ਰੀ-ਸਾਈਕਲ
ਭਾਫਾਂ ਬਣ ਜੋ ਵਿੱਚ ਅਸਮਾਨੀ ਚੜ੍ਹਦਾ ਹੈ ।
ਉਹੀ ਪਾਣੀ ਬਾਰਿਸ਼ ਬਣਕੇ ਵਰ੍ਹਦਾ ਹੈ ।।
ਪਾਣੀ ਵਿੱਚ ਹੈ ਜੀਵਨ,ਜੀਵਨ ਵਿੱਚ ਪਾਣੀ,
ਇੱਕ ਦੇ ਬਾਝੋਂ ਦੂਜੇ ਦਾ ਨਹੀਂ ਸਰਦਾ ਹੈ ।।
ਪਾਣੀ ਦੇ ਤਿੰਨ ਰੂਪਾਂ ਦੀ ਕੀ ਗੱਲ ਕਰੀਏ,
ਜੀਵਨ ਦਾ ਹਰ ਰੂਪ ਇਹਦੇ ਬਿਨ ਮਰਦਾ ਹੈ ।।
ਪਵਣ ਗੁਰੂ ਦੇ ਨਾਲ ਪਿਤਾ ਇਹ ਪਾਣੀ ਹੈ,
ਹਰ ਬੰਦਾ ਇਹ ‘ਜਪੁਜੀ’ ਅੰਦਰ ਪੜ੍ਹਦਾ ਹੈ ।।
ਜੋ ਪਾਣੀ ਹੈ ਅਮ੍ਰਿਤ ਜੀਵਨ-ਧਾਰਾ ਲਈ,
ਉਸੇ ਵਿੱਚ ਹੀ ਡੁੱਬਕੇ ਜੀਵਨ ਹਰਦਾ ਹੈ ।।
ਕੁਦਰਤ ਖੁਦ ਰੀ-ਸਾਈਕਲ ਕਰਦੀ ਰਹਿੰਦੀ ਹੈ,
ਭਾਵੇਂ ਜੀਵਨ ਦੀ ਹਰ ਆਂਤੋਂ ਝਰਦਾ ਹੈ ।।
ਸਮਿਆਂ ਪਹਿਲਾਂ ਜੀਵਨ ਨੇ ਜੋ ਪੀਤਾ ਸੀ,
ਉਹੀਓ ਅੱਜ ਵੀ ਮੁੜ-ਮੁੜ ਚੱਕਰ ਭਰਦਾ ਹੈ ।।
ਧਰਤੀ ਤੇ ਕੁਝ ਬਾਹਰੋਂ ਆਉਂਦਾ-ਜਾਂਦਾ ਨਹੀਂ,
‘ਏਕਾ ਵਾਰ’ ਦਾ ਹੋਇਆ ਰੂਪ ਹੀ ਘੜਦਾ ਹੈ ।।
ਧਰਤੀ ਦੇ ਸੰਗ ਦੋ ਤਿਹਾਈ ਪਾਣੀ ਹੈ,
ਜੀਵਨ ਨੂੰ ਵੀ ਇਸ ਅਨੁਪਾਤੇ ਭਰਦਾ ਹੈ ।।
ਆਪੂੰ ਤਾਂ ਉਹ ਲੱਭਦਾ ਕਿਧਰੇ ਸੁੱਚਾ ਨਾ,
ਜਿਸ ਨਾਲ ਬੰਦਾ ਸਭ ਕੁਝ ਸੁੱਚਾ ਕਰਦਾ ਹੈ ।।
ਦੁਨੀਆਂ ਅੰਦਰ ਸੁੱਚਮ ਨਾਂ ਦੀ ਚੀਜ ਨਹੀਂ,
ਜਦ ਤਕ ਨਾ ਕੋਈ ਜਾਣੇ ਤਦ ਤਕ ਪਰਦਾ ਹੈ ।।
ਬੰਦਾ ਵੀ ਇਸ ਪਾਣੀ ਦਾ ਹੀ ਤੁਪਕਾ ਹੈ ,
ਦੇਖਣ ਨੂੰ ਹੀ ਲਗਦਾ ਜੰਮਦਾ-ਮਰਦਾ ਹੈ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)