ਇੱਕ ਦੀ ਰਮਜ !!
ਗੁਰੂ ਨਾਨਕ ਇਸ ਜੱਗ ਦੇ ਅੰਦਰ,
ਇੱਕ ਰੱਬ ਦੀ ਇੰਝ ਗੱਲ ਸਮਝਾਈ ।
ਕਰਤਾ ਆਪੇ ਕਿਰਤ `ਚ ਵਸਦਾ,
ਸੈਭੰ ਰੂਪੀ ਬਣਤ ਬਣਾਈ ।
ਨਿਯਮ-ਹੁਕਮ ਦਾ ਰੂਪ ਵਟਾਕੇ,
ਜੱਗ ਦੀ ਖੁਦ ਕਰਦਾ ਅਗਵਾਈ ।
ਗੁਰੂ ਗਿਆਨ ਦੀ ਕਿਰਪਾ ਸਦਕਾ,
ਸਭ ਪਾਸੇ ਇਹ ਦਏ ਦਿਖਾਈ ।।
ਨਾਨਕ ਰੂਪੀ ਗਿਆਨ ਜੋਤ ਜਦ,
ਦਸ ਦੇਹਾਂ `ਚੋਂ ਹੋਕੇ ਚੱਲੀ ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ,
ਹੋ ਗਈ ਸਭ ਤੇ ਨਜਰ ਸਵੱਲੀ ।
ਕੁਝ ਗੁਰੂ-ਪੁਤਰਾਂ ਬਾਗੀ ਹੋਕੇ,
ਬਿਪਰੀ ਸੋਚੇ ਬੇੜੀ ਠੱਲੀ
ਗੁਰੂ ਕਾਲ ਦੇ ਵਿੱਚੇ ਬਣ ਗਏ,
ਬਾਈ ਡੇਰੇ ਮੱਲੋ-ਮੱਲੀ ।।
ਬਾਈਆਂ ਤੋਂ ਅੱਜ ਬਾਈ ਸੌ ਬਣ,
ਸ਼ਬਦ-ਗਿਆਨ ਨੂੰ ਢਾਹ ਰਹੇ ਨੇ ।
ਗੁਰੂ ਗ੍ਰੰਥ ਨੂੰ ਪਿੱਛੇ ਕਰਕੇ,
ਦੇਹ ਨੂੰ ਗੁਰੂ ਸਦਾ ਰਹੇ ਨੇ ।
ਕੁਝ ਅਗਲੇਰੇ ਕਦਮ ਤੋਂ ਪਹਿਲਾਂ,
ਗੁਰ ਨੂੰ ਢਾਲ਼ ਬਣਾ ਰਹੇ ਨੇ ।
ਛੁਟਿਆਵਣ ਲਈ ਗ੍ਰੰਥ ਗੁਰੂ ਨੂੰ,
ਬਿਪਰੀ ਗ੍ਰੰਥ ਫੈਲਾ ਰਹੇ ਨੇ ।।
ਗੁਰੂ ਗ੍ਰੰਥ ਦੇ ਸ਼ਬਦਾਂ ਅੰਦਰ,
ਸਿੱਖ ਦੀ ਜੀਵਨ ਜਾਚ ਸਮਾਈ ।
ਗੁਰਮਤਿ ਛੱਡਕੇ ਮਨਮੱਤ ਵਾਲੀ,
ਫਿਰਦੇ ਕਈ ਅੱਜ ਰਹਿਤ ਬਣਾਈ ।
ਕਰਮਕਾਂਡ ਘੜ ਮਰਿਆਦਾ ਵਿੱਚ,
ਸਿੱਖ ਬਿਪਰ ਵਿੱਚ ਸਾਂਝ ਦਿਖਾਈ ।
ਵਿਵਹਾਰਿਕ ਜੀਵਨ ਨੂੰ ਤੱਜ ਕੇ,
ਖਲਕਤ ਪੂਜਾ ਵਿੱਚ ਉਲਝਾਈ ।।
ਸਿੱਖ ਪੰਥ ਦਾ ਤਖਤ ਇੱਕ ਹੈ,
ਗ੍ਰੰਥ ਗੁਰੂ ਵਿੱਚ ਗੁਰੂਆਂ ਘੜਿਆ ।
ਅਕਾਲ ਪੁਰਖ ਦਾ ਤਖਤ ਨਿਰਾਲਾ,
ਨਾਨਕ ਸ਼ਬਦੀਂ ਰਤਨੀਂ ਜੜਿਆ ।
ਇਟਾਂ ਰੇਤ ਨਾ ਚੂਨਾ ਕੋਈ,
ਇਹ ਹੈ ਗੁਰ ਸਿਧਾਂਤ ਵਿੱਚ ਮੜਿਆ ।
ਦੁਨੀਆਂ ਦੇ ਸਭ ਤਖਤਾਂ ਸਾਹਵੇਂ,
ਸਦਾ ਰਹੂ ਹਿੱਕ ਤਾਣੀ ਖੜਿਆ ।।
ਸੂਰਜ ਦੀ ਪਰਿਕਰਮਾ ਕਰਦੀ,
ਧਰਤੀ ਰੁੱਤਾਂ ਸਾਲ ਬਣਾਏ ।
ਅੱਜ ਦੇ ਯੁੱਗ ਦੀ ਸੂਰਜ ਗਿਣਤੀ,
ਚੰਦ ਗਣਨਾਂ ਦੇ ਮੇਚ ਨਾ ਆਏ ।
ਏਕੋ ਨਿਯਮ `ਚ ਬੱਝ ਕੈਲੰਡਰ,
ਨਾਨਕਸ਼ਾਹੀ ਅੱਜ ਅਖਵਾਏ ।
ਦਿਨ-ਸੁਧ ਪੱਕੀਆਂ ਮਿਤੀਆਂ ਕਾਰਣ,
ਹਰ ਵਾਰੀ ਨਿਸ਼ਚਿਤ ਥਾਂ ਜਾਏ ।।
ਆਓ ਦੋ ਦੀ ਦੁਐਤ ਤੋਂ ਬਚਕੇ,
ਇੱਕ ਦਾ ਨੁਕਤਾ ਸਾਹਵੇਂ ਲਿਆਈਏ ।
ਇੱਕ ਰੱਬ, ਇੱਕ ਗੁਰ, ਇੱਕ ਮਰਿਆਦਾ,
ਏਕੋ ਗ੍ਰੰਥ ਦਾ ਪੰਥ ਸਦਾਈਏ ।
ਤਖਤ, ਕੈਲੰਡਰ ਦੀ ਨੀਤੀ ਵਿੱਚ,
ਇੱਕੋ ਨਿਯਮ ਨੂੰ ਹੀ ਅਪਣਾਈਏ ।
ਗੁਰ ਨਾਨਕ ਦੇ ਇੱਕ ਦੀਆਂ ਰਮਜਾਂ,
ਸਮਝਕੇ ਇੱਕ ਵਿੱਚ ਇੱਕ ਹੋ ਜਾਈਏ ।।।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)