Saturday, August 29, 2020

ਢਹਿ ਰਿਹਾ ਮਹਿਲ !!

ਢਹਿ ਰਿਹਾ ਮਹਿਲ !! ,,,,,,,,,,,,,,,,,,,,,,,,,,,,,,,,,,,,,,,, 

ਸਦੀਆਂ ਤੋਂ ਜਿਸ ਮਾਸ ਨੋਚਿਆ , ਦੁਨੀਆਂ ਸਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਰੱਬ ਦੇ ਨਾਂ ਤੇ ਹੋਰਾਂ ਨੂੰ ਜਜਬਾਤੀ ਕਰਦਾ ਏ ।

 ਆਪੂੰ ਧਰਮ ਦੀ ਪਹਿਲੀ ਪਉੜੀ ਤੋਂ ਵੀ ਹਰਦਾ ਏ ।

 ਫਇਦਾ ਚੁੱਕਦਾ ਰਾਜਨੀਤੀ ਨਾਲ ਲਾਈ ਯਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਚਾਲ ਨਾਲ ਇਕ ਰਸਤੇ ਵਾਲੇ ਵੱਖਰੇ ਕਰ ਲੈਂਦਾ ।

 ਕਰ ਇਕੱਲੇ ਫਿਰ ਇਹ ਛੇਕੂ ਸਾਣ ਤੇ ਧਰ ਲੈਂਦਾ ।

 ਏਹੀ ਸਿਖਿਆ ਬਿਪਰ ਗੁਰੂ ਤੋਂ ਕੰਮ ਮਕਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਸਦੀਆਂ ਤੋਂ ਤਾਂ ਏਦਾਂ ਹੀ ਇਹ ਕਰਦਾ ਆਇਆ ਹੈ ।

 ਜਿਦ ਨਹੀਂ ਛੱਡਦਾ ਪਰ ਸੱਚ ਹੱਥੋਂ ਹਰਦਾ ਆਇਆ ਹੈ ।

 ਇੱਕ ਦਿਨ ਤਾਂ ਲਭ ਜਾਣਾ ਹੁੰਦਾ ਹੱਲ ਬਿਮਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 'ਕੱਲੇ-'ਕੱਲੇ ਦੀਵੇ ਨੂੰ ਇਹ ਫੂਕਾਂ ਮਾਰ ਰਿਹੈ ।

 ਪਰ ਨਾ ਜਾਣੇ ਚਿਣਗਾਂ ਅੰਦਰ ਭਾਂਬੜ ਬਾਲ਼ ਰਿਹੈ ।

 ਆਖਿਰ ਫਟਣਾ ਗੁੱਸਾ ਸੰਗਤ ਸ਼ਰਧਾ ਮਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਗੁਰਮੀਤ ਸਿੰਘ ਬਰਸਾਲ (USA)