Wednesday, April 23, 2014

ਰੱਬ ਦੀ ਭਾਲ

ਰੱਬ ਦੀ ਭਾਲ਼ !!
ਗਿਆਨ ਬਿਨਾਂ ਉਸ ਮਹਾਂ ਗਿਆਨ ਲਈ, ਮਨ ਵਿੱਚ ਹਸਰਤ ਪਾਲੇਂ ।
ਰੱਬ ਨੂੰ ਲੱਭਣ ਖਾਤਿਰ ਬੰਦਿਆ, ਲੱਖਾਂ ਜਫਰ ਤੂੰ ਜਾਲੇਂ ।।
ਤੇਰੀ ਭਾਸ਼ਾ ਆਮ ਆਦਮੀ, ਜੇਕਰ ਸਮਝ ਨਾ ਸਕਿਆ,
ਤਾਣਾ ਬਾਣਾ ਬੁਣ ਸ਼ਬਦਾਂ ਦਾ, ਸੰਗਤ ਨੂੰ ਕਿਓਂ ਟਾਲੇਂ ।।
ਦੋ ਟੁਕ ਤੈਨੂ ਸੱਚ ਕਹਿਣ ਦਾ, ਮੌਕਾ ਜਿੱਥੇ ਮਿਲਦਾ,
ਗੋਲ ਮੋਲ ਜਿਹੀਆਂ ਗੱਲਾਂ ਕਰਕੇ, ਸੱਚ ਨਾਂ ਕਦੇ ਉਗਾਲੇਂ ।।
ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ,
ਕੁਦਰਤ ਤੋਂ ਰੱਬ ਬਾਹਰ ਕੱਢ ਕਿਓਂ, ਵੱਖਰਾ ਰੂਪ ਦਿਖਾਲੇਂ ।।
ਅਸਮਾਨਾਂ ਤੋਂ ਧਰਤੀ ਲਥਿਆ, ਤੈਨੂੰ ਰਾਸ ਨਾ ਆਵੇ,
ਤਾਹੀਓਂ ਰੱਬ ਨੂੰ ਧਰਤੀ ਤੋਂ, ਅਸਮਾਨਾਂ ਵੱਲ ਉਛਾਲੇਂ ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਨਜਰ ਤੈਨੂੰ ਨਹੀਂ ਆਉਂਦਾ,
ਮਨ-ਕਲਪਿਤ ਰੱਬ ਦੇਖਣ ਖਾਤਿਰ, ਰੋਜ ਘਾਲਣਾਂ ਘਾਲੇਂ ।।
ਤੇਰੀ ਐਨਕ ਥਾਣੀ ਜੇਕਰ, ਕੋਈ ਹੋਰ ਨਾ ਦੇਖੇ,
ਆਖ ਨਾਸਤਿਕ ਫੇਰ ਤੂੰ ਉਸਦੀ, ਪਗੜੀ ਖੂਬ ਉਛਾਲੇਂ ।।
ਜੇ ਬੰਦਿਆਂ ਤੈਨੂੰ 'ਬੰਦੇ' ਅੰਦਰ, ਰੱਬ ਕਿਤੇ ਨਹੀਂ ਦਿਸਦਾ,
ਅਸਮਾਨਾਂ ਵੱਲ ਬੂਥਾ ਚੁੱਕੀਂ, ਕਿਹੜੇ ਰੱਬ ਨੂੰ ਭਾਲੇਂ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ) gsbarsal@gmail.com