Tuesday, January 10, 2017

ਵੋਟਰ ਨੂੰ !

ਵੋਟਰ ਨੂੰ !!
ਵੋਟ ਪਾਉਣ ਵਾਲਿਆ ਵੇ ਇੰਨਾਂ ਕੁ ਖਿਆਲ ਰੱਖੀਂ,
ਤੇਰੀ ਵੋਟ ਦੱਸਣਾ ਸਮਾਜ ਦੀ ਪਸੰਦ ਨੂੰ ।
ਸਬਰਾਂ ਦੀ ਹੱਦ ਲੰਘ ਸੋਚੇ ਬਦਲਾਵ ਨੂੰ ਜਾਂ,
ਲੁੱਟ-ਕੁੱਟ ਸਹਿਣ ਵਾਲੇ ਆਖੇ ਗਏ ਆਨੰਦ ਨੂੰ ।
ਵੋਟ ਨਾਲ ਸਹਿਮਤੀ ਤੇ ਸਹੀ ਠਹਿਰਾਉਣਾ ਹੁੰਦਾ,
ਲੀਡਰਾਂ ਦੇ ਕੰਮਾਂ ਤੇ ਚੜ੍ਹਾਏ ਹੋਏ ਚੰਦ ਨੂੰ ।
ਗਰਜਾਂ ਦੀ ਆੜ ਥੱਲੇ ਵੇਚਕੇ ਜਮੀਰ ਸਦਾ,
ਹੁੰਦਾ ਪਛਤਾਉਣਾ ਪਿੱਛੋਂ ਪਿਟ ਚੁੱਕੇ ਧੰਦ ਨੂੰ ।
ਵਾਰੀ-ਵਾਰੀ ਠੱਗਾਂ ਕੋਲੋਂ ਛਿੱਤਰ ਹੀ ਖਾਈ ਜਾਵੇ,
ਸਮਝ ਨਾ ਆਵੇ ਲੋਕ-ਰਾਜੀ ਫਰਜੰਦ ਨੂੰ ।
ਨਵੀਆਂ ਸੋਚਾਂ ਦੇ ਨਾਲ ਨਵਾਂ ਕੁਝ ਸੋਚਣਾ ਜਾਂ,
ਮਾਰਨੀ ਏਂ ਚੁੰਝ ਮੁੜ-ਮੁੜ ਉਸੇ ਗੰਦ ਨੂੰ ।
ਪਰਖੇ ਹੋਏ ਚੋਰਾਂ ਨਾਲੋਂ ਨਵਿਆਂ ਤੇ ਆਸ ਰਹਿੰਦੀ,
ਘੱਟੋ-ਘੱਟ ਅੱਧੀ ਤਾਂ ਗੁੰਜਾਇਸ਼ ਮੁੱਠੀ ਬੰਦ ਨੂੰ ।
ਭੁੱਲੀਂ ਨਾ ਚੁਰਾਸੀ ਅਤੇ ਨਾਹੀਂ ਵੋਟਾਂ ਵੇਲੇ ਭੁੱਲੀਂ,
ਕੱਲੇ-ਕੱਲੇ ਬਾਣੀ ਦੇ ਬੇਅਦਬੀ ਮਸੰਦ ਨੂੰ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫਰਨੀਆਂ)