹੀਂ ਹੁੰਦਾ,
ਗੰਗੂ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ਗੰਗੂ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।
ਲਾਲਚ ਦੇ ਵਿੱਚ ਅੰਨ੍ਹਾਂ ਹੋਕੇ,
ਬੰਦਾ ਜਦ ਗੰਗੂ ਬਣ ਜਾਂਦਾ ।
ਦੇਰ-ਸਵੇਰੇ ਆਖਿਰ ਨੂੰ ਤਾਂ,
ਪੱਟੀ ਉਸਦੀ ਪੋਚ ਹੁੰਦੀ ਹੈ ।।
ਦੁਸ਼ਮਣ ਲੱਖ ਜਮਾਨਾ ਹੋਵੇ,
ਪੂਰੀ ਕੌਮ ਨਾ ਗੰਗੂ ਹੁੰਦੀ ।
ਜੇਕਰ ਏਦਾਂ ਜਾਪੇ ਤਾਂ ਫਿਰ,
ਮਨ ਦੇ ਪੈਰੀਂ ਮੋਚ ਹੁੰਦੀ ਹੈ ।।
ਸਭ ਦੇ ਨਾਲੋਂ ਗਿਰੀ ਘਨਾਉਣੀ,
ਗੰਗੂ ਤਾਂ ਹੁਣ ਗਾਲ਼ ਬਣ ਗਈ ।
ਮਨ ਵਿੱਚ ਗੰਗੂ ਜੇ ਵੜ ਜਾਵੇ,
ਫਿਰ ਨਾ ਇੱਜਤ ਬੋਚ ਹੁੰਦੀ ਹੈ ।।
ਅੰਦਰ ਗੰਗੂ ਪਾਲ਼ ਆਪਦੇ,
ਬਾਹਰਲੇ ਨਾਲ਼ ਲੜਨਾ ਚਾਹੇ ।
ਤਾਹੀਓਂ ਗੰਗੂਬਾਦ ਤੇ ਭੋਰਾ,
ਅਉਂਦੀ ਨਹੀਂ ਖਰੋਚ ਹੁੰਦੀ ਹੈ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)