Wednesday, July 7, 2010

ਮਜ਼ਹਬੀ ਖੁਸ਼ੀ

ਮਜ਼ਹਬੀ ਖੁਸ਼ੀ

ਜਦ ਆੜ ਧਰਮ ਦੀ ਲੈ ਕਿਧਰੇ, ਅਸੀਂ ਮਜ਼ਹਬੀ ਖੁਸ਼ੀ ਮਨਾਂਦੇ ਹਾਂ।
ਅਸੀਂ ਓਹੀ ਰਸਮਾਂ ਰੀਤਾਂ ਤੇ, ਓਹੀਓ ਹੀ ਗੱਲਾਂ ਚਾਂਹਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਇਸ ਮਿੱਟੀ ਅੰਦਰ ਜੀਵ ਕਿਵੇਂ, ਅੱਗੇ ਨੂੰ ਵਧਦਾ ਜਾਂਦਾ ਏ।
ਕਿੰਝ ਪੱਥਰ ਵਿੱਚੋਂ ਤੁਰਦਾ ਇਹ, ਬਣ ਚੇਤਨਤਾ ਦਿਖਲਾਂਦਾ ਏ।
ਹੋ ਚੇਤਨ ਚਿੰਤਨ ਕਰਦਾ ਇਹ, ਜਦ ਮੂਲ ਜਾਨਣਾ ਚਾਂਹਦਾ ਏ।
ਫਿਰ ਰੱਬ ਦੀ ਕੁਦਰਤ ਦਾ ਖੋਜੀ, ਇਹ ਭਗਤ ਸੱਚਾ ਅਖਵਾਂਦਾ ਏ।
ਜਦ ਰੱਬ ਭਗਤ ਤੇ ਕੁਦਰਤ ਦੀ, ਕੋਈ ਗੱਲ ਜਗਤ ਤੇ ਚਲਦੀ ਹੈ।
ਫਿਰ ਆਂਪਣੀ ਐਨਕ ਥਾਣੀਂ ਹੀ, ਅਸੀਂ ਸਭ ਨੂੰ ਇਹ ਦਿਖਲਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਕਿਸੇ ਸੰਗਤ ਕੋਲੋਂ ਸੁਣ ਸਿੱਖਿਆ, ਇੱਕ ਵਿਹਲੜ ਤੁਰ ਪਰਦੇਸ ਗਿਆ।
ਓਥੇ ਘਾਲ-ਕਮਾਈਆਂ ਕਰਦੇ ਦਾ, ਉਹਦਾ ਟੁੱਟ ਦਲਿੱਦਰ-ਵੇਸ ਗਿਆ।
ਫਿਰ ਸੱਚ ਨਾਮ ਸੁਕਿਰਤ ਜਿਹਾ, ਗੁਣ ਅੰਦਰ ਕਰ ਪਰਵੇਸ ਗਿਆ।
ਇੰਝ ਹਰ ਖੇਤਰ ਵਿੱਚ ਹੋ ਜੇਤੂ, ਜਦ ਗੇੜਾ ਮਾਰਨ ਦੇਸ ਗਿਆ।
ਉਸ ਡਿੱਠਾ ਓਸੇ ਸੰਗਤ ਵਿੱਚ, ਅਜੇ ਓਹੀਓ ਕਥਾ-ਕਹਾਣੀ ਹੈ।
ਲੋਕੀਂ ਸਿੱਖਿਆ ਸੁਣ, ਮੁੜ ਆ ਬਹਿੰਦੇ, ਅਸੀਂ ਪੜ੍ਹ-ਸੁਣ ਕੇ ਦੁਹਰਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
“ਜਦ ਕਿਤੇ ਸ਼ਿਕਾਰੀ ਆਵੇ ਜੀ, ਪਾ ਜਾਲ਼ ਉਹ ਫੜਨਾ ਚਾਹਵੇ ਜੀ।
ਤੁਸੀਂ ਓਥੋਂ ਚੋਗਾ ਨਹੀਂ ਚੁਗਣਾ”, ਇੱਕ ਤੋਤਾ ਗੱਲ ਸਮਝਾਵੇ ਜੀ।
ਜੋ ਸੱਖਣਾ ਗਿਆਨ ਅਮਲ ਕੋਲੋਂ, ਉਹ ਆਪਣਾ ਗੀਤ ਬਣਾਵੇ ਜੀ।
ਨਾਲੇ ਗਾਉਂਦਾ ਚੋਗਾ ਚੁਗਦਾ ਹੀ, ਹਰ ਤੋਤਾ ਫਸਦਾ ਜਾਵੇ ਜੀ।
ਹੁੰਦੀ ਸ਼ਬਦਾਂ ਦੇ ਵਿੱਚ ਜੋ ਸਿਖਿਆ, ਕਦੇ ਧਿਆਨ ਉਹਦੇ ਵੱਲ ਨਹੀ ਜਾਂਦਾ
ਹਰ ਸਿੱਖਿਆ ਕੰਨ-ਰਸ ਬਣ ਜਾਂਦੀ, ਜਦ ਕੰਨਾਂ ਅੰਦਰ ਪਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਆਓ ਗੁਰ-ਸਿੱਖਿਆ ਨੂੰ ਸਮਝ ਜਰਾ, ਹੁਣ ਜੀਵਨ ਅੰਦਰ ਧਾਰ ਲਈਏ।
ਅਸੀਂ ਏਕ ਪਿਤਾ ਦੇ ਬਾਰਕ ਹਾਂ, ਗੱਲ ਸਿੱਧੀ ਜਿਹੀ ਵਿਚਾਰ ਲਈਏ।
ਸਾਰੀ ਦੁਨੀਆਂ ਇੱਕੋ ਟੱਬਰ ਹੈ, ਹਰ ਭੈਣ-ਭਾਈ ਦੀ ਸਾਰ ਲਈਏ।
ਕਰ ਸੇਵਾ ਸਰਬ-ਮਨੁਖਤਾ ਦੀ, ਉਸ ਬਾਪੂ ਵਾਲਾ ਪਿਆਰ ਲਈਏ।
ਜੇ ਨਦਰਿ ਸਵੱਲੀ ਹੋ ਜਾਵੇ, ਤਾਂ ਪੱਤਿਆਂ ਵਿੱਚ ਵੀ ਦਿਸ ਪੈਂਦਾ
ਫਿਰ ਕੀਟ-ਪਤੰਗੀਂ, ਪਸੂਆਂ ਕੀ, ਰੁੱਖੀਂ ਅਪਣੱਤ ਦਿਖਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।