Saturday, June 11, 2016

ਸੰਤ ਤੋਂ ਸਿੱਖ !!

ਸੰਤ ਤੋਂ ਸਿੱਖ !!
ਜਦ ਤੋਂ ਉਸਨੇ ਸ਼ਬਦ ਦਾ ਲੰਗਰ ਲਾਇਆ ਹੈ ।
ਸੰਪਰਦਾਈਆਂ ਦੇ ਉਹ ਹਜ਼ਮ ਨਹੀਂ ਆਇਆ ਹੈ ।।
ਸੰਤ-ਮਾਰਗੀ ਤਦ ਤੋਂ ਡਾਢੇ ਔਖੇ ਨੇ,
ਨਾਮ ਉਹਨਾ ਦਾ ਜਦ ਤੋਂ ਨਾਮੋਂ ਲਾਹਿਆ ਹੈ ।।
ਜਦ ਤੋਂ ਬਣਿਆਂ ਪੁੱਤ ਭਰਾ ਉਹ ਸੰਗਤ ਦਾ,
ਡੇਰੇਦਾਰ ਦਿਲੋਂ ਉਸਤੋਂ ਘਬਰਾਇਆ ਹੈ ।।
ਅੱਜ ਵੀ ਉਹ ਤਾਂ ਸੰਤ ਕਹਿਣ ਤੋਂ ਹੱਟਦੇ ਨਾ,
ਸੰਤ-ਬਾਦ ਦਾ ਪੈ ਗਿਆ ਜਿੱਥੇ ਸਾਇਆ ਹੈ ।।
ਬਚਪਨ ਵਿੱਚ ਸੰਗਤ ਨਾਲ ਐਸਾ ਜੁੜਿਆ ਉਹ,
ਜੋ ਪਰਚੱਲਤ ਸੁਣਿਆਂ ਅੱਗੇ ਸੁਣਾਇਆ ਹੈ ।
ਗੁਰਮਤਿ ਦੇ ਪ੍ਰਚਾਰ `ਚ ਵੱਡਾ ਫਰਕ ਪਿਆ,
ਗੁਰ-ਸਿਧਾਂਤ ਨੂੰ ਜਦੋਂ ਆਧਾਰ ਬਣਾਇਆ ਹੈ ।।
ਗੈਰ-ਕੁਦਰਤੀ ਗੱਲਾਂ ਸਿੱਧੀਆਂ ਹੋਈਆਂ ਸਭ,
ਗੁਰਮਤਿ ਦੀ ਕਸਵੱਟੀ ਤੇ ਜਦ ਲਾਇਆ ਹੈ ।।
ਡੇਰੇਦਾਰਾਂ ਨੇ ਸਭ ਹਰਭੇ ਵਰਤੇ ਨੇ,
ਜਦ ਤੋਂ ਝੰਡਾ ਗੁਰਮਤਿ ਦਾ ਲਹਿਰਾਇਆ ਹੈ ।।
ਸਿੱਖ ਤੋਂ ਸੰਤ ਬਥੇਰੇ ਬਣਦੇ ਦੇਖੇ ਨੇ,
ਪਰ ਉਸ ਸੰਤੋਂ ਸਿੱਖ ਬਣਕੇ ਦਿਖਲਾਇਆ ਹੈ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)