Wednesday, March 29, 2017

ਸੱਚ ਦੇ ਪ੍ਰਚਾਰਕ ਦੇ ਨਾਂ

ਸੱਚ ਦੇ ਪ੍ਰਚਾਰਕ ਦੇ ਨਾਂ !!

ਬਾਬਾ ਛੱਡ ਕੋਈ ਜਦ ਵੀ ਬਣਦਾ ਵੀਰਾ ਏ ।
ਸੰਗਤ ਦੇ ਦਿਲ ਦਾ ਬਣ ਜਾਂਦਾ ਹੀਰਾ ਏ ।
ਗੁਰਮਤਿ ਦੇ ਲਈ ਕਿਰਨ, ਆਸ ਦੀ ਬਣਦਾ ਜੋ,
ਸਾਧਮਤਿ ਦੀ ਅੱਖ ਵਿੱਚ ਬਣਦਾ ਚੀਰਾ ਏ ।।

ਵਹਿਮਾਂ-ਭਰਮਾਂ ਦੇ ਵਿੱਚ ਜੋ ਉਲਝਾਉਂਦੇ ਸੀ ।
ਅੰਧਵਿਸ਼ਵਾਸਾਂ ਦੇ ਨਾਲ ਬਹੁਤ ਡਰਾਉਂਦੇ ਸੀ ।
ਡੇਰਾਧਾਰੀ ਅਜਗਰ ਜਿੱਥੇ ਵਸਦਾ ਏ,
ਕਰਮਕਾਂਢ ਤਾਂ ਭਿਆਨਕ ਇੱਕ ਜਜੀਰਾ ਏ ।।

ਅੰਧ-ਵਿਸ਼ਵਾਸ ਜੋ ਲੋਕਾਂ ਵਿੱਚ ਪਰਚਾਰੇ ਸੀ ।
ਰੋਜੀ ਰੋਟੀ ਬੱਧੀ ਉਨ੍ਹਾਂ ਸਹਾਰੇ ਸੀ ।
ਤੱਤ ਗੁਰਮਤਿ ਦੀ ਤੇਜ ਫਰਾਰੀ ਦੇ ਅੱਗੇ,
ਡੇਰਾਬਾਦ ਤਾਂ ਬਣਨਾ ਇੱਕ ਗਡੀਰਾ ਏ ।।

ਗੁਰਬਾਣੀ ਦੀ ਜੇ ਕਸਵੱਟੀ ਲਾਵਾਂਗੇ ।
ਗੁਰ-ਇਤਿਹਾਸ `ਚ ਬੈਠਾ ਬਿਪਰ ਭਜਾਵਾਂਗੇ ।
ਗੁਰ-ਸ਼ਬਦੀ ਆਧਾਰ ਜਦੋਂ ਪਰਚਾਰ ਬਣੇ,
ਗੁਰ-ਗਿਆਨ ਦਾ ਗੁਰਪ੍ਰਸਾਦ ਵਤੀਰਾ ਏ ।।

ਗੁਰਬਾਣੀ ਜਦ ਦਿਲ ਦੇ ਅੰਦਰ ਰਹਿੰਦੀ ਹੈ ।
ਅਮ੍ਰਿਤ ਬਣਕੇ ਰਸਨਾਂ ਥਾਂਈਂ ਵਹਿੰਦੀ ਹੈ ।
ਬਿਖ ਅਮ੍ਰਿਤ ਦਾ ਫਰਕ ਤਸੀਰੋਂ ਹੋ ਜਾਂਦਾ,
ਕਿਹੜਾ ਤੁੰਮਾ ਕੌੜ ਤੇ ਕੌਣ ਮਤੀਰਾ ਏ ।।


ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)