ਚਾਨਣ !!
ਝੂਠ ਦੇ ਬੱਦਲ਼ ਛਟ ਰਹੇ ਨੇ ।
ਸੂਰਜ ਅੱਗੋਂ ਹਟ ਰਹੇ ਨੇ ।।
ਅੰਧਕਾਰ ਦੇ ਵਹਿਮ ਫੈਲਾਏ,
ਇੱਕ-ਇੱਕ ਕਰਕੇ ਘਟ ਰਹੇ ਨੇ ।
ਝੀਤਾਂ ਥਾਣੀਂ ਚਾਂਨਣ ਲੰਘਿਆਂ,
ਕਾਲੇ ਭੂਰੇ ਫਟ ਰਹੇ ਨੇ ।
ਕਿਰਨਾਂ ਦੇ ਝਲਕਾਰੇ ਹਰ ਇੱਕ,
ਚੱਕਰਵਿਊ ਨੂੰ ਕੱਟ ਰਹੇ ਨੇ ।
ਭਰਮ-ਜਾਲ਼ ਦੀਆਂ ਜੜਾਂ ਦਿਲਾਂ `ਚੋਂ,
ਮੋਕਲੀਆਂ ਕਰ ਪੱਟ ਰਹੇ ਨੇ ।
ਠੇਡੇ ਖਾ-ਖਾ ਡਿਗ-ਡਿਗ ਉੱਠ-ਉੱਠ,
ਫਿਰ ਵੀ ਰਾਹੀ ਡਟ ਰਹੇ ਨੇ ।
ਪੱਥਰ ਯੁੱਗੀਏ ਗਿਆਨ ਯੁੱਗ ਵਿੱਚ,
ਪੱਥਰ ਚੱਟ-ਚੱਟ ਬਟ ਰਹੇ ਨੇ ।
ਫਿਰ ਭੀ ਅੰਧਕਾਰ ਦੇ ਪ੍ਰੇਮੀ,
ਮੁੜ-ਮੁੜ ਪੱਥਰ ਚੱਟ ਰਹੇ ਨੇ ।
ਚਾਨਣ ਦੇ ਵਿੱਚ ਤੁਰਨਾ ਛੱਡਕੇ,
ਚਾਨਣ-ਚਾਨਣ ਰਟ ਰਹੇ ਨੇ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੈਫੋਰਨੀਆਂ)