ਮਿਰਜਾ !!
ਜਦ ਵੀ ਲੋਕੀਂ ਮਿਰਜੇ ਨੂੰ ਵਡਿਆਉਂਦੇ ਨੇ ।
ਭੈਣ ਭਰਾ ਦੇ ਰਿਸ਼ਤੇ ਨੂੰ ਦਫਨਾਉਂਦੇ ਨੇ ।
ਜਿਸਦਾ ਸੱਭਿਆਚਾਰ ਮੁਬਾਰਕ ੳਸਨੂੰ ਤਾਂ,
ਜਿਸਦਾ ਨਹੀਂ ਏ ਉਸਨੂੰ ਕਿਓਂ ਉਕਸਾਉਂਦੇ ਨੇ ।
ਮਾਮੇ ਦੀ ਧੀ ਮਿਰਜਾ ਕੱਢਕੇ ਲੈ ਗਿਆ ਸੀ,
ਕਾਹਤੋਂ ਲੋਕੀਂ ਫ਼ਖਰ ਨਾਲ ਇਹ ਗਾਉਂਦੇ ਨੇ ।
ਜਿਹਨਾਂ ਲਈ ਇਹ ਰਿਸ਼ਤਾ ਭੈਣ-ਭਰਾ ਦਾ ਹੈ,
ਉਹਨਾਂ ਲਈ ਕਿਉਂ ਰਿਸ਼ਤੇ ਨੂੰ ਛੁਟਿਆਉਂਦੇ ਨੇ ।
ਮਾਮੇਂ ਦੇ ਜਾਇਆਂ ਹੀ ਮਿਰਜਾ ਵੱਡਿਆ ਸੀ,
ਕਿਉਂ ਉਹ ਭਾਈ ਸਾਹਿਬਾਂ ਦੇ ਅਖਵਾਉਂਦੇ ਨੇ ।
ਪਾਕਿ ਮੁਹੱਬਤ ਰੂਹਾਂ ਦੀ ਗਲਵੱਕੜੀ ਏ,
ਗਾਇਕ-ਲੇਖਕ ਜਿਸਮਾਂ ਦੀ ਸਮਝਾਉਂਦੇ ਨੇ ।
ਖੁਦ ਦੇ ਬੱਚੇ ਮਿਰਜੇ-ਸਾਹਿਬਾਂ ਬਣਦੇ ਜਦ,
ਫੇਰ ਅਨੈਤਿਕ ਸੇਧਾਂ ਤੇ ਪਛਤਾਉਂਦੇ ਨੇ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)