Tuesday, March 15, 2016

ਜੀਵਨ !!

ਜੀਵਨ !!
ਫਿਕਰਾਂ ਵਿੱਚ ਨਾ ਐਵੇਂ ਸਮਾਂ ਲੰਘਾਇਆ ਕਰ ।
ਜੱਗ ਨੂੰ ਤੱਕਕੇ ਥੋੜਾ ਜਿਹਾ ਮੁਸਕਾਇਆ ਕਰ ।।
ਜੇਕਰ ਰਾਤੀਂ ਗੂੜੀ ਨੀਂਦਰ ਚਾਹੁੰਨਾ ਏਂ ,
ਦਿਨ ਸੱਜਣਾ ਸੁਕਿਰਤ ਦੀ ਭੇਟ ਚੜ੍ਹਾਇਆ ਕਰ ।
ਹੋਰਾਂ ਤੋਂ ਜੇ ਝਾਕ ਹੈ ਮਿੱਠਿਆਂ ਬਚਨਾਂ ਦੀ,
ਦੁਨੀਆਂ ਨੂੰ ਵੀ ਮਿੱਠੇ ਬਚਨ ਸੁਣਾਇਆ ਕਰ ।
ਜੇਕਰ ਸੱਜਣਾ ਭਲਾ ਆਪਦਾ ਮੰਗਦਾ ਏਂ,
ਆਪਣੇ ਹੱਥੀਂ ਵੀ ਕੋਈ ਭਲਾ ਕਮਾਇਆ ਕਰ ।
ਮਾਣਸ ਦਾ ਰਤ ਪੀਣ ਬਰਾਬਰ ਹੁੰਦਾ ਹੈ,
ਹੱਕ ਪਰਾਇਆ ਭੁੱਲਕੇ ਵੀ ਨਾ ਖਾਇਆ ਕਰ ।
ਬੱਧਾ-ਰੁੱਧਾ ਜੇ ਕੁਝ ਚੰਗਾ ਕਰ ਬੈਠਾਂ,
ਜਣੇ-ਖਣੇ ਕੋਲ ਐਵੇਂ ਨਾ ਜਿਤਲਾਇਆ ਕਰ ।
ਆਪਣਾ ਹੀ ਘਰ ਫੂਕ ਤਮਾਸ਼ਾ ਦੇਖੀਦਾ,
ਪਰ-ਉਪਕਾਰ ਦੇ ਬਦਲੇ ਨਾ ਕੁਝ ਚਾਹਿਆ ਕਰ ।
ਅੱਖਾਂ ਮੀਚ ਭਰੋਸਾ ਕਰ ਪਛਤਾਵਣ ਤੋਂ,
ਚਿਹਰੇ ਪਿਛਲੇ ਚਿਹਰੇ ਨੂੰ ਅਜਮਾਇਆ ਕਰ ।
ਜਿੰਦਗੀ ਜੀਣ ਦਾ ਮਤਲਬ ਬਹਿਕੇ ਸਮਝ ਲਵੀਂ,
ਜੀਵਨ ਜੀਣ ਤੋਂ ਪਹਿਲਾਂ ਨਾ ਮਰ ਜਾਇਆ ਕਰ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)