ਸਾਂਝ ਗੁਣਾਂ ਦੀ !
ਸਾਂਝ ਗੁਣਾਂ ਦੀ
ਕਰਦਾ ਜਾਹ ।
ਚੁੱਗ-ਚੁੱਗ ਝੋਲੀ
ਭਰਦਾ ਜਾ ।।
ਅੱਗ ਤਰਕ ਦੀ ਬਾਲੀ
ਰੱਖ,
ਗਿਆਨ ਬਿਨਾਂ ਨਾ ਠਰਦਾ
ਜਾ ।।
ਬੰਦਿਆਂ ਦਾ ਨਾ
ਧੜਾ ਬਣਾਈਂ ।
ਸ਼ਬਦ ਰਤਨ ਸਭ
ਸਾਂਭੀ ਜਾਈਂ ।
ਦੁਸ਼ਮਣ ਤੋਂ ਵੀ
ਸਿੱਖਣਾ ਸਿੱਖਕੇ,
ਹਉਮੇ ਲਾਹ-ਲਾਹ
ਧਰਦਾ ਜਾ ।।
ਛੱਡ ਵਿਸਾਹ
ਤਕਦੀਰਾਂ ਦਾ ।
ਆਸ਼ਕ ਬਣ ਤਦਬੀਰਾਂ
ਦਾ ।
ਇੱਕੋ ਵਾਰੀ ਮਰਨਾ
ਸਿੱਖ ਲੈ,
ਵਾਰ-ਵਾਰ ਨਾ ਮਰਦਾ
ਜਾ ।।
ਨਾ ਕਰਨਾ ਨਾ
ਸਹਿਣਾ ਹੈ ।
ਜੁਲਮ ਵਿਰੋਧੀ
ਰਹਿਣਾ ਹੈ ।
ਰਾਜ-ਮਜ਼ਹਬ ਦੀਆਂ
ਚਾਲਾਂ ਨੂੰ,
ਚੁੱਪ ਕਰਕੇ ਨਾ
ਜਰਦਾ ਜਾ ।।
ਆਪਣੇ ਅਤੇ ਬੇਗਾਨੇ
ਨਾਲ ।
ਸੱਚ ਦੇ ਫੜੇ
ਪੈਮਾਨੇ ਨਾਲ ।
ਝੂਠੀ ਦੁਨੀਆਂ
ਦਾਰੀ ਲਈ,
ਦਿਲ ਹੱਥੋਂ ਨਾ
ਹਰਦਾ ਜਾ ।।
ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)