Saturday, January 17, 2015

ਜੋ ਬ੍ਰਹਮੰਡੇ ਸੋਈ ਪਿੰਡੇ

ਜੋ ਬ੍ਰਹਮੰਡੇ ਸੋਈ ਪਿੰਡੇ
ਖਰਬਾਂ ਹੀ ਤਾਰਿਆਂ ‘ਚੋਂ, ਤਾਰਾ ਸਾਡੀ ਧਰਤੀ ਹੈ,
ਜਿਹਦੇ ਉੱਤੇ ਬੰਦਾ ਨਿੱਜੀ ਹੋਂਦ ਪਿੱਛੇ ਅੜੀ ਜਾਂਦਾ ।
ਹਵਾ ਪਾਣੀ ਤੱਤਾਂ ਦੇ ਸੰਜੋਗ ਨਾਲ ਬਣਦਾ ਜੋ,
ਉਸੇ ਹਵਾ-ਪਾਣੀ ਨੂੰ ਪੁਲੀਤ ਰੱਜ ਕਰੀ ਜਾਂਦਾ ।
ਜੜ ਵੱਲੋਂ ਚੇਤਨ ਨੂੰ ਜੀਵਨ ਦੀ ਧਾਰਾ ਵਗੇ,
ਇੱਕ ਪਾਸੇ ਵਧੀ ਜਾਵੇ ਦੂਜੇ ਪਾਸੇ ਝੜੀ ਜਾਂਦਾ ।
ਜੀਵ ਦਾ ਆਹਾਰ ਸਦਾ ਜੀਵਨ ਹੀ ਹੋਂਵਦਾ ਹੈ,
ਜੀਵਨ ਸਮੇਟ ਜੀਵ ਪੌੜੀ ਅੱਗੇ ਚੜੀ ਜਾਂਦਾ ।
ਸਾਰੀਆਂ ਜੂਨਾ ਦਾ ਸਾਂਝਾ ਜੀਵਨ ਹੀ ਜੀਵ ਇੱਕੋ,
ਕਦੇ ਬਾਹਰ ਫੈਲੀ ਜਾਂਦਾ ਕਦੇ ਵਿੱਚੇ ਬੜੀ ਜਾਂਦਾ ।
ਹੋਰਾਂ ਵੱਲੋਂ ਕੀਤੀ ਵੀ ਤਰੱਕੀ ਇਹਦੀ ਆਪਣੀ ਹੈ,
ਹੋਕੇ ਅਣਜਾਣ ਇਹ ਤਾਂ ਦੇਖ ਦੇਖ ਸੜੀ ਜਾਂਦਾ ।
ਕੁਦਰਤ ਜੀਵ ਨੂੰ ਅਸੂਲ ਜਿਹੜੇ ਬਖਸ਼ੇ ਨੇ,
ਉਸੇ ਦੇ ਵਿਰੋਧ ‘ਚ ਅਸੂਲ ਇਹ ਤਾਂ ਘੜੀ ਜਾਂਦਾ ।
ਗੁਰੂ-ਉਪਦੇਸ਼ਾਂ ਨੂੰ ਨਾ ਜਿੰਦਗੀ ‘ਚ ਧਾਰਦਾ ਹੈ,
ਕਰਮ-ਕਾਂਢਾਂ ਦੇ ਵਾਂਗ ਬੱਸ ਬੈਠਾ ਪੜ੍ਹੀ ਜਾਂਦਾ ।
ਭਰਮਾਂ ਦਾ ਬੰਨਿਆਂ ਇਹ ਕੱਚੇ ਧਾਗੇ ਨਾਲ ਬੱਝਾ,
ਮੁੜ-ਘਿੜ ਦੱਸੇ ਗਏ ਇਹ ਥਾਂ ਤੇ ਆਪੇ ਖੜੀ ਜਾਂਦਾ ।।
ਪਿੰਡ ਬ੍ਰਹਿਮੰਡ ਨੂੰ ਇਹ ਇੱਕ ਸਾਰ ਕਿੰਝ ਜਾਣੇ,
ਅਜੇ ਸਿੱਖ ਖਾਣ ਦੇ ਸਵਾਲ ਉੱਤੇ ਲੜੀ ਜਾਂਦਾ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)