Friday, July 16, 2010

ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ

ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ

ਕਰਮ ਕਾਂਡੀਆਂ ਧਰਮ ਦੀ ਡੋਰ ਫੜਕੇ,
ਇਹਦੇ ਤਾਣੇ ਨੂੰ ਏਨਾ ਉਲਝਾ ਦਿੱਤਾ।
ਸਾਫ਼ ਸਪੱਸ਼ਟ ਗੁਰਬਾਣੀ ਜੋ ਆਖਦੀ ਹੈ,
ਉਹ ਵੀ ਸਮਝਣ ਸਮਝਾਉਣੋ ਹਟਾ ਦਿੱਤਾ।
ਅਰਥਾਂ ਨੂੰ ਅਨਰਥਾਂ ਦਾ ਰੂਪ ਦੇ ਕੇ,
ਕੋਝੀ ਵਿਦਵਤਾ ਹੇਠ ਦਬਾ ਦਿੱਤਾ।
ਸਿੱਧਾ ਸਾਫ਼ ਜੋ ਸਿੱਖੀ ਦਾ ਰਾਹ ਸੋਹਣਾ,
ਪੱਗ ਡੰਡੀਆਂ ਵਾਲਾ ਬਣਾ ਦਿੱਤਾ॥ 1॥
ਹੁਣ ਤੱਕ ਜੋ ਅਸੀਂ ਹਾਂ ਰਹੇ ਕਰਦੇ,
ਰੀਤ ਬਿੱਪਰ ਦੀ ਜਾਪਦਾ ਧਾਰੀ ਹੋਈ ਏ।
ਕਰਮਕਾਂਢਾਂ ਨੂੰ ਧਰਮ ਹੀ ਸਮਝੀ ਜਾਈਏ,
ਮੱਤ ਇਸ ਤਰ੍ਹਾਂ ਸਾਡੀ ਅੱਜ ਮਾਰੀ ਹੋਈ ਏ।
ਵਡੇਰੇ ਸਾਡੇ ਤਾਂ ਇੰਝ ਹੀ ਰਹੇ ਕਰਦੇ,
ਓਸੇ ਤਰ੍ਹਾਂ ਹੀ ਸਾਡੀ ਤਿਆਰੀ ਹੋਈ ਏ।
ਗੁਰਮਤਿ ਗਿਆਨ ਦੀ ਲੋੜ ਨਾ ਕੋਈ ਜਾਪੇ
ਬਾਹਰੀ ਦਿੱਖ ਹੀ ਅੱਜ ਪਿਆਰੀ ਹੋਈ ਏ॥ 2॥
ਬਾਬੇ ਨਾਨਕ ਜਨੇਊ ਤੋਂ ਵਰਜਿਆ ਸੀ,
ਸਾਡਾ ਜੀਵਨ ਜਨੇਉਆਂ ਨਾਲ ਭਰ ਰਿਹਾ ਏ।
ਪ੍ਰੀਭਾਸ਼ਾ ਧਰਮ ਦੀ ਬਾਹਰਲੇ ਚਿੱਨ੍ਹ ਕੇਵਲ,
ਏਨੇ ਵਿੱਚ ਹੀ ਸਾਡਾ ਅੱਜ ਸਰ ਰਿਹਾ ਏ।
ਗੁਰਬਾਣੀ ਪੜ੍ਹਨਾ, ਸਮਝਣਾ, ਅਮਲ ਕਰਨਾ,
ਸਿਧਾਂਤ ਨਾਨਕ ਦਾ ਜਾਪਦਾ ਹਰ ਰਿਹਾ ਏ।
ਗੁਰਬਖਸ਼ ਸਿੰਘ ਨੇ ਪੁਛਿਆ ਖ਼ਾਲਸਾ ਜੀ,
ਖ਼ਾਲਸ ਪੁਣਾ ਅੱਜ ਸਾਡਾ ਕਿਉਂ ਮਰ ਰਿਹਾ ਏ॥ 3॥
ਨਿਅਰਾਪਨ ਜੋ ਨਾਨਕ ਨੇ ਦਿੱਤਾ ਸਾਨੂੰ,
ਕਿੰਝ ਕਿਉਂ ਤੇ ਕਿਥੇ ਇਹ ਜਾ ਰਿਹਾ ਏ।
ਪ੍ਰਤੀਤ ਗੁਰਾਂ ਨੇ ਸਾਡੀ ਕਿਉਂ ਛੱਡ ਦਿੱਤੀ,
ਰੀਤ ਬਿੱਪਰ ਦੀ ਦਾ ਅਸਰ ਛਾ ਰਿਹਾ ਏ।
ਫੁੱਲ ਬਣਿਆ ਜੋ ਜਗਤ ਮਹਿਕਾਉਣ ਖ਼ਾਤਰ,
ਐ ਪਰ ਆਪ ਕਿਉ ਅੱਜ ਕੁਮਲਾ ਰਿਹਾ ਏ।
ਗੁਰਬਖਸ਼ ਸਿੰਘ ਗੁਰਾਂ ਤੋਂ ਲੈ ਬਖਸ਼ਿਸ਼,
ਏਹੋ ਗੱਲ ਹੀ ਸਾਨੂੰ ਸਮਝਾ ਰਿਹਾ ਏ॥ 4॥
ਬਿੱਪਰੀ ਸੋਚ ਦਾ ਹਮਲਾ ਇਹ ਨਹੀਂ ਪਹਿਲਾ,
ਉਹ ਤਾਂ ਮੁਢੋਂ ਹੀ ਜੁਗਤਾਂ ਚਲਾਂਵਦਾ ਏ।
ਧਾਰਮਿਕ ਅਤੇ ਸਿਆਸੀ ਲੀਡਰਾਂ ਨੂੰ,
ਆਪਣੀ ਉਂਗਲ ਦੇ ਉੱਤੇ ਨਚਾਂਵਦਾ ਏ।
ਨਿਆਰੇ ਪਨ ਦੀ ਗਲ ਜੇ ਕੋਈ ਕਰਦਾ,
ਫ਼ਤਵਾ ਛੇਕਣ ਦਾ ਜਾਰੀ ਕਰਵਾਂਵਦਾ ਏ।
ਗੁਰਮੁੱਖ ਸਿੰਘ ਅਤੇ ਦਿੱਤ ਸਿੰਘ ਜੀ ਨੂੰ,
ਤਾਂਹੀਓਂ ਪੰਥ ਦੇ ਵਿਚੋਂ ਕਢਵਾਂਵਦਾ ਏ॥ 5॥
ਲੋਕੀ ਵੈਰੀਆਂ ਤੇ ਗਿਲੇ ਕਰੀ ਜਾਵਣ,
ਸੱਜਣ ਪੰਥ ਦੇ ਸਦਾ ਗ਼ੱਦਾਰ ਨਿਕਲੇ।
ਜਿਨ੍ਹਾਂ ਪੰਥ ਲਈ ਜੀਣ ਦਾ ਯਤਨ ਕੀਤਾ,
ਲੈ ਉਨ੍ਹਾਂ ਨੂੰ ਪੰਥ ਚੋਂ ਬਾਹਰ ਨਿਕਲੇ।
ਨੀਤੀ ਚਾਣਕੀਆਂ ਨਾਲ ਜਿਸ ਲਈ ਟੱਕਰ,
ਕਰਨ ਓਸ ਨੂੰ ਰੱਜ ਖੁਆਰ ਨਿਕਲੇ।
ਧਰਮ ਨੀਤੀ ਤੇ ਭਾਰੂ ਨਹੀਂ ਹੋਣ ਦੇਣਾ,
ਏਸ ਜੁਗਤ ਤੇ ਕਰ ਵਿਚਾਰ ਨਿਕਲੇ॥ 6॥
ਵੈਰ ਅੱਤ ਤੇ ਰੱਬ ਦਾ ਲੋਕ ਕਹਿੰਦੇ
ਸਮੇ ਸਮੇ ਤੇ ਤਾਹੀਓਂ ਸਰਦਾਰ ਆਉਂਦੇ।
ਹੱਕ ਸੱਚ ਲਈ ਜੂਝਦੇ ਮਰ ਮਿਟਦੇ,
ਫੜ ਹੱਥ ਅਣਖ਼ੀਲੀ ਤਲਵਾਰ ਆਉਂਦੇ।
ਕਸਵੱਟੀ ਲਾ ਕੇ ਗੁਰੂ ਗ੍ਰੰਥ ਜੀ ਦੀ,
ਕਰਮਕਾਂਢਾਂ ਨੂੰ ਸੁਟਣ ਬਾਹਰ ਆਉਂਦੇ।
ਬਿੱਪਰੀ ਰੀਤ ਨੂੰ ਸਿਖਾਂ ਚੋਂ ਕੱਢਣੇ ਲਈ,
ਗੁਰਬਖਸ਼ ਸਿੰਘ ਜਿਹੇ ਸਿਪਾਹ-ਸ੍ਹਾਲਾਰ ਆਉਂਦੇ॥ 7॥
ਸਾਡਾ ਧਰਮ ਨਵੀਨ ਹੈ ਸਾਰਿਆਂ ਚੋਂ,
ਬੜੇ ਫ਼ਖ਼ਰ ਨਾਲ ਅਸੀਂ ਇਹ ਆਖਦੇ ਹਾਂ।
ਵਿਚਾਰ ਵਟਾਂਦਰੇ ਗੋਸ਼ਟੀਆਂ ਨਾਲ ਭਰਿਆ,
ਭੇਡ-ਚਾਲ ਨਾ ਅਸੀਂ ਅਲਾਪਦੇ ਹਾਂ।
ਨਵੇਂ ਸਮੇ ਦੀ ਸਾਨੂੰ ਚਣੌਤੀ ਨਾਹੀ,
ਵਿਗਿਆਨਕ ਤਰਕ ਤੇ ਏਸ ਨੂੰ ਮਾਪਦੇ ਹਾਂ।
ਐਪਰ ਜਦੋਂ ਕੋਈ ਗਿਆਨ ਦੀ ਗੱਲ ਕਰਦਾ,
ਚੁਪਕੇ ਉਥੋਂ ਫਿਰ ਖਿਸਕਦੇ ਜਾਪਦੇ ਹਾਂ॥ 8॥
ਪੰਥ- ਘਾਤਕਾਂ ਸਮਾਂ ਅਨਕੂਲ ਤੱਕ ਕੇ,
ਦਰਬਾਰ ਸਾਹਿਬ ਨੂੰ ਜਦੋਂ ਸੀ ਭੇੜ ਦਿੱਤਾ।
ਮੱਖਣਸ਼ਾਹ ਗੁਰੂ ਤੇਗ਼ ਬਹਾਦਰ ਵੇਲੇ,
ਅਖੌਤੀ ਗੁਰੂਆਂ ਨੂੰ ਉੱਥੋਂ ਖਦੇੜ ਦਿੱਤਾ।
ਬਿੱਪਰਵਾਦ ਨੇ ਨਿਆਰੇ ਪੰਥ ਨੂੰ ਫਿਰ
ਕਰਮ- ਕਾਂਢਾ ਨਾਲ ਜਦੋਂ ਲਬੇੜ ਦਿੱਤਾ।
ਗੁਰਬਖਸ਼ ਸਿੰਘ ਨੇ ਗਿਆਨ ਦੀ ਖੜਗ ਲੈ ਕੇ,
ਸਚੁ ਝੂਠ ਨੂੰ ਉਵੇਂ ਨਿਖੇੜ ਦਿੱਤਾ॥ 9॥
ਠੇਕੇਦਾਰ ਜੋ ਧਰਮ ਦਾ ਬਣ ਜਾਂਦਾ,
ਕੇਵਲ ਜਾਪਦਾ ਉਹੀਓ ਖ਼ੁਸ਼ਹਾਲ ਕਿਉਂ ਏ।
ਭਲੇ ਜਗਤ ਦੇ ਲਈ ਜੋ ਪੰਥ ਬਣਿਆ,
ਹੁੰਦਾ ਉਸੇ ਦਾ ਮੰਦੜਾ ਹਾਲ ਕਿਉਂ ਏਂ।
ਅੰਦਰੋ ਅੰਦਰੀ ਜੋ ਪੰਥ ਨੂੰ ਖਾਈ ਜਾਂਦਾ
ਬਣਿਆ ਪੰਥ ਦਾ ਅੱਜ ਭਾਈਵਾਲ ਕਿਉਂ ਏਂ।
ਗੁਰਬਖਸ਼ ਸਿੰਘ ਨੇ ਪੁੱਛਿਆ ਜਥੇਦਾਰੋ,
ਹਰ ਸਿੰਘ ਦੀ ਵੱਖਰੀ ਚਾਲ ਕਿਉਂ ਏ॥ 10॥
ਪਾ ਪਾ ਚਿਠੀਆਂ ਸਿੰਘ ਨੇ ਦੇਖ ਲਈਆਂ,
ਸਰਬਰਾਹਾਂ ਨਾ ਦਿੱਤਾ ਜਵਾਬ ਏਥੇ।
ਗੁਰੂ ਗ੍ਰੰਥ ਦੀ ਬੈਠ ਗਏ ਤਾਬਿਆ ਫਿਰ,
ਸਮੇਂ ਵਾਲਾ ਨਾ ਰਿਹਾ ਹਿਸਾਬ ਏਥੇ।
ਸਾਹਿਬ ਸਿੰਘ ਦੇ ਟੀਕਿਆਂ ਸੇਧ ਦਿੱਤੀ,
ਸ਼ੰਕੇ ਤੋੜਤੇ ਰਿਹਾ ਨਾ ਖਾਬ ਏਥੇ।
ਦਸਾਂ ਸਾਲਾਂ ਦੀ ਘਾਲਣਾ ਬਾਅਦ ਉਠਾ,
ਕਲਮ ਚੁਕ ਲਿਆਉਣ ਇਨਕਲਾਬ ਏਥੇ॥ 11॥
ਰੀਤ ਬਿੱਪਰ ਦੀ ਤੋਂ ਮਾਰਗ ਸਚੁ ਵਾਲਾ,
ਗੁਰਬਖ਼ਸ਼ ਸਿੰਘ ਨੇ ਜਦੋਂ ਬਿਆਨ ਕੀਤਾ।
ਰਿਹਾ ਕਲਮ ਤੇ ਫੇਰ ਨਾ ਕੋਈ ਕਾਬੂ,
ਦਸਾਂ ਭਾਗਾਂ ਤੇ ਵੀ ਨਾਂ ਮੁਕਾਮ ਕੀਤਾ।
ਕਸਵੱਟੀ ਲਾ ਕੇ ਗੁਰੂ ਗ੍ਰੰਥ ਵਾਲੀ
ਗੁਰਮਤਿ ਗਿਆਨ ਵਲ ਓਸ ਧਿਆਨ ਕੀਤਾ।
ਸ਼ਰਮ ਨਾਲ ਫਿਰ ਸਿਰ ਸੀ ਝੁਕਣ ਲੱਗਾ,
ਕਰਮ ਕਾਂਡਾਂ ਦਾ ਦੇਖ ਨੁਕਸਾਨ ਕੀਤਾ॥ 12॥
ਗੁਰਬਖ਼ਸ਼ ਸਿੰਘ ਪੁੱਛੇ ਦਸੋ ਖ਼ਾਲਸਾ ਜੀ,
ਬਿਪਰਵਾਦ ਹੈ ਕਿਥੋਂ ਪਰਵੇਸ਼ ਕਰਦਾ।
ਸਾਰੇ ਜੱਗੋਂ ਨਿਆਰਾ ਜੋ ਸਿਰਜਿਆ ਸੀ,
ਕਿਉਂ ਇਹ ਖ਼ਾਲਸਾ ਗ਼ਲਤੀ ਹਮੇਸ਼ ਕਰਦਾ।
ਗੁਰੂ ਗ੍ਰੰਥ ਸਵਾਰਦੇ ਧੁਰ ਅੰਦਰੋਂ,
ਬੰਦਾ ਕੇਵਲ ਕਿਉਂ ਬਾਹਰਲੇ ਭੇਸ ਕਰਦਾ।
ਦਸਮ ਗ੍ਰੰਥ ਜਿਹੀ ਰਚਨਾ ਦੇ ਲੱਗ ਆਖੇ,
ਗੁਰਮਤਿ ਗਿਆਨ ਦੀ ਪੱਟੀ ਕਿਓਂ ਮੇਸ ਕਰਦਾ॥ 13॥
ਗੁਰੂ ਗ੍ਰੰਥ ਅਨਕੂਲ ਜੋ ਨਹੀਂ ਰਚਨਾ,
ਕਿੱਦਾਂ ਸਿੱਖਾਂ ਨੇ ਕੀਤਾ ਵਿਸ਼ਵਾਸ਼ ਉਸਤੇ।
ਲੱਗੀ ਨਾਨਕ ਦੀ ਮੋਹਰ ਨਾ ਜਿਸ ਉੱਤੇ,
ਕਿੱਦਾਂ ਸਿੱਖਾਂ ਨੂੰ ਹੋਇਆ ਧਰਵਾਸ ਉਸਤੇ।
ਦਸਵੇਂ ਨਾਨਕ ਨੇ ਵੀ ਜਿਸ ਨੂੰ ਸਾਂਭਿਆ ਨਾ,
ਕਿਦਾਂ ਹੋ ਗਈ ਸਿੱਖਾਂ ਨੂੰ ਆਸ ਉਸਤੇ।
ਗੁਰੂ ਗ੍ਰੰਥ ਵਿੱਚ ਜਗ੍ਹਾ ਨਾ ਮਿਲੀ ਜਿਸਨੂੰ,
ਬਣੀ ਸਿੱਖਾਂ ਦੀ ਸ਼ਰਧਾ ਕਿਉਂ ਖ਼ਾਸ ਉਸਤੇ॥ 14॥
ਪਿਉ ਕੌਮ ਦਾ ਇੱਕ ਹੀ ਹੋਂਵਦਾ ਏ,
ਕਿਦਾਂ ਦੂਜੇ ਨੂੰ ਕੋਈ ਬਣਾ ਰਿਹਾ ਏ।
ਗੁਰੂ ਗ੍ਰੰਥ ਦੀ ਕਰਨ ਬਰਾਬਰੀ ਲਈ,
ਦਸਮ ਗ੍ਰੰਥ ਕਿਉਂ ਜਗ ਤੇ ਆ ਰਿਹਾ ਏ।
ਨਿਆਰੇਪਣ ਦੀ ਸਿਖਿਆ ਤੋਂ ਕਰ ਵਾਂਝਾ,
ਅੰਧ ਵਿਸ਼ਵਾਸ਼ਾਂ ਦੀ ਨ੍ਹੇਰੀ ਲਿਆ ਰਿਹਾ ਏ।
ਇਹ ਸਭ ਅਣਜਾਣੇ ਵਿੱਚ ਹੋਈ ਜਾਂਦਾ,
ਜਾਂ ਫਿਰ ਬੈਠਾ ਕੋਈ ਜੁਗਤਾਂ ਚਲਾ ਰਿਹਾ ਏ॥ 15॥
ਭਾਗ ਸਿੰਘ ਅੰਬਾਲਾ ਨੂੰ ਕਿਸੇ ਵੇਲੇ,
ਏਸੇ ਸਚੁ ਦਾ ਸੀ ਅਹਿਸਾਸ ਹੋਇਆ।
ਸੱਚ ਦੱਸਣ ਲਈ ਜਦੋਂ ਉਸ ਕਲਮ ਚੁੱਕੀ,
ਮਤਾ ਛੇਕਣ ਦਾ ਉਦੋਂ ਵੀ ਪਾਸ ਹੋਇਆ।
ਸੱਚੁ ਛੱਡ ਕੇ ਝੂਠ ਨਾਲ ਭੀੜ ਜੁੜਦੀ,
ਸੱਚੁ ਬੋਲਣ ਦਾ ਜਦ ਵੀ ਅਭਿਆਸ ਹੋਇਆ।
ਉਦੋਂ ਉਦੋਂ ਹੀ ਕੂੜ ਦੇ ਆਏ ਬੱਦਲ,
ਜਦੋਂ ਜਦੋਂ ਵੀ ਗਿਆਨ ਪ੍ਰਕਾਸ਼ ਹੋਇਆ॥ 16॥
"ਗੁਰੂ ਬਿਲਾਸ ਛੇਵੀਂ ਪਾਤਸਾਹੀ "
ਜਥੇਦਾਰਾਂ ਜਦ ਕੌਮ ਸਿਰ ਮੜ੍ਹ ਦਿੱਤੀ ।
ਉਸ ਕਿਤਾਬ ਵਿੱਚ ਧਰਮ ਦੇ ਠੇਕੇਦਾਰਾਂ,
ਲਿਖ ਕੇ ਉਸਤਤੀ ਭੂਮਕਾ ਜੜ ਦਿੱਤੀ।
ਗੁਰਦੁਆਰਿਆਂ ਵਿੱਚ ਇਸ ਦੀ ਕਥਾ ਹੋਵੇ,
ਅੰਦਰ ਖਾਤੇ ਜਦ ਨੀਤੀ ਵੀ ਘੜ ਦਿੱਤੀ।
ਗੁਰਬਖਸ਼ ਸਿੰਘ ਨੇ ਗੁਰੂ ਕਸਵੱਟੀ ਉੱਤੇ,
ਚਾਲ ਬਿੱਪਰ ਦੀ ਸੰਗਤ ਵਿੱਚ ਪੜ੍ਹ ਦਿੱਤੀ॥ 17॥
ਗੁਰੂ ਨਿੰਦਿਆ ਨਾਲ ਜੋ ਭਰੀ ਪੁਸਤਕ,
ਵਿਹੜੇ ਸਿੱਖਾਂ ਦੇ ਕਿਸ ਤਰਾਂ ਆਈ ਸਿੱਖੋ।
ਸਿਧਾਂਤ ਅਸੂਲ ਫ਼ਿਲਾਸਫੀ ਗੁਰੂ ਵਾਲੀ,
ਨੇੜੇ ਤੇੜੇ ਵੀ ਇਹਦੇ ਨਾ ਪਾਈ ਸਿੱਖੋ।
ਗੁਰੂ ਨਾਨਕ ਦੀ ਨਿਰਮਲ ਵਿਚਾਰਧਾਰਾ,.
ਬਿੱਪ੍ਰਵਾਦ ਨੇ ਕਿੰਝ ਛੁਟਿਆਈ ਸਿਖੋ।
ਗੁਰੂ ਗ੍ਰੰਥ ਨੂੰ ਪੂਰਨ ਜੋ ਗੁਰੂ ਮੰਨਣ ,
ਉੱਚੀ ਪਾਉਂਦੇ ਨੇ ਹਾਲ ਦੁਹਾਈ ਸਿੱਖੋ॥ 18॥
ਜਿਨ੍ਹਾਂ ਚਿੰਤਕਾਂ ਦਸਮ ਗ੍ਰੰਥ ਦੇ ਨਾਲ,
ਇਸ ਕਿਤਾਬ ਦੀ ਵੀ ਹੈ ਵਿਚਾਰ ਕੀਤੀ। (ਗੁ: ਬਿ: ਪਾ: 6)
ਇੱਕੋ ਜਿਹੀ ਸ਼ਬਦਾਵਲੀ,ਖ਼ਿਆਲ ਇਕੋ,
ਨੀਤੀ ਇੱਕੋ ਹੀ ਜਾਪੀ ਅਖ਼ਤਿਆਰ ਕੀਤੀ।
ਇੱਕੋ ਸਮਾ ਤੇ ਇੱਕੋ ਲਿਖਾਰੀ ਜਾਪੇ,
ਇੱਕੋ ਤਰ੍ਹਾਂ ਹੈ ਖ਼ਲਕਤ ਖ਼ੁਆਰ ਕੀਤੀ।
ਗੁਰੂ ਗ੍ਰੰਥ ਦਾ ਦੁਸ਼ਮਣ ਬਸ ਉਹ ਇੱਕੋ,
ਨਾਨਕ ਨਾਲ ਜਿਸ ਮੁੱਢੋਂ ਤਕਰਾਰ ਕੀਤੀ॥ 19॥
ਗੁਰਬਖਸ਼ ਸਿੰਘ ਜਦ ਸੱਚ ਬਿਆਨ ਕੀਤਾ,
ਪੁਜਾਰੀਵਾਦ ਵਿੱਚ ਪੈ ਗਿਆ ਸ਼ੋਰ ਸਾਰੇ।
ਬੁੱਢੇ ਸ਼ੇਰ ਨੂੰ ਕਿਸ ਤਰ੍ਹਾਂ ਨੂੜੀਏ ਹੁਣ,
ਸਿਰ ਜੋੜਕੇ ਬੈਠਗੇ ਚੋਰ ਸਾਰੇ।
ਫ਼ਤਵੇ ਮੌਤ ਵਾਲੇ ਕੋਈ ਕਰੇ ਜਾਰੀ,
ਔਰੰਗਜ਼ੇਬੀ ਸੀ ਘਟਾ ਘਣਘੋਰ ਸਾਰੇ।
ਆਪਣੇ ਵਰਗਿਆਂ ਚੋਂ ਛੇਕ ਖ਼ੁਸ਼ ਹੇਗੇ,
ਡੇਰੇਦਾਰ , ਅਗਿਆਨੀ ਤੇ ਢੋਰ ਸਾਰੇ॥ 20॥
ਕਰਮ ਕਾਂਢੀਆਂ ਨੂੰ ਪਈਆਂ ਭਾਜੜਾਂ ਨੇ,
ਸਿੰਘ ਗੱਜਿਆ ਜਦੋਂ ਮੈਦਾਨ ਅੰਦਰ ।
ਇਕ ਗੱਲ ਸਮਝਾਉਣ ਲਈ ਘਟੋ- ਘੱਟ ਉਹ,
ਪੰਜਾਂ ਸ਼ਬਦਾਂ ਨੂੰ ਰੱਖਦਾ ਧਿਆਨ ਅੰਦਰ ।
ਗੁਰੂ ਗ੍ਰੰਥ ਤੋਂ ਬਾਹਰ ਨਹੀਂ ਜਾਂਵਦਾ ਏ,
ਤਾਹੀਓਂ ਰੜਕਿਆ ਸਾਰੇ ਜਹਾਨ ਅੰਦਰ।
ਮਤਿ ਗੁਰੂ ਦੀ ਵਲ ਨੂੰ ਪਿੱਠ ਕਰਕੇ,
ਬਣਕੇ ਬੈਠਗੇ ਪੰਜ ਭਗਵਾਨ ਅੰਦਰ॥ 21॥
ਕੇਹਾ ਰੌਲ਼ਾ ਅਜ ਪੰਥ ਵਿਚ ਪੈ ਗਿਆ ਏ,
ਛੱਡੀ ਸੱਚ ਦੀ ਨਾਂ ਪਹਿਚਾਣ ਇੱਥੇ ।
ਚੋਰ ਬਣ ਗਏ ਪੰਥ ਦੇ ਚੌਧਰੀ ਨੇ,
ਗੁੰਡੀ ਰੰਨ ਹੈ ਬਣੀ ਪ੍ਰਧਾਨ ਇਥੇ ।
ਪੰਥ ਲਈ ਜੋ ਘਾਲਣਾ ਘਾਲ ਮਰਦੇ,
ਸਾਡੀ ਕੌਮ ਨਾਂ ਦੇਵੇ ਸਨਮਾਨ ਇਥੇ ।
ਜਿਓਂਦੇ ਹੋਏ ਨੂੰ ਪੰਥ ਚੋਂ ਛੇਕ ਦਿੰਦੇ,
ਮਰਨ ਪਿਛੋਂ ਹੀ ਸਿੱਖੀ ਵਿਚ ਲਿਆਣ ਏਥੇ ॥22॥
ਬਾਹਮਣਗਿਰੀ ਨਹੀਂ ਚਲਣੀ ਪੰਥ ਅੰਦਰ,
ਗੁਰਬਖ਼ਸ਼ ਸਿੰਘ ਨੇ ਕਿਹਾ ਲਲਕਾਰ ਕੇ ਤੇ ।
ਸਾਬਤ ਕਰੋਂ ਜੇ ਗੁਰਮਤਿ ਵਰੁੱਧ ਲਿਖਤਾਂ,
ਗੁਰੂ ਗ੍ਰੰਥ ਚੋ ਸ਼ਬਦ ਨਿਹਾਰਕੇ ਤੇ ।
ਮਾਫੀ ਮੰਗ ਕਿਤਾਬਾਂ ਨੂੰ ਲਊਂ ਵਾਪਿਸ,
ਆਪਣੇ ਮੂੰਹ ਤੇ ਕਾਲਖ ਖਿਲਾਰ ਕੇ ਤੇ ।
ਜੇਕਰ ਹਾਰ ਗਏ, ਤੁਸੀਂ ਵੀ ਮੂੰਹ ਆਪਣੇ,
ਕਾਲੇ ਕਰਨ ਲਈ ਰੱਖਣੇ ਸੁਆਰ ਕੇ ਤੇ ॥23॥
ਬੁੱਢੇ ਸ਼ੇਰ ਨੇ ਚੈਲੇਂਜ਼ ਸੀ ਜਦੋਂ ਕੀਤਾ,
ਪਿਸੂ ਪੈ ਗਏ ਸਾਰੇ ਪੁਜਾਰੀਆਂ ਵਿੱਚ ।
ਕਹਿੰਦੇ ਕੰਮ ਤਾਂ ਸਾਡਾ ਵਪਾਰ ਕੇਵਲ,
ਨਾਮ ਬੇਚਣਾਂ ਸੰਗਤਾਂ ਸਾਰੀਆਂ ਵਿੱਚ ।
ਛੇਕੇ ਹੋਏ ਦੀ ਗੱਲ ਨਾਂ ਅਸੀਂ ਸੁਣਦੇ,
ਕਿਉਂਕਿ ਰਹਿਣਾ ਏ ਅਸੀਂ ਸੰਸਾਰੀਆਂ ਵਿੱਚ।
ਸਾਡੇ ਹੁੰਦੇ ਜੇ ਸੱਚ ਦੀ ਗੱਲ ਹੋਜੇ,
ਛੇਕ ਦਿਆਂਗੇ ਬੈਠੇ ਹਾਂ ਤਿਆਰੀਆਂ ਵਿੱਚ ॥24॥
ਪਰਖ ਹੀਰੇ ਦੀ ਜਿਸ ਤਹਾਂ ਕਰੇ ਜੌਹਰੀ,
ਸਪੋਕਸ ਮੈਨ ਵਾਲੇ ਜੋਗਿੰਦਰ ਸਿੰਘ ਕੀਤੀ।
ਸਾਥ ਸਚੁ ਦਾ ਦੇਕੇ ਪਹੁੰਚਾਇਆ ਘਰ ਘਰ,
ਸੇਵਾ ਕੌਮ ਦੀ ਉਸ ਨੇ ਇੰਝ ਕੀਤੀ।
ਧਰਮ ਨੀਤਕਾਂ ਤੇ ਰਾਜਨੀਤਕਾਂ ਨੇ,
ਇਕੱਠੇ ਹੋ ਕੇ ਉਹੀ ਫਿਰ ਛਿੰਝ ਕੀਤੀ।
ਕਾਰਵਾਈ ਪੁਜਾਰੀਆਂ ਫੇਰ ਓਹੀ,
ਹਰ ਵਾਰ ਵਾਂਗੂ ਪਾ ਕੇ ਵਿੰਗ ਕੀਤੀ॥ 25॥
ਨਾਨਕ ਨਾਲ ਹੋਇਆ ਉਸਨੂੰ ਇਸ਼ਕ ਐਸਾ,
ਸਚੁ ਲਿਖਦਿਆਂ ਬੀਤ ਗਏ ਸਾਲ ਉਸਦੇ।
ਜਿਸ ਰਸਤੇ ਇਕੱਲਾ ਉਹ ਚਲਿਆ ਸੀ,
ਕਲਮਾ ਸੈਂਕੜੇ ਤੁਰ ਪਈਆਂ ਨਾਲ ਉਸਦੇ।
ਮੁੱਢ ਬਨਤਾ ਨੈਤਿਕ ਇੰਕਲਾਬ ਵਾਲਾ,
ਤਰਕ ਬਣ ਗਏ ਸਿੱਖਾਂ ਲਈ ਢਾਲ ਉਸਦੇ।
ਦਰੇ ਖੈਬਰ ਵਿੱਚ ਕਿਲ੍ਹਾ ਉਸਾਰ ਦਿੱਤਾ,
ਉਸ ਰਸਤਿਉਂ ਦੁਸ਼ਮਣ ਬੇ- ਹਾਲ ਉਸਦੇ॥ 26॥
ਗੁਰੂ ਲਈ ਜੋ ਸੇਵਾ ਗੁਰਬਖ਼ਸ਼ ਸਿੰਘ ਤੋਂ,
ਏਸੇ ਸੇਵਾ ਨੇ ਪਰ-ਉਪਕਾਰ ਬਣਨਾ।
ਬੇੜੀ ਫਸੀ ਮੰਝਧਾਰ ਚੋਂ ਕਢਣੇ ਲਈ,
ਨਵੇਂ ਜੁੱਗ ਲਈ ਇੱਕ ਲਲਕਾਰ ਬਣਨਾ।
ਆਉਣ ਵਾਲੀਆਂ ਨਸਲਾਂ ਲਈ ਇਨ੍ਹਾਂ ਲਿਖਤਾਂ,
ਖੋਜ ਕਰਨ ਲਈ ਚਾਨਣ ਮੁਨਾਰ ਬਣਨਾ।
ਗੱਲ ਸੱਚ ਦੀ ਤੁਰੀ ਜਦ ਸਭ ਪਾਸੇ,
ਬੇਗਮਪੁਰਾ ਫਿਰ ਸਾਰਾ ਸੰਸਾਰ ਬਣਨਾ॥ 27॥