Saturday, July 3, 2010

ਸਾਡਾ ਆਪਣਾ ਪੱਤਰਕਾਰ

ਸਾਡਾ ਆਪਣਾ ਪੱਤਰਕਾਰ
‘ਪੰਥ ਜੀਵੇ ਮੈਂ ਉਜੜ੍ਹਾਂ’ ਵਰਗੀ ਅਖਾਣ ਮੈਂ ਸੁਣੀ ਕਈ ਵਾਰ ਸੀ ਪਰ ਕਦੇ ਹਕੀਕਤ ਬਣਦੀ ਨਹੀਂ ਦੇਖੀ ਸੀ। ਸੋਚਦਾ ਸਾਂ ਕਿ ਉਹ ਵੇਲਾ ਤਾਂ ਲੰਘ ਚੁੱਕਾ ਹੈ, ਜਦੋਂ ਇਸ ਤਰਾਂ ਦੇ ਸਿੱਖ ਲੀਡਰ ਅਕਸਰ ਮਿਲ ਜਾਂਦੇ ਸਨ। ਹੁਣ ਤਾਂ ਪੰਥ ਉਜੜਦਾ ਦੇਖ ਖੁਦ ਵਸਣ ਦੀ ਤਮੰਨਾ ਕਰਨ ਵਾਲਿਆਂ ਦੀ ਭਰਮਾਰ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਉਪਰੋਕਤ ਅਖਾਣ ਵੀ ਓਪਰੀ ਜੇਹੀ ਜਾਪਣ ਲੱਗੀ ਹੈ। ਪਰ ਇੱਕ ਦਿਨ ਜਦੋਂ ਮੈਨੂੰ ਵੀ ਅਜਿਹੇ ਹੀ ਹਾਲਾਤਾਂ ਵਿੱਚ ਉਸ ਪਰਾਚੀਨ ਰੂਹ ਦੇ ਦਰਸ਼ਣਾ ਦਾ ਝਲਕਾਰਾ ਦਿਖਿਆ ਤਾਂ ਮੈਂ ਕਿੰਨਾ ਹੀ ਚਿਰ, ਬਿਨਾ ਕੁੱਝ ਬੋਲੇ ਤੋਂ ਵਿਸਮਾਦ ਕਹੀ ਜਾਂਦੀ ਅਵਸਥਾ ਵਿੱਚ ਬੈਠਾ ਸੋਚਦਾ ਰਿਹਾ ਕਿ ਹੇ ਮੇਰੇ ਵਾਹਿਗੁਰੂ ਮੈਨੂੰ ਯਕੀਨ ਕਰ ਹੀ ਲੈਣ ਦੇ ਕਿ ਇਹ ਤਾਂ ਮੇਰਾ ਵੱਡਾ ਵੀਰ, ਮੇਰਾ ਦੋਸਤ, ਸਾਡਾ ਹੀ ਆਪਣਾ ਪੱਤਰਕਾਰ ਹੈ।



ਮੇਰੇ ਵਰਗੇ ਅਨੇਕਾਂ ਹੋਣਗੇ ਜਿਨਾ ਨੂੰ ਉਹ ਆਪਣਾ ਲੱਗਦਾ ਹੋਵੇਗਾ। ਪਤਾ ਨਹੀਂ ਕਿਓਂ ਮੈਨੂੰ ਉਹ ਜਿਆਦਾ ਹੀ ਚੰਗਾ ਲੱਗਦਾ। ਮੈ ਇੱਕ ਤਰਾਂ ਨਾਲ ਉਸਨੂੰ ਮਿਲਣ ਦੇ ਬਹਾਨੇ ਹੀ ਭਾਲਦਾ। ਅਸੀਂ ਸਭ ਦੋਸਤ ਇੱਕ ਦੂਜੇ ਕੋਲ ਉਸਨੂੰ ਆਪਣਾ ਪੱਤਰਕਾਰ ਆਖਦੇ। ਗੁਰਬਾਣੀ ਉਸ ਦੀ ਸਮੁੱਚੀ ਸਖਸ਼ੀਅਤ ਵਿੱਚੋਂ ਝਲਕਦੀ ਨਜਰੀਂ ਪੈਂਦੀ। ਉਹ ਜਦ ਵੀ ਇੰਡੀਆ ਜਾਂ ਕਿਤੇ ਹੋਰ ਜਾਂਦਾ ਤਾਂ ਮੈ ਅਕਸਰ ਸੋਚਦਾ ਕਿ ਮੈਨੂੰ ਏਅਰਪੋਰਟ ਤੱਕ ਛੱਡਣ ਲਈ ਆਖ ਦੇਵੇ। ਏਸੇ ਬਹਾਨੇ ਉਸ ਨਾਲ 40-45 ਮਿੰਟ ਬਿਤਾਉਣ ਦਾ ਬਹਾਨਾ ਮਿਲ ਜਾਂਦਾ। ਕਈ ਸਮਾਗਮਾਂ ਜਾਂ ਕਈ ਕਵੀ ਦਰਬਾਰਾਂ ਵਿੱਚ ਮੈ ਉਸਦਾ ਸਾਥ ਮਾਨਣ ਦਾ ਮੌਕਾ ਹਾਸਲ ਕਰ ਹੀ ਲੈਂਦਾ। ਮੈਂ ਵੀ ਕਵੀਤਾਵਾਂ ਲਿਖਣ ਤੇ ਬੋਲਣ ਦੇ ਸ਼ੌਕ ਅਤੇ ਗੁਰਮਤਿ ਸਿਧਾਂਤਾਂ ਨੂੰ ਸਮਝਣ ਦੀ ਰੀਝ ਹੋਣ ਕਾਰਣ ਉਸਤੋਂ ਕੁੱਝ ਨਾ ਕੁੱਝ ਸਿੱਖਦਾ ਹੀ ਰਹਿੰਦਾ। ਸ਼ਾਇਦ ਦੋਸਤੀ ਦੇ ਅਜਿਹੇ ਨਿੱਘ ਨੂੰ ਸਦੀਵੀ ਬਣਾਉਣ ਲਈ ਮੈਂ ਆਪਣੀ ਇੱਕ ਕਿਤਾਬ ‘ਵਿਰਸੇ ਦੇ ਗੀਤ’ ਦਾ ਮੁੱਖ ਬੰਦ ਵੀ ਉਸੇ ਤੋਂ ਲਿਖਵਾਇਆ। ਜਦੋਂ ਮੈਨੂੰ ਪਤਾ ਲੱਗਾ ਕਿ ਉਹ ‘ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ’ ਦੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਭਾਸ਼ਣ ਵੀ ਦਿੰਦਾ ਰਿਹਾ ਹੈ ਤਾਂ ਮੇਰੇ ਮਨ ਵਿੱਚ ਉਸਦਾ ਸਤਿਕਾਰ ਹੋਰ ਵੀ ਵਧ ਗਿਆ ਕਿਓਂਕਿ ਯੂਨੀਵਰਸਟੀ ਪੜ੍ਹਨ ਦੌਰਾਨ ਮੈਂ ਵੀ ‘ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ’ ਵਾਲਿਆਂ ਨਾਲ ਸਕੂਲਾਂ ਪਿੰਡਾਂ ਵਿੱਚ ਜਾ ਆਇਆ ਕਰਦਾ ਸਾਂ। ਮੇਰੀਆਂ ਕਵੀਤਾਵਾਂ ਅਤੇ ਗੀਤਾਂ ਦੀਆਂ ਕਿਤਾਬਾਂ ਹਾਲੇ ਵੀ ਉਹੀ ਛਾਪਦੇ ਅਤੇ ਵੰਡਦੇ ਹਨ। ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਗੁਰਮਤਿ ਅਨੁਕੂਲ ਸਰਬਪੱਖੀ ਅਗਵਾਈ ਦੇਣ ਵਾਲੀ ਅਨੇਕਾਂ ਵਿੰਗਾ ਅਤੇ ਸੈਂਕੜੇ ਯੂਿਨਟਾਂ ਵਾਲੀ ਇਹ ਜੱਥੇਬੰਦੀ ਪੂਰੀ ਦੁਨੀਆਂ ਵਿੱਚ ਸਮਾਈ, ਅਕਾਲ ਤਖਤ ਨੂੰ ਸਮੱਰਪਤਿ ਅਤੇ ਯੂ-ਐਨ-ਓ ਤੋਂ ਮਾਨਤਾ ਪ੍ਰਾਪਤ ਸਹਿਯੋਗੀ ਅਤੇ ਗੈਰ- ਰਾਜਨੀਤਿਕ ਜੱਥੇਬੰਦੀ ਹੈ।
ਜਦੋਂ ਦਾ ਇਹ ਪੱਤਰਕਾਰ ਅਮਰੀਕਾ ਆਇਆ ਹੈ, ਮੇਰੇ ਇਹਦੇ ਨਾਲ ਦੋਸਤਾਨਾ ਸਬੰਧ ਬਣਦੇ ਗਏ। ਗੁਰੁ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਬਹੁਤ ਹੀ ਸਾਦੇ ਢੰਗ ਨਾਲ ਜਿੰਦਗੀ ਬਸਰ ਕਰ ਰਿਹਾ ਇਹ ਪੱਤਰਕਾਰ ਗੁਰਮਤਿ ਅਨੁਸਾਰੀ ਅਨੇਕਾਂ ਗੁਣਾ ਦਾ ਮਾਲਿਕ ਹੁੰਦਾ ਹੋਇਆ ਵੀ ਹਉਮੇ ਤੋਂ ਬਹੁਤ ਦੂਰ ਹੈ। ਸੱਚ ਅਤੇ ਜਮੀਰ ਦੀ ਆਵਾਜ ਸੁਣ ਉਠ ਖੜੋਨਾ ਉਸ ਦਾ ਸ਼ੌਕ ਹੈ। ਕਾਫੀ ਲੰਬਾ ਅਰਸਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਹਿਣ ਤੋਂ ਬਾਅਦ ਵੀ ਉਸਨੂੰ ਕਿਸੇ ਕੁਰਸੀ ਦਾ ਮੋਹ ਨਹੀਂ ਹੋਇਆ ਸਗੋਂ ਇੱਕ ਵਾਰ ਜਦੋਂ ਬਾਦਲ ਅਕਾਲੀ ਦਲ ਨੇ ਸਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਧੜੇ ਦੇ ਹੱਕ ਵਿੱਚ ਭੁਗਤਾਉਣ ਲਈ ਹਰਿਆਣੇ ਦੇ ਕਿਸੇ ਫਾਰਮ ਹਾਊਸ ਵਿੱਚ ਵੋਟਾਂ ਤੱਕ ਰੱਖਣ ਦੀ ਬਿਓਂਤ ਘੜੀ ਸੀ ਤਾਂ ਇਕੱਲਾ ਇਹੀ ਪਤਰਕਾਰ ਸੀ ਜੋ ਆਪਣੀ ਜਮੀਰ ਦੀ ਆਵਾਜ਼ ਸੁਣ ਸਭ ਨਾਲ ਵਿਰੋਧਤਾ ਸਹੇੜ, ਸਭ ਨੂੰ ਅਲਵਿਦਾ ਆਖ, ਜਾਨ ਹਥੇਲੀ ਤੇ ਰੱਖ ਉੱਥੋਂ ਭੱਜ ਆਇਆ ਸੀ। ਸ਼ਰੋਮਣੀ ਕਮੇਟੀ ਵਿੱਚ ਵੀ ਸ਼ਇਦ ਗੁਰਬਾਣੀ, ਗੁਰਇਤਿਹਾਸ ਅਤੇ ਸਿੱਖ ਇਤਹਾਸ ਪੜ੍ਹਨ ਅਤੇ ਸਮਝਣ ਵਾਲਿਆਂ ਚੰਦ ਮੈਂਬਰਾਂ ਵਿੱਚੋਂ ਉਹ ਇੱਕ ਸੀ।
ਅਮਰੀਕਾ ਵਿੱਚ ਰਹਿੰਦਾ ਹੋਇਆ ਉਹ ਪੰਜਾਬ ਟਾਈਮ ਅਖਬਾਰ ਦਾ ਲਗਾਤਾਰ ਕਾਲਮਨਿਸਟ ਬਣਿਆ ਹੋਇਆ ਹੈ। ਉਹ ਚੰਡੀਗੜੋਂ ਛਪਦੀ ਅਖਬਾਰ ਰੋਜਾਨਾ ਸਪੋਕਸਮੈਨ ਦਾ ਵੀ ਅਮਰੀਕਾ ਦਾ ਖਾਸ ਪੱਤਰਕਾਰ ਹੈ। ਹੋਰ ਵੀ ਅਨੇਕਾਂ ਅਖਬਾਰਾਂ ਵਿੱਚ ਉਸਦੇ ਆਰਟੀਕਲ ਅਕਸਰ ਛਪਦੇ ਰਹਿੰਦੇ ਹਨ। ਉਸਦੇ ਆਰਟੀਕਲ ਸਮਾਜ ਸੁਧਾਰਕ ਅਤੇ ਦਿਲਾਂ ਨੂੰ ਟੁੰਬਣ ਵਾਲੇ ਹੁੰਦੇ ਹਨ। ਉਸਦੀ ਲੇਖਣੀ ਵਿੱਚ ਗੁਰਬਾਣੀ ਅਤੇ ਸਾਹਿਤ ਦਾ ਸੁਹਾਵਣਾ ਸੁਮੇਲ ਹੁੰਦਾ ਹੈ। ੳਸਦੀ ਕਲਮ ਵਿੱਚ ਪਾਠਕਾਂ ਨੂੰ ਮੰਤਰ-ਮੁਗਧ ਕਰਕੇ ਨਾਲ ਵਹਾ ਲੈ ਜਾਣ ਵਰਗੀ ਰਵਾਨਗੀ ਹੁੰਦੀ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਰੋਜਮਰਾ ਦੀ ਜਿੰਦਗੀ ਦੀਆਂ ਘਟਨਾਵਾਂ ਨੂੰ ਇੱਕ ਖਾਸ ਦ੍ਰਿਸਟੀਕੋਣ ਤੋਂ ਵਾਚਣਾ ਉਸਦਾ ਸੁਭਾਅ ਹੈ।
ਅਜੋਕੇ ਵਿਚਾਰਧਾਰਾਵਾਂ ਦੇ ਵਖਰੇਵਿਆਂ ਭਰੇ ਯੁੱਗ ਵਿੱਚ ਇੱਕੋ ਸਮੇਂ ਕਈ ਅਖਬਾਰਾਂ ਲਈ ਲਿਖਣਾ ਕਈ ਵਾਰ ਵਿਰੋਧੀ ਸੁਰ ਵਾਲਿਆਂ ਦੀ ਦੁਬਿਧਾ ਦਾ ਕਾਰਣ ਬਣ ਜਾਂਦਾ ਹੈ। ‘ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ’ (ਗੁਰੁ ਗ੍ਰੰਥ ਸਾਹਿਬ) ਦੀ ਅਸਲ ਭਾਵਨਾਂ ਨੂੰ ਸਮਝਣ ਵਾਲਾ ਇਹ ਪੱਤਰਕਾਰ ਹਰ ਸਟੇਜ ਤੇ ਸੱਚ ਕਹਿਣ ਤੋਂ ਨਹੀਂ ਝਿਜਕਦਾ। ਪੂਰੇ ਸਮਾਜ ਦੇ ਦਰਦਾਂ ਨੂੰ ਕਲਮ ਨਾਲ ਬਿਆਨਦਾ ਇਹ ਪੱਤਰਕਾਰ ਆਪਣਾ ਦਰਦ ਵੀ ਉਸੇ ਕਲਮ ਨਾਲ ਬਹਿ ਜਾਣ ਦਿੰਦਾ ਹੈ। ਉਸੇ ਹੀ ਕਲਮ ਦਾ ਲਿਖਿਆ ਪੜਨ ਨੂੰ ਮਿਲਿਆ ਕਿ ਦਰਦ ਜਦੋਂ ਦਿਲ ਦੇ ਬਹੁਤ ਨਜਦੀਕ ਹੋਕੇ ਗੁਜਰਦਾ ਹੈ ਤਾਂ ਇਨਸਾਨ ਦੀ ਕੀ ਹਾਲਤ ਹੁੰਦੀ ਹੈ। ਦੂਜੇ ਦੇ ਘਰੇ ਲੱਗੀ ਅੱਗ ਨੂੰ ਅਸੀਂ ਬਸੰਤਰ ਦੇਵਤਾ ਹੀ ਆਖਦੇ ਹਾਂ। ਦੁਜੇ ਨੂੰ ਮੱਤ ਦੇਣੀ ਆਸਾਨ ਹੂੰਦੀ ਹੈ। ਦੁਨੀਆਂ ਦੇ ਦਰਦਾਂ ਵਿੱਚ ਹਮੇਸਾਂ ਸ਼ਰੀਕ ਹੁੰਦੀ ਏਸ ਕਲਮ ਨੇ ਜਦੋ ਂਪੰਜਾਬ ਦੇ ਅਖਬਾਰਾਂ ਵਿੱਚ ਛਪੀ ਇੱਕ ਖਬਰ ਵਾਰੇ ਲਿਖਿਆ ਕਿ ਦਰਬਾਰ ਸਾਹਿਬ ਦੇ ਦਰਸ਼ਣਾ ਤੋਂ ਪਰਤ ਰਹੀ ਗੁਰੂ ਘਰ ਦੇ ਅਟੁੱਟ ਸ਼ਰਧਾਲੂਆਂ ਦੀ ਇੱਕ ਗੱਡੀ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਤੇ ਜੋ ਪਰਿਵਾਰ ਖਤਮ ਹੋ ਗਿਆ ਉਹ ਇਸੇ ਪਤਰਕਾਰ ਦੀ ਮਾਂ ਜਾਈ ਵੱਡੀ ਭੈਣ ਦਾ ਪਰਿਵਾਰ ਸੀ ਅਤੇ ਜੋ ਇਸੇ ਦੁਰਘਟਨਾ ਦੌਰਾਨ ਹੋਰ ਮਾਰੇ ਗਏ ਜਾਂ ਜੋ ਲੱਤਾਂ ਬਾਂਹਾਂ ਤੋਂ ਆਰੀ ਹੋ ਗਏ ਉਹ ਵੀ ਇਸੇ ਪਤਰਕਾਰ ਦੇ ਰਿਸ਼ਤੇਦਾਰ ਸਨ। ਅਜਿਹਾ ਲਿਖਦੇ ਸਮੇ ਉਸਦੀ ਕਲਮ ਨੇ ਕਿਵੇਂ ਸਾਥ ਦਿੱਤਾ ਹੋਵੇਗਾ ਜਦ ਕਿ ਇਹ ਪੜ੍ਹਨਾ ਵੀ ਉਸਦੇ ਪਾਠਕਾਂ ਦੇ ਵਸੋਂ ਬਾਹਰੀ ਗੱਲ ਹੋ ਗਿਆ ਸੀ। ਇਸ ਘਟਨਾ ਤੇ ਵਾਹਿਗੁਰੂ ਦੇ ਹੁਕਮ ਤੇ ਰਜਾ ਵਰਗੀ ਰਵਾਇਤੀ ਸਬਰ ਦੇਣ ਵਾਲੀ ਗੱਲ ਨਾਲੋਂ ਅੱਗੇ ਵਧ ਪਤਰਕਾਰ ਦੀ ਦਿਲੀ ਹੂਕ ਸੀ ਕਿ ਜੇਕਰ ਸਾਡੇ ਲੋਕ ਵਹਿਮਾਂ-ਭਰਮਾ ਅਧੀਨ ਵਿੰਗੇ-ਟੇਡੇ ਰਾਹਾਂ ਉਤੇ ਅਖੰਡ ਪਾਠ ਕਰਵਾ ਆਪਣੀ ਜਿਮੇਂਵਾਰੀ ਵਲੋਂ ਮੁਕਤ ਹੋਣ ਨਾਲੋਂ ਦੁਆਲਿਓਂ ਕੁੱਝ ਜਮੀਨ ਲੈ ਸੜਕ ਸਿੱਧੀ ਕਰਨ ਵਾਰੇ ਸੋਚਣ ਤਾਂ ਭਵਿੱਖ ਵਿੱਚ ਦੁਰਘਟਨਾਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਇਕ ਪਾਸੇ ਇਹ ਪੱਤਰਕਾਰ ਜਲਦੀ ਤੋਂ ਜਲਦੀ ਆਪਣੀ ਭੈਣ ਕੋਲ ਪੁੱਜ ਅਜਿਹੇ ਦੁਖਦਾਈ ਸਮੇਂ ਦੁੱਖ ਵੰਡਾਉਣ ਲਈ ਜਹਾਜ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਰਿਹਾ ਸੀ, ਦੂਜੇ ਪਾਸੇ ਦਿੱਲੀ ਗੁਰਦਵਾਰਾ ਮੈਨੈਜਮੈਂਟ ਕਮੇਟੀ ਵੱਲੋਂ ਲਗਾਤਾਰ ਬਿਗੜ ਰਹੇ ਹਾਲਾਤਾਂ ਤੇ ਵਿਸ਼ਵ ਸਿੱਖ ਕਾਨਫਰੇਨਸ ਰੱਖੀ ਹੋਈ ਸੀ ਜਿਸ ਵਿੱਚ ਸ਼ਾਮਿਲ ਹੋਣ ਲਈ ਇਸੇ ਪਤਰਕਾਰ ਨੂੰ ਵਿਸ਼ੇਸ਼ ਸੱਦਾ ਪੱਤਰ ਮਿਲਿਆ ਹੋਇਆ ਸੀ ਜਿੱਥੇ ਕਿ ਚਾਹੁੰਦੇ ਹੋਇਆਂ ਵੀ ਉਸਦਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ। ਹਾਲਾਤਾਂ ਅਨੁਸਾਰ ਕਾਨਫਰੇਨਸ ਨਾਲੋਂ ਭੈਣ ਦੇ ਕੋਲ ਪੁੱਜਣਾ ਜਿਆਦਾ ਜਰੂਰੀ ਬਣ ਚੁੱਕਾ ਸੀ।
ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਵੱਲੋਂ ਦਸਮ ਗ੍ਰੰਥ ਦੇ ਕੀਰਤਨ ਤੇ ਸਬੰਧਤ ਗੁਰਦਵਾਰਿਆਂ ਵਿੱਚ ਪਾਬੰਦੀ ਲਾਉਣ ਕਾਰਣ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਕਾਨਫਰੇਨਸ ਖਿਲਾਫ ਸੀ। ਬਾਦਲ ਅਕਾਲੀ ਦਲ ਵੀ ਦਿੱਲੀ ਅਕਾਲੀ ਦਲ ਦੀ ਵਰੋਧਤਾ ਕਰ ਰਿਹਾ ਸੀ। ਕਾਨਫਰੇਨਸ ਕਰਵਾਉਣ ਵਾਲਿਆਂ ਵਿੱਚ ਅਕਾਲ ਤਖਤ ਤੋਂ ਧੜਾ-ਧੜ ਜਾਰੀ ਹੋ ਰਹੇ ਹੁਕਮਨਾਮਿਆਂ ਦੇ ਖਿਲਾਫ ਉਠ ਰਹੀ ਆਵਾਜ ਕਾਰਣ, ਜੱਥੇਦਾਰ ਵੀ ਇਸ ਦੇ ਵਰੋਧੀ ਸਨ। ਡੇਰੇਦਾਰਾਂ ਤਾਂ ਵਰੋਧ ਕਰਨਾ ਹੀ ਸੀ। ਉਠ ਰਹੇ ਵੱਡੇ ਵਰੋਧ ਤੋਂ ਕੁੱਝ ਵਰੋਧ ਘੱਟ ਕਰਨ ਲਈ ਦਿੱਲੀ ਵਾਲਿਆਂ ਪੰਜ ਡੇਰੇਦਾਰਾਂ ਨੂੰ ਹੀ ਮੋਢੀ ਬਣਾ ਲਿਆ ਜਿਸ ਤੋਂ ਖਿਝ ਕੇ ਬਹੁਤ ਸਾਰੇ ਵਿਦਵਾਨਾ ਅਤੇ ਸਪੋਕਸਮੈਨ ਅਖਬਾਰ ਨੇ ਵੀ ਪਾਸਾ ਵੱਟ ਲਿਆ। ਇਹ ਇਕੱਠ ਕੇਵਲ ਰਾਜਨੀਤਕ ਸ਼ੋ ਕਹਿ ਕੇ ਪਰਚਾਰਿਆ ਗਿਆ। ਹਰ ਹਾਲਾਤ ਅਤੇ ਹਰ ਸਟੇਜ ਤੇ ਸੱਚ ਕਹਿ ਸਕਣ ਦੀ ਹਿੰਮਤ ਕਾਰਣ ਅਤੇ ਸੌੜੀ ਰਾਜਨੀਤੀ ਨਾਲੋਂ ਧਰਮ ਨੂੰ ਸਦਾ ਉਪਰ ਰੱਖਣ ਵਾਲੇ ਸਾਡੇ ਪੱਤਰਕਾਰ ਦਾ ਜਾਣਾ ਤਾਂ ਬਣਦਾ ਸੀ ਪਰ ਅਚਾਨਕ ਪੈਦਾ ਹੋਏ ਘਰੇਲੂ ਹਾਲਾਤਾਂ ਉਸ ਦੀ ਸੰਘੀ ਘੁੱਟ ਦਿੱਤੀ ਸੀ। ਆਪਣੀ ਭੈਣ ਦੇ ਲਾਸ਼ਾਂ ਨਾਲ ਭਰੇ ਘਰ ਦੇ ਡਰਾਵਣੇ ਦ੍ਰਿਸ਼ ਦਾ ਖਿਆਲ ਅਖਾਂ ਤੋਂ ਕਿੰਝ ਪਰੇ ਹੋਵੇਗਾ, ਸਮਝ ਤੋਂ ਪਰੇ ਦੀ ਗੱਲ ਜਾਪਦੀ ਸੀ। ਬਸ ਉਸ ਤਾਂ ਜਲਦੀ ਤੋਂ ਜਲਦੀ, ਅੰਮਾ ਜਾਈ ਭੈਣ ਦੇ ਅਥਰੂਆਂ ਨੂੰ ਗੁਰੁ ਹੁਕਮ ਅਨੁਸਾਰ ਥੰਮਣ ਦਾ ਸਹਾਰਾ ਬਣਨ ਲਈ ਇੰਡੀਆ ਪੁੱਜਣਾ ਸੀ।
ਇਸ ਵਾਰ ਵੀ ਉਸਨੂੰ ਸਾਨਫਰਾਂਸਿਸਕੋ ਏਅਰਪੋਰਟ ਛੱਡਣ ਲਈ ਉਸ ਨਾਲ ਮੈਂ ਹੀ ਸੀ। ਅੱਗੇ ਤਾਂ ਮੈਂ ਇਸ ਪਤਰਕਾਰ ਨਾਲ ਜਾਣ ਦਾ ਹਮੇਸ਼ਾਂ ਬਹਾਨਾ ਹੀ ਭਾਲਦਾ ਹੁੰਦਾ ਸੀ ਤਾਂ ਕਿ ਕੁੱਝ ਸਮਾ ਗੁਰਮਤਿ ਵਿਚਾਰਾਂ ਵਿੱਚ ਗੁਜਾਰ ਸਕਾਂ ਪਰ ਅੱਜ ਸਾਡੀ ਗੱਡੀ ਵਿੱਚ ਮੁਕੰਮਲ ਸ਼ਾਂਤੀ ਸੀ। ਚਾਹ ਕੇ ਵੀ ਕੋਈ ਗਲ ਨਹੀਂ ਹੋ ਰਹੀ ਸੀ। ਸਾਡਾ ਪੱਤਰਕਾਰ ਅੱਖਾਂ ਵਿੱਚ ਆ ਰਹੇ ਪਾਣੀ ਨੂੰ ਅੱਖਾਂ ਬੰਦ ਕਰ ਵਿੱਚ ਹੀ ਸੁਕਾ ਲੈਂਦਾ। ਅੱਜ ਇਹ 45 ਮਿੰਟ ਦਾ ਸਫਰ ਬਹੁਤ ਹੀ ਲੰਬਾ ਹੋ ਗਿਆ ਸੀ। ਮਨ ਵਿੱਚ ਖਿਆਲ ਆਂਉਂਦਾ ਕਿ ਪੁੱਛਾਂ ਵੀਰ ਜੀ ਤੁਸੀਂ ਦਿੱਲੀ ਵਿੱਚ ਦੀ ਹੀ ਜਾਣਾ ਹੈ, ਸਮੇਲਨ ਵੀ ਉਸੇ ਦਿਨ ਹੀ ਹੈ, ਕੀ ਤੁਸੀਂ ਜਾਂਦੇ-ਜਾਂਦੇ ਹਾਜਰੀ ਲਵਾਉਗੇ? ਪਰ ਵੀਰ ਜੀ ਦੀ ਪੀੜ੍ਹਾ ਅੱਗੇ ਇਹ ਪੁੱਛਣ ਲਈ ਮੂੰਹ ਨਾ ਖੁੱਲਾ, ਭਾਵੇਂ ਪਹਿਲੋਂ ਅਜਿਹੀ ਯਾਤਰਾ ਦੋਰਾਨ ਕੁੱਝ ਨਾ ਕੁੱਝ ਜਾਨਣ ਦੀ ਤਾਂਘ ਵਿੱਚ ਮੂੰਹ ਬੰਦ ਹੀ ਨਹੀਂ ਹੁੰਦਾ ਸੀ। ਇਸੇ ਕਾਰਣ ਉਹਨਾ ਨਾਲ ਕੀਤੇ ਹਰ ਸਫਰ ਵਿੱਚ ਸਦਾ ਧੰਨ ਭਾਗ ਸਮਝੇ ਸਨ।
ਵਾਪਸੀ ਤੇ ਰਸਤੇ ਵਿੱਚ ਵੀ ਇਹੋ ਖਿਆਲ ਆਉਂਦੇ ਰਹੇ ਕਿ ਜੋ ਮਨੁੱਖ ਹਰ ਅਖਬਾਰ, ਹਰ ਗੁਰਦਵਾਰੇ, ਹਰ ਸਟੇਜ, ਹਰ ਸੰਗਤ ਵਿੱਚ ਕੇਵਲ ਗੁਰੁ ਦੀ ਢੁਕਵੀਂ ਗੱਲ ਨਿਡਰਤਾ ਨਾਲ ਹੀ ਨਹੀਂ ਕਰਦਾ ਸਗੋਂ ਖੁਦ ਕੇਵਲ ਗੁਰਬਾਣੀ ਦੀ ਸਿੱਖਿਆ ਅਨੁਸਾਰ ਹੀ ਜੀਵਨ ਬਸਰ ਕਰ ਰਿਹਾ ਹੈ ਅਤੇ ਅਨੇਕਾਂ ਲੋੜਵੰਦਾ ਦੀ ਬਿਨਾ ਕਿਸੇ ਨੂੰ ਗਣਾਏ ਮੱਦਦ ਵੀ ਕਰਦਾ ਰਹਿੰਦਾ ਹੈ ਉਸ ਉਤੇ ਹੀ ਅਜਿਹਾ ਵਕਤ ਕਿਓਂ? ਉਹ ਵੀ ਉਦੋਂ ਜਦੋਂ ਉਸ ਕਿਸੇ ਸਮੇਲਨ ਵਿੱਚ ਵਿਦੇਸ਼ੀ ਵਿਚਾਰਕਾਂ ਦੀ ਪ੍ਰਤੀਨਿਧਤਾ ਕਰਨੀ ਹੋਵੇ। ਇਹ ਵੀ ਵਿਚਾਰ ਆਉਂਦਾ ਕਿ ਵੀਰ ਜੀ ਜਿਸ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਹਨ ਉਹ ਤਾਂ ਇਸ ਸਮੇਲਨ ਤੋਂ ਅਲੱਗ ਹੋ ਗਿਆ ਹੈ ਸੋ ਹੁਣ ਵੀਰ ਜੀ ਕਿੱਦਾਂ ਜਾਣਗੇ? ਵੈਸੇ ਵੀ ਦਿਲ ਵਿੱਚ ਏਨਾ ਦਰਦ ਲੈਕੇ ਕਿਸੇ ਸਟੇਜ ਤੇ ਪੰਥ ਦੀ ਚੜਦੀ ਕਲਾ ਦੀ ਗੱਲ ਕਰਨੀ ਕਿਸੇ ਬਹੁਤ ਵੱਡੇ ਜਿਗਰੇ ਵਾਲੇ ਬੰਦੇ ਦੇ ਹੀ ਵਸ ਦੀ ਗਲ ਹੁੰਦੀ ਹੈ। ਅਗਲਾ ਸਾਰਾ ਦਿਨ ਘੱਲੂਘਾਰਿਆਂ ਸਮੇਂ ਸਿੱਖਾਂ ਦੀ ਸਪਿਰਟ ਦੀ ਤਰਜਨਾਨੀ ਕਰਦੀਆਂ ਸੁਣੀਆਂ-ਸੁਣਾਈਆਂ ਗੱਲਾਂ ਮਨ ਵਿੱਚ ਘੁੰਮਦੀਆਂ ਰਹੀਆਂ। ਉਹਨਾ ਪ੍ਰਾਚੀਨ ਸਿੱਖਾਂ ਦੀ ‘ਪੰਥ ਵਸੇ ਮੈਂ ਉੱਜੜਾਂ’ ਦੀ ਅਨੋਖੀ ਭਾਵਨਾ ਵਾਰ ਵਾਰ ਮਨ ਦਾ ਕੁੰਡਾ ਖੜਕਾਉਂਦੀ ਰਹੀ ਕਿ ਉਹ ਕਿਹੋ ਜਿਹੇ ਸਿੰਘ ਸਨ, ਜੋ ਦਿਲਾਂ ਵਿੱਚ ਲੱਖ ਦਰਦ ਛੁਪਾਕੇ ਵੀ ਪੰਥ ਦੀ ਚੜਦੀ ਕਲਾ ਭਾਲਦੇ ਸਨ। ਮੈ ਸੋਚ ਰਿਹਾ ਸਾਂ ਕਿ ਕਿਹੋ ਜਿਹੇ ਹਾਲਾਤ ਬਣੇ ਹਨ ਕਿ ਇੱਕ ਸੱਚੇ-ਸੁੱਚੇ ਅਤੇ ਅਗਾਂਹ ਵਧੂ ਬੁਲਾਰੇ ਨੂੰ ਲੋੜੀਂਦੀ ਸਟੇਜ ਵੱਲ ਪਿੱਠ ਕਰਕੇ ਮਜਬੂਰ ਹੋ ਕੋਲੋਂ ਲੰਘਣਾ ਹੀ ਪੈਣਾ ਹੈ। ਅਜਿਹੀਆਂ ਸੋਚਾਂ ਵਿੱਚ ਹੀ ਇੱਕ ਦਿਨ ਰਾਤ ਲੰਘ ਗਏ।
ਤੀਜੇ ਦਿਨ ਜਦੋਂ ਸਵੇਰੇ ਉਠਿਆ ਤਾਂ ਸਰਵਜੀਤ ਸਿੰਘ ਅਤੇ ਅਵਤਾਰ ਸਿੰਘ ਮਿਸ਼ਨਰੀ ਵਰਗੇ ਦੋਸਤਾਂ ਨੇ ਫੋਨ ਕਰਕੇ ਦਸਿਆ ਕਿ ਰਾਤੀਂ ਅਸੀਂ ਦਿੱਲੀ ਸਮੇਲਨ ਦਾ ਸਿੱਧਾ ਪ੍ਰਸਾਰਣ ਇੰਟਰਨੈੱਟ ਤੇ ਸੁਣਿਆ। ਦੁਪਾਲਪੁਰ ਸਾਹਿਬ ਨੇ ਸਿੱਖ ਕੌਮ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ। ਉਹਨਾ ਮੁਸ਼ਕ ਮਾਰ ਰਹੇ ਖੂਹ ਦੀ ਸਫਾਈ ਦੀ ਉਦਾਹਰਣ ਦਿੰਦਿਆਂ ਕਿਹਾ ਕਿ “ਬਾਹਰੋਂ ਓਹੜ-ਪੋਹੜ ਕਰਨ ਨਾਲੋਂ ਇੱਕ ਵਾਰ ਖੂਹ ਵਿੱਚ ਬੜ, ਛਾਣ-ਬੀਣ ਕਰ, ਗੰਦਾ ਮੁਸ਼ਕ ਫੈਲਾ ਰਹੀਆਂ ਵਸਤਾਂ ਬਾਹਰ ਕੱਢ ਦੇਣ ਨਾਲ ਖੂਹ ਦਾ ਪਾਣੀ ਸਾਫ ਹੋ ਸਕਦਾ ਹੈ”। ਮੈ ਇਸਤੋਂ ਅੱਗੇ ਹੋਰ ਕੁੱਝ ਨਾ ਸੁਣ ਸਕਿਆ। ਮੈ ਮੁੜ ਅਜੀਬ ਜਿਹੇ ਵਿਸਮਾਦ ਵਾਲੀ ਸਥਿੱਤੀ ਵਿੱਚ ਪਹੁੰਚਿਆ ਮਹਿਸੂਸ ਕਰ ਰਿਹਾ ਸਾਂ ਕਿਓਂਕਿ ਇਹੀ ਤਾਂ ਸੀ ਸਾਡਾ ਪੱਤਰਕਾਰ ਸ ਤਰਲੋਚਨ ਸਿੰਘ ਦੁਪਾਲਪੁਰ, ਜਿਸ ਰੂਹ ਨੂੰ ਮੈ ਦੁਨਿਆਵੀ ਗਿਣਤੀਆਂ-ਮਿਣਤੀਆਂ ਦੇ ਘੇਰੇ ਵਿੱਚ ਰੱਖ ਮਾਪਣ-ਤੋਲਣ ਦੀ ਕੋਸ਼ਿਸ਼ ਕਰ ਰਿਹਾਂ ਸਾਂ।