Tuesday, September 27, 2011

ਪਾਰਟੀ-ਨੀਤੀ


ਪਾਰਟੀ ਨੀਤੀ.... (ਵਿਅੰਗ)

 ਗੈਰਤ ਵਿਰੋਧੀਆਂ ਨੂੰ ਪਾਰਟੀ ‘ਚ ਖੁੱਲਾ ਸੱਦਾ,

ਆਓ ਰਲ਼ ਮਿਲ਼ ਕੇ ਪੰਜਾਬ ਨੂੰ ਡਕਾਰੀਏ ।

ਭੇਡਾਂ ਦਾ ਹੁੰਗਾਰਾ ਲੈ ਬਹਾਨਾਂ ਲੋਕ ਰਾਜ ਵਾਲਾ,

ਖਾਲੀ ਸਿਰ ਗਿਣੀਏ, ਦਿਮਾਗ ਦੁਰਕਾਰੀਏ ।।



ਗੁਰਮਤਿ ਵਿੱਚ ਭਾਵੇਂ ਵੋਟਾਂ ਦਾ ਸਿਧਾਂਤ ਹੈ ਨਹੀਂ,

ਤਾਂ ਵੀ ਗੁਰਦਵਾਰਿਆਂ ‘ਚ ਨੀਤੀ ਪਰਚਾਰੀਏ ।

ਚੋਣਾਂ ਵਿੱਚ ਸਾਡੇ ਜੋ ਵਿਰੁੱਧ ਚੋਣ ਲੜੇਗਾ ਤਾਂ,

ਦੁਸ਼ਮਣ ਪੰਥ ਦਾ ਕਹਿ ਉਹਨੂੰ ਫਿਟਕਾਰੀਏ ।।



ਸ਼ੇਰਾਂ ਦੀ ਉਲਾਦ ਕਿੰਝ ਗਿੱਦੜਾਂ ਦੇ ਵਸ ਪਾਉਣੀ,

ਚਾਣਕੀਆ ਨੀਤੀ ਨਾਲ ਬੈਠ ਕੇ ਵਿਚਾਰੀਏ ।

ਰੁਤਬਾ ਸ਼ਹੀਦਾਂ ਵਾਲਾ ਵੰਡੀਏ ਗ਼ਦਾਰਾਂ ਤਾਈਂ,

ਸੱਚੇ ਦੇਸ਼ ਭਗਤਾਂ ਨੂੰ ਸਿਰੇ ਤੋਂ ਨਿਕਾਰੀਏ ।।



ਸਾਡੀ ਖੁਸ਼ਹਾਲੀ ਲਈ ਸੀ ਜਿੰਦ ਜਾਨ ਵਾਰੀ ਜਿਨ੍ਹਾਂ,

ਕਿਸੇ ਮਰਜੀਵੜੇ ਨੂੰ ਕਦੇ ਨਾਂ ਚਿਤਾਰੀਏ ।

ਦੇਖਕੇ ਸਿੱਖਾਂ ਨੂੰ ਜਿਹੜੇ ਦੰਦੀਆਂ ਕਰੀਚਦੇ ਨੇ,

ਉਹਨਾਂ ਥੱਲੇ ਲੱਗ ਦਿਲ ਉਹਨਾਂ ਵਾਲੇ ਠਾਰੀਏ ।।



ਰੌਲਾ ਭਾਵੇਂ ਭ੍ਰਿਸ਼ਟਾਚਾਰੀ ਵਿਰੁੱਧ ਪਾਈ ਜਾਈਏ,

ਸੱਚ ਤੇ ਇਮਾਨਦਾਰੀ ਕਦੇ ਨਾਂ ਸਹਾਰੀਏ ।

ਨੀਤੀ ਵਾਲਾ ਨਵਾਂ ਗੁਰ ਸਿੱਖ ਲਓ ਜ਼ਮੀਰ ਮਾਰ,

ਦੋਖੀਆਂ ਨਾ ਯਾਰੀ ਲਾਕੇ ਦੋਸਤਾਂ ਨੂੰ ਚਾਰੀਏ ।।



ਇਖਲਾਕ ਵੱਲ ਕਦੇ ਦੇਖਣ ਦੀ ਲੋੜ ਨਹੀਓਂ,

ਹਰ ਹੀਲਾ ਵਰਤੀਏ , ਚੋਣਾਂ ਨਹੀਓਂ ਹਾਰੀਏ ।

ਛੱਡ ਕੇ ਵਿਰੋਧ ਜਿਹੜਾ ਸਾਡੇ ਨਾਲ ਆਊ ਉਹਨੂੰ,

ਦੁੱਧ ਧੋਤਾ ਆਖ, ਪਾਕੇ ਹਾਰ ਸਵੀਕਾਰੀਏ ।।



ਅਕਿਰਤਘਣ ਭਾਵੇਂ ਸਾਰਾ ਜੱਗ ਪਿਆ ਆਖੀ ਜਾਵੇ,

ਫੋਕਿਆਂ ਬਿਆਨਾ ਨਾਲ ਗੱਲੀਂ ਬਾਤੀਂ ਸਾਰੀਏ ।

ਦਿੱਖ ਭਾਂਵੇਂ ਉੱਪਰੋਂ ਇਮਾਨਦਾਰਾਂ ਵਾਲੀ ਲੱਗੇ,

ਬੇਈਮਾਨ ਸੱਜਣਾਂ ਨੂੰ ਕਦੇ ਨਾਂ ਵੰਗਾਰੀਏ ।।



ਧੇਲਾ ਭਾਵੇਂ ਹੋਵੇ ਨਾ ਵੀ ਪੱਲੇ ਕਿਸੇ ਯੋਜਨਾ ਲਈ,

ਨੀਂਹ ਪੱਥਰਾਂ ‘ਨਾ ਤਾਂ ਵੀ  ਧਰਤੀ ਸ਼ਿੰਗਾਰੀਏ ।

ਨਾਅਰਾ ਲਾਕੇ ਦੇਸ਼ ਚੋਂ ਗਰੀਬੀ ਮਾਰ ਘੱਤਣੇ ਦਾ,

ਜਿਨਾਂ ਹੋ ਸਕਿਆ ਗਰੀਬੜੇ ਹੀ ਮਾਰੀਏ।।



ਰੱਖੂ ਜੋ ਗੁਪਤ ਸਾਰੇ ਭੇਤ ਸਰਕਾਰ ਵਾਲੇ,

ਪਾਰਟੀ ‘ਚ ਉਸਦੀ ਸਥਿਤੀ ਨੂੰ ਸੁਧਾਰੀਏ ।

ਪਾਰਟੀ ਦੇ ਵਿੱਚ ਕੋਈ ਸੱਚ ਦੀ ਜੇ ਗੱਲ ਕਰੇ,

ਪਾਰਟੀ ਵਿਰੋਧੀ ਉਹਨੂੰ ਸਾਜਿਸ਼ ਪੁਕਾਰੀਏ ।।



ਵੋਟਾਂ ਮੰਗਣੇ ਲਈ ਭਾਵੇਂ ਦੋਨੋ ਹੱਥ ਜੋੜ ਲਈਏ,

ਵੋਟਾਂ ਪਿੱਛੋਂ ਹੱਥ ਦੇ ਘਸੁੰਨ ਨੂੰ ਉਲਾਰੀਏ ।

ਡਾਗਾਂ ਵਾਲੇ ਗਜਾਂ ਨਾਲ ਮਿਣੀਏ ਹਰੇਕ ਚੀਜ,

ਸੱਚ ਕਸਵੱਟੀ ਲਾਕੇ ਕਦੇ ਨਾਂ ਨਿਹਾਰੀਏ ।।



ਪਾਰਟੀ ਚ ਕਿਸੇ ਨੂੰ ਵੀ ਸਿਰ ਨਾ ਚੁੱਕਣ ਦਈਏ,

ਲੋਕਾਂ ਸਾਹਵੇਂ ਭਾਵੇਂ ਉਹਦੀ ਆਰਤੀ ਉਤਾਰੀਏ ।

 ਆਪਣੇ ਤੋਂ ਵੱਡਾ ਜੇ ਕੋਈ ਲੀਡਰ ਦਿਖਣ ਲੱਗੇ,

ਪਾਰਟੀ ਚੋਂ ਕੱਢੀਏ ਜਾਂ ਦੂਰ ਸਤਿਕਾਰੀਏ ।।



ਸੁੱਤੀ ਹੋਈ ਜਮੀਰ ਗੱਲ ਜਾਗਣੇ ਦੀ ਜੇ ਕਰੇ,

ਆਕਾ ਦਾ ਧਿਆਨ ਕਦੇ ਮਨੋ ਨਾ ਵਿਸਾਰੀਏ ।

ਸੇਵਾ ਤੇ ਭਲਾਈ ਵਾਲੀ ਨੀਤੀ ਹਾਥੀ ਦੰਦ ਰੱਖੋ,

ਪਾਰਟੀ ਦੀ ਨੀਤੀ ਸਦਾ ਮਨ ਵਿੱਚ ਧਾਰੀਏ ।।



ਕੁੱਟ ਖਾਕੇ ਭੁੱਲ ਜਾਂਦੇ ਜਲਦੀ ਹੀ ਲੋਕ ਸਾਡੇ,

ਚੋਣਾਂ ਨੇੜੇ ਜਾਕੇ ,ਪਾਕੇ ਚੋਗਾ ਪੁਚਕਾਰੀਏ ।

ਅਣਖਾਂ ਨੂੰ ਛੱਡਕੇ ਇਹ ਗਰਜਾਂ ‘ਨਾ ਜੁੜ ਚੁੱਕੇ,

ਨਵੀਂ ਬਾਜੀ ਦੇਖ ਜਿਵੇਂ ਜੁੜਦੇ ਜੁਆਰੀਏ ।।



ਧਰਮ ਦਾ ਕੁੰਡਾ ਕਦੇ ਨੀਤੀ ਉੱਤੇ ਰੱਖਣਾ ਨਹੀਂ,

ਧਰਮ ਨੂੰ ਰਾਜਨੀਤੀ ਉੱਤੋਂ ਸਦਾ ਵਾਰੀਏ ।

ਅਣਖ ਦੇ ਨਾਲ ਜਿਹਨੂੰ ਗੁਰਾਂ ਨੇ ਸਿਖਾਇਆ ਜੀਣਾ,

ਹੱਥ ਠੂਠਾ ਦੇ ਕੇ ਉਹਨੂੰ ਮੰਗਣ ਖਿਲਾਰੀਏ ।।



ਰਾਜਨੀਤੀ ਵਾਲੇ ਸਦਾ ਛਿੱਤਰ ‘ਨਾ ਘੁੱਗੀ ਮਾਰੋ,

ਬਣ ਕੇ ਸ਼ਿਕਾਰੀ ਨਾ ਨਿਸ਼ਾਨੇ ਤੇ ਹੰਕਾਰੀਏ ।

ਬਗਲੇ ਭਗਤ ਕੋਲੋਂ ਸਿੱਖੀਏ ਸਬਕ ਇੱਕ,

ਮੂੰਹ ਆਈ ਡੱਡੀ ਜੀ ਨੂੰ ਕਦੇ ਨਾ ਨਕਾਰੀਏ ।।



ਮੀਡੀਏ ਦੇ ਕੋਲ ਸਦਾ ਕਹੀਏ ਉੱਚੀ ਵਾਜ ਦੇਕੇ,

ਆਓ ‘ਰਣਜੀਤ’ ਜਿਹੇ ਰਾਜ ਨੂੰ ਉਸਾਰੀਏ ।

‘ਨੀਰੋ’ ਵਾਲੀ ਬੰਸਰੀ ਤੇ ਲੋਕਾਂ ਨੂੰ ਨੱਚਣ ਲਾਕੇ,

ਅਜ਼ਮਤ ਕੌਮ ਵਾਲੀ ਪਾਰਟੀ ‘ਤੋਂ ਵਾਰੀਏ ।।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ