Saturday, October 3, 2020

 ਦਿਲ ਤੇ ਮਾਸਕ
ਹਾਲਾਤਾਂ ਨੇ ਮੂੰਹ ਉੱਪਰ ਲਗਵਾਈ ਸੀ,
ਦਿਲ ਉਪਰ ਕਿਓਂ ਬੈਠਾਂ ਮਾਸਕ ਪਾ ਸੱਜਣਾ ।
ਸਾਂਝ ਗੁਣਾਂ ਦੀ ਪੜਦਾਂ ਏਂ ਪਰ ਮੰਨਦਾ ਨਹੀਂ,
ਤਾਹੀਓਂ ਬੈਠਾਂ ਸਭ ਤੋਂ ਮੁੱਖ ਘੁਮਾ ਸੱਜਣਾ ।
ਬੋਲਾਂ ਵਿੱਚ ਜੇ ਤਰਕ ਨਿਮਰਤਾ ਆਈ ਨਹੀਂ ,
ਕਿੰਝ ਨਾਨਕ ਦਾ ਸਕਦਾਂ ਸਿੱਖ ਅਖਵਾ ਸੱਜਣਾ ।
ਮਨ ਨੀਵਾਂ ਤੇ ਮੱਤ ਉੱਚੀ ਜੇ ਹੋਈ ਨਾਂ ,
ਕੌਣ ਕਹੂ ਇਹ ਬਾਬੇ ਵਾਲਾ ਰਾਹ ਸੱਜਣਾ ।
ਜੇ ਸਮਝੇਂ ਕਿ ਤੇਰੇ ਬਿਨ ਸਭ ਮੂਰਖ ਨੇ,
ਇਹ ਤਾਂ ਤੇਰੀ ਹਉਮੇ ਭਰੀ ਖਤਾ ਸੱਜਣਾ ।
ਇਸ ਜੱਗ ਉੱਪਰ ਇੱਕ ਹੀ ਜੀਵਨ ਰਮਿਆ ਹੈ,
ਰੁੱਖ,ਪੰਛੀ, ਜੀ, ਜੰਤੂ ਭੈਣ ਭਰਾ ਸੱਜਣਾ ।
ਜੜ ਤੋਂ ਚੇਤਨ ਵੱਲ ਜੋ ਵਹਿੰਦਾ ਦਿਖਦਾ ਹੈ,
ਨਿਯਮ ਰੂਪ ਵਿੱਚ ਖੁਦ ਹੀ ਆਪ ਖੁਦਾ ਸੱਜਣਾ ।
ਜੇ ਲੜਨਾ ਸੀ ਹੋਰ ਬਹਾਨੇ ਲੱਭ ਲੈਂਦਾ,
ਨਾਸਤਕ ਕਹਿ, ਨਾ ਘਿਸਿਆ ਰਾਗ ਸੁਣਾ ਸੱਜਣਾ ।।

ਗੁਰਮੀਤ ਸਿੰਘ ਬਰਸਾਲ ( ਯੂ ਐਸ ਏ )