ਪੰਜਾਬ ਸਿਆਂ !!
ਤੂੰ ਫਿਰਦਾਂ ਏਂ ਨ੍ਹੇਰੇ ਵਿੱਚ, ਪੰਜਾਬ ਸਿਆਂ ।
ਉਸਦੀ ਨਜਰ ਏ ਤੇਰੇ ਵਿੱਚ, ਪੰਜਾਬ ਸਿਆਂ ।
ਉਸਦੀਆਂ ਚਾਲਾਂ ਦੇ ਵਿੱਚ ਫਸਕੇ ਹਰ ਵਾਰੀ,
ਆ ਨਾ ਝਗੜੇ-ਝੇੜੇ ਵਿੱਚ, ਪੰਜਾਬ ਸਿਆਂ ।
ਤੇਰੀ ਵੱਖਰੀ ਹਸਤੀ ਤੋਂ ਉਹ ਚਿੜਦਾ ਏ,
ਚਾਹੁੰਦਾ ਰੱਖਣਾ ਘੇਰੇ ਵਿੱਚ, ਪੰਜਾਬ ਸਿਆਂ ।
ਨਾਨਕ ਵੇਲੇ ਤੋਂ ਹੀ ਸੱਚ ਦਾ ਦੁਸ਼ਮਣ ਹੈ,
ਤੱਕ ਲੈ ਪੰਧ ਲੰਬੇਰੇ ਵਿੱਚ, ਪੰਜਾਬ ਸਿਆਂ ।
ਤੈਨੂੰ ਮਾਰਨ ਦੀਆਂ ਸਕੀਮਾਂ ਘੜੀਆਂ ਨੇ,
ਚਾਣਕੀਆ ਨੇ ਡੇਰੇ ਵਿੱਚ, ਪੰਜਾਬ ਸਿਆਂ ।
ਅੱਧਾ ਤੇ ਤੂੰ ਪਹਿਲੋਂ ਉੱਜੜ ਚੁੱਕਾ ਏਂ,
ਤੱਕ ਤਾਂ ਚਾਰ ਚੁਫੇਰੇ ਵਿੱਚ, ਪੰਜਾਬ ਸਿਆਂ ।
ਜੰਗ ਹੋਵੇ ਨਾ ਹੋਵੇ ਪਰ ਬੰਬ ਡਿਗਣਗੇ,
ਤੇਰੇ ਰੈਣ ਵਸੇਰੇ ਵਿੱਚ, ਪੰਜਾਬ ਸਿਆਂ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)