Monday, February 13, 2012

ਪ੍ਰੋ: ਗੁਰਬਖ਼ਸ਼ ਸਿੰਘ ਸਚਦੇਵ ਦੀ ਕਿਤਾਬ “ਇਹ ਚਿਰਾਗ ਤੇਰੇ ਬਲਣ ਹਮੇਸ਼ਾਂ” ਵਾਰੇ ਕੁਝ ਸ਼ਬਦ


ਪ੍ਰੋ: ਗੁਰਬਖ਼ਸ਼ ਸਿੰਘ ਸਚਦੇਵ ਦੀ ਕਿਤਾਬ “ਇਹ ਚਿਰਾਗ ਤੇਰੇ ਬਲਣ ਹਮੇਸ਼ਾਂ” ਵਾਰੇ ਕੁਝ ਸ਼ਬਦ।।


ਆਪਣੇ ਆਪ ਨੂੰ ਨਾਸਤਿਕ ਦੱਸਕੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ, ਆਪਣੀ ਜਿੰਦਗੀ ਦੇ ਲੰਬੇ ਪੈਂਡੇ ਦੌਰਾਨ ਲਿਖੀਆਂ ਰਚਨਾਵਾਂ ਨੂੰ 92 ਸਾਲਾ ਵੱਡੀ ਉਮਰੇ ਛਪਵਾਕੇ ਇਨਸਾਨੀਅਤ ਦੇ ਉਜਲੇ ਭਵਿੱਖ ਦੀ ਝਾਕ ਵਿੱਚ ਸਮਰਪਿਤ ਕਰਨ ਵਾਲੇ ਸੂਝਵਾਨ,ਸ਼ੁਹਿਰਦ ਅਤੇ ਦਾਨਿਸ਼ਵਰ ਸਾਹਿਤਕਾਰ ਦਾ ਨਾਮ ਹੈ ਪ੍ਰੋ ਗੁਰਬਖ਼ਸ਼ ਸਿੰਘ ਸਚਦੇਵ ।ਦਿਲ  ਦੀਆਂ ਗਹਿਰਾਈਆਂ ਚੋਂ ਲਿਖਣ ਵਾਲੇ ਇਸ ਲਿਖਾਰੀ ਨੇ ਕਦੇ ਵੀ ਭਾਵਨਾ ਵਸ ਵਿਵੇਕ ਬੁੱਧੀ ਦਾ ਪੱਲਾ ਨਹੀਂ ਛੱਡਿਆ ।ਪੰਜਾਬ ਦੇ ਕਾਲਜਾਂ ਵਿੱਚ ਪਰੋਫੈਸਰੀ ਕਰਨ ਤੋਂ ਬਾਅਦ ਕੈਲੇਫੋਰਨੀਆਂ ਦੇ ਸ਼ਹਿਰ ਸੈਨਹੋਜੇ ਵਿੱਚ ਰਹਿੰਦਿਆਂ ਸਾਹਿਤ ਸਭਾ ਨੂੰ ਸਦਾ ਉਸਾਰੂ ਸੇਧ ਦਿੰਦਿਆਂ ਅਨੇਕਾਂ ਰਚਨਾਵਾਂ ਦੇ ਨਾਲ ਨਾਲ ਕਈ ਅਜੀਮ ਸ਼ਖ਼ਸ਼ੀਅਤਾਂ ਦੀਆਂ ਕਿਤਾਂਬਾਂ ਦੀਆਂ ਭੂਮਕਾਵਾਂ ਲਿਖਣ ਦਾ ਮਾਣ ਵੀ ਪਰੋਫੈਸਰ ਸਾਹਿਬ ਨੂੰ ਜਾਂਦਾ ਹੈ ।


ਹਥਲੀ ਪੁਸਤਕ ਵਿੱਚ ਪਰੋਫੈਸਰ ਸਾਹਿਬ ਨੇ ਆਪਣੀਆਂ ਮੌਲਿਕ  ਕਵਿਤਾਵਾਂ,ਸਮੇਂ ਸਮੇਂ ਤੇ ਪਰਿਵਾਰਿਕ ਮੈਂਬਰਾਂ ਲਈ ਲਿਖੇ ਕਾਵਿ ਬੋਲ ,ਵਾਰਤਕ ਰਚਨਾਵਾਂ  ਦੇ ਨਾਲ ਆਪਣੇ ਸਾਹਿਤਕ ਖਜਾਨੇ ਵਿੱਚੋਂ ਪਸ਼ੰਦੀਦਾ ਕਵੀਆਂ ਦੀਆਂ ਕੁਝ ਕਵੀਤਾਵਾਂ ਵੀ ਦਰਜ ਕੀਤੀਆਂ ਹਨ ।ਸੁਰਜੀਤ ਪਾਤਰ ਅਨੁਸਾਰ ਅਜਿਹੀਆਂ ਦਿਲ ਵਿੱਚੋਂ ਨਿਕਲੀਆਂ ਰਚਨਾਵਾਂ ਦਿਲ ਵਿੱਚ ਹੀ ਉਤਰ, ਦੁਨੀਆਂ ਨੂੰ ਪਿਆਰ ਭਰੀ,ਇਨਸਾਫ ਭਰੀ ਤੇ ਖੁਸ਼ਹਾਲ ਬਣਾਉਣ ਦੀ ਪ੍ਰੇਰਣਾ ਦਿੰਦੀਆਂ ਹਨ ।

ਜਿੱਥੇ ਦੁਨੀਆਂ ਅਮੈਰੀਕਨ ਨਾਗਰਿਕ ਬਣਨ ਸਮੇਂ ਦੋਸਤਾਂ ਸੰਗ ਖੁਸ਼ੀ ਦਾ ਇਜ਼ਹਾਰ ਕਰਦੀ ਹੈ ਉੱਥੇ ਲੇਖਕ ਵਿਦੇਸ਼ ਦੀ ਨਾਗਰਿਕਤਾ ਨੂੰ ਆਪਣੀ ਜਨਮ ਭੂਮੀ ਨੂੰ ਦਿੱਤਾ ਜਾ ਰਿਹਾ ਬੇਦਾਵਾ ਸਮਝ ਮਜਬੂਰੀ,ਲਾਚਾਰੀ ਜਾਂ ਖੁਦਗਰਜੀ ਦੇ ਖਾਤੇ ਪਾਂਦਾ ਹੈ ।ਆਪਣੀ ਜਨਮ ਭੂਮੀ ਨਾਲ ਪਿਆਰ ਜਤਲਾਉਣ ਤੋਂ ਬਾਅਦ ਫਿਰ ਵੀ ਲੇਖਕ ਆਪਦੇ ਕੀਤੇ ਫੈਸਲੇ ਤੇ ਸੰਤੁਸ਼ਟ ਜਾਪਦਾ ਹੈ ਜਦੋਂ ਉਹ ਆਖਦਾ ਹੈ ਕਿ

“ਮੈਂ ਤੈਨੂੰ ਬਦਾਵਾ ਪਾੜਨ ਲਈ ਵੀ ਨਹੀਂ ਆਖਾਂਗਾ

ਇਸ ਤਰਾਂ ਲੇਖਕ ਉਮੜ ਰਹੇ ਜਜਬਾਤਾਂ ਤੋਂ ਉਪਰ ਉੱਠ ਕਿਸੇ ਪਰੈਕਟੀਕਲ ਫੈਸਲੇ ਨਾਲ ਸੁਰਖੁਰੂ ਹੁੰਦਾ ਜਾਪਦਾ ਹੈ ।

ਮੈਂ ਨਾਸਤਿਕ ਹਾਂ ਕਵਿਤਾ ਵਿੱਚ ਵੀ ਕਵੀ ਗੁਰਦਵਾਰੇ,ਮੰਦਰ,ਗਿਰਜੇ ਜਾਣ ਜਾਂ ਨਮਾਜੀ ਹੋਣ ਨੂੰ ਹੀ ਆਸਤਕ ਹੋਣਾ ਮੰਨਣ ਨਾਲੋਂ ਚੰਗੇ ਗੁਣਾ ਨੂੰ ਧਾਰਨ ਕਰਨ ਨੂੰ ਧਾਰਮਿਕ ਹੋਣਾ ਤਸਲੀਮ ਕਰਦਾ ਹੈ ।ਉਹ ਕਿਸੇ ਪੂਜਾ, ਪਾਠ, ਨਮਾਜ਼ ਜਾਂ ਰੁਹਾਨੀਅਤ ਨਾਲੋਂ ਤਰਕ ਤੇ ਸਿਦਕ ਨਾਲ ਮਨੁੱਖ ਅੰਦਰਲੀ ਸਦਭਾਵਨਾਂ ਅੱਗੇ ਹੀ ਨਤਮਸਤਕ ਹੋਕੇ ਪਰੈਕਟੀਕਲ ਹੋਣ ਨੂੰ ਨਾਸਤਿਕਤਾ ਦਾ ਧਰਮ ਆਖਦਾ ਹੈ । ਇਸ ਤਰਾਂ ਲੇਖਕ ਬਾਬੇ ਨਾਨਕ ਨੂੰ ਆਪਣਾ ਗੁਰੂ ਮੰਨਦਾ ਹੋਇਆ ਹਰ ਤਰਾਂ ਦੇ ਮਜ਼ਹਬੀ ਭੇਦ-ਭਾਵ ਤੋਂ ਉਪਰ ਉੱਠ ਸਿਰਫ ਵਧੀਆ ਇਨਸਾਨ ਹੋਣ ਨੂੰ ਸਭ ਤੋਂ ਵੱਡਾ ਧਰਮ-ਕਰਮ ਸਮਝਦਾ ਹੈ ।ਉਹ ਵਿਗਿਆਨੀਆਂ ਦਾ ਸਤਿਕਾਰ ਬਰਕਰਾਰ ਰੱਖਦਾ ਹੈ ਜਿਹਨਾਂ ਕੁਦਰਤ ਦੀਆਂ ਰਮਜਾਂ ਖੋਲ ਮਨੁੱਖੀ ਦਿਮਾਗ ਨੂੰ ਰੋਸ਼ਨ ਕੀਤਾ ਹੈ ।ਮਨੁੱਖੀ ਸਮਾਜ ਨੂੰ ਬਿਹਤਰ ਬਣਾਉਣ ਦੀ ਚਾਹਨਾਂ ਨਾਲ ਵਿਗਿਆਨਕ ਦ੍ਰਿਸ਼ਟੀ ਨਾਲ ਸਮਾਜਿਕ ਬਣਤਰ ਖੋਜਣ ਵਾਲੇ ਮਾਰਕਸ ਤੇ ਏਂਗਲਜ਼ ਜਿਹੇ ਦਾਰਸ਼ਨਿਕ ਵੀ ਉਸਦੇ ਸਤਿਕਾਰ ਬਿਨਾ ਨਹੀਂ ਰਹਿ ਸਕਦੇ।

ਬਹੁਤ ਸਾਰੀਆਂ ਕਵਿਤਾਵਾਂ ਉਹ ਹੋਰ ਕਵੀ ਸਾਹਿਬਾਨਾਂ ਦੀਆਂ ਕਵਿਤਾਵਾਂ ਤੋਂ ਪਰਭਾਵਤ ਹੋਕੇ ਲਿਖਦਾ ਹੈ ਜਿਹਨਾਂ ਦਾ ਕਵਿਤਾ ਤੋਂ ਪਹਿਲਾਂ ਕੀਤਾ ਗਿਆ ਜਿਕਰ, ਲੇਖਕ ਅੰਦਰਲੀ ਸਚਾਈ,ਇਮਾਨਦਾਰੀ ਅਤੇ ਨਿਮਰਤਾ ਦੇ ਸਾਖਸ਼ਾਤ ਦਰਸ਼ਨ ਕਰਵਾਉਂਦਾ ਹੈ ।“ਜਾਗੋ” ਕਵਿਤਾ  ਵਿੱਚ ਕਵੀ ਕਿਸੇ ਅੱਗੇ ਗੋਡੇ ਟੇਕਣ ਜਾਂ ਮੱਥੇ ਰਗੜਣ ਨਾਲੋਂ ਹਕੀਕਤਾਂ ਨੂੰ ਗਿਆਨ ਵਿਗਿਆਨ ਦੀ ਰੋਸ਼ਨੀ ਵਿੱਚ ਅਟੁੱਟ ਵਿਸ਼ਵਾਸ ਨਾਲ ਢੂੰਢਣ ਦੀ ਪ੍ਰੇਰਨਾ ਕਰਦਾ ਹੈ ।

ਇਸੇ ਤਰਾਂ “ਅੱਖਰ” ਕਵਿਤਾ ਵਿੱਚ ਇੰਕਲਾਬੀ ਅਤੇ ਇਨਸਾਨੀਅਤ ਪੱਖੀ ਉਸਦੀ ਸੋਚ ਦੇ ਦਰਸ਼ਨ ਹੁੰਦੇ ਹਨ ਜਦੋਂ ਉਹ ਪ੍ਰੋ ਹਰਭਜਨ ਸਿੰਘ ਦੀ ਕਿਤਾਬ ਦੀ ਇਕ ਰਚਨਾਂ ਵਾਰੇ ਕਹਿੰਦਾ ਹੈ

ਤੇਰਾ ਅੱਖਰ ,ਚੁਣੌਤੀ ਹੈ ।

 ਹਾਕਮਾਂ ਨੂੰ,

ਲੁਟੇਰਿਆਂ ਨੂੰ,

ਮਜ਼ਹਬ ਦੇ ਠੇਕੇਦਾਰਾਂ ਨੂੰ।

ਰੰਗ ਤੇ ਨਸਲਪ੍ਰਸਤਾਂ ਨੂੰ,

ਜਾਤੀਵਾਦ ਦੇ ਹੰਕਾਰੀਆਂ ਨੂੰ।।

ਇਸੇ ਤਰਾਂ ਦੇ ਵੇਗ ਵਿੱਚ “ਲਾਲੋ ਜਾਗਦਾ ਹੈ” ਸਿਰਲੇਖ ਹੇਠ ਉਹ ਬਾਬੇ ਨਾਨਕ ਨੂੰ ਸੰਬੋਧਨ ਕਰਕੇ ਲਾਲੋ ਵਰਗੇ ਕਿਰਤੀਆਂ ਦੇ ਸੰਘਰਸ਼ ਦੀਆਂ ਕੁਰਬਾਨੀਆਂ ਦਾ ਜਿਕਰ ਕਰਦਾ ਹੋਇਆ ਸਿੱਖਾਂ,ਪੰਜਾਬੀਆਂ ਤੋਂ ਸ਼ੁਰੂ ਕਰ ਕੇ ਸ਼ਿਕਾਗੋ ਦੇ ਕਿਰਤੀ ਸ਼ਹੀਦਾਂ ਤਕ ਨੂੰ ਗਿਣਦਾ, ਸਿੱਖ ਇੰਕਲਾਬ, ਮੁਗਲ ਸਲਤਨਤ ਦਾ ਖਾਤਮਾ, ਜਾਰਸ਼ਾਹੀ ਦਾ ਪਲਟਾ, ਬਰਤਾਨਵੀ ਸਾਮਰਾਜ ਦਾ ਅੰਤ, ਦੱਖਣੀ ਅਮਰੀਕੀ ਦੇਸ਼ਾਂ ਦੀਆਂ ਤਬਦੀਲੀਆਂ ਆਦਿ ਵੱਡੇ ਵੱਡੇ ਇੰਕਲਾਬਾਂ ਦਾ ਜਿਕਰ ਕਰਦਾ ਹੋਇਆ ਹੱਕ-ਸੱਚ ਦੀ ਲੜਾਈ ਨੂੰ ਨਿਰੰਤਰ ਚਲਦੇ ਰੱਖਣ ਦੀ ਪਰੇਰਨਾ ਕਰਦਾ ਜਾਪਦਾ ਹੈ, ਜਦੋਂ ਉਹ ਆਖਦਾ ਹੈ

ਵਿਸ਼ਵਾਸ ਕਰ ਬਾਬਾ,

ਤੇਰੀ ਜਗਾਈ ਜੋਤ ਦੇ ਚਾਨਣ ਕਰਕੇ,

ਲਾਲੋ ਤੇ ਉਹਦੇ ਸਾਥੀ ਪੂਰੀ ਦ੍ਰਿੜਤਾ ਨਾਲ,

ਅੱਗੇ ਹੀ ਵੱਧਦੇ ਜਾਣਗੇ,

ਜਦ ਤੱਕ ਉਹ ਤੇਰੀ ਦਰਸਾਈ,

ਉਸ ਮੰਜਿਲ ਤੱਕ ਨਹੀਂ ਪਹੁੰਚ ਜਾਂਦੇ,

ਜਿੱਥੇ “ਸੱਭੇ ਸਾਂਝੀਵਾਲ ਸਦਾਇਨ

ਕੋਈ ਨ ਦਿਸੈ ਬਾਹਰਾ ਜੀਉ”।।

ਇਸੇ ਤਰਾਂ “ਸ਼ੁਕਰਾਨਾ ਦਿਵਸ” ਕਵਿਤਾ ਵਿੱਚ ਗਫ਼ਲਤ ਦੀ ਨੀਂਦ ਵਿੱਚ ਸੁੱਤੇ ਪਏ ਮਨ ਨੂੰ ਬ੍ਰਹਿਮੰਡ ਅਤੇ ਅੰਦਰ ਦੀ ਵਿਸ਼ਾਲਤਾ ਨੂੰ ਮਾਣਦਿਆਂ ਇਸਦੇ ਰਹੱਸ ਖੋਜਣ ਅਤੇ ਖੋਜੇ ਜਾ ਚੁੱਕੇ ਗਿਆਨ ਦੇ ਮੋਤੀਆਂ ਲਈ ਧੰਨਵਾਦੀ ਪਹੁੰਚ ਅਪਣਾਉਣ ਲਈ ਆਖਦਾ ਹੈ ।

ਕਵੀ ਲਿਖਦਾ ਹੈ

ਐਵੇਂ ਗੈਰਾਂ ਅੱਗੇ ਝੋਲੀ ਕਿਓਂ ਅੱਡੀ ਫਿਰਦਾ ਹੈਂ,

ਉੱਠ,ਮੂਰਖ ਨਾ ਬਣ,

ਹੋਸ਼ ਵਿੱਚ ਆ,

ਤੇ ਸਿਰ ਨਿਵਾਕੇ ਧੰਨਵਾਦ ਕਰ ਉਸ ਦਾਤੇ ਦਾ,

ਜਿਸ ਬਿਨ ਮੰਗਿਆਂ ਹੀ ਤੇਰੇ ਉੱਤੇ,

ਅਨਮੋਲ ਮੋਤੀਆਂ ਦੀ ਝੜੀ ਲਾਈ ਹੋਈ ਹੈ ।।

“ਪਿਆਰ ਮਿਲਣੀ” ਕਵਿਤਾ ਵਿੱਚ ਕਵੀ ਪੁਰਾਣੇ ਕਾਲਜ ਸਮੇ ਦੇ ਮੁਸਲਮਾਨ ਦੋਸਤਾਂ ਨਾਲ ਪਿਆਰ ਦੀਆਂ ਯਾਦਾਂ ਬਖੇਰਦਾ ਪਾਕਿਸਤਾਨ ਅਤੇ ਹਿੰਦੋਸਤਾਨ ਨੂੰ ਮੁੜ ਪਿਆਰੇ ਸਬੰਧ ਸਥਾਪਤ ਕਰਨ ਲਈ ਇੰਝ ਆਖਦਾ ਹੈ

ਚਲੋ ਜੋ ਹੋਣਾ ਸੀ ਹੋ ਗਿਆ

ਭਰਾਵਾਂ ਵਿੱਚ ਵੰਡੀਆਂ ਪੈ ਹੀ ਜਾਂਦੀਆਂ ਹਨ

ਮੈਂ ਨਹੀਂ ਕਹਿੰਦਾ ਇਸ ਕੰਧ ਨੂੰ ਢਾਹੋ

ਮੈ ਕਹਿਨਾਂ ਅੱਡੀਆਂ ਚੁੱਕੋ

ਕੰਧ ਉੱਪਰੋਂ ਦੀ ਬਾਹਾਂ ਉਲਾਰੋ

ਘੁੱਟ ਜੱਫੀਆਂ ਪਾਓ

ਕੰਧ ਵਿੱਚੋਂ ਦੀ ਬਾਰੀਆਂ ਕੱਢੋ

ਆਪਸ ਵਿੱਚ ਅੱਖੀਆਂ ਮਟਕਾਓ

ਇਕ ਦੂਜੇ ਦੇ ਵਿਹੜੇ ਜਾਕੇ

ਦਿਲ ਫੋਲੋ,ਦੁੱਖ-ਸੁੱਖ ਵੰਡਾਓ

ਤਾਂ ਜੋ ਤਿੰਨ ਆਬ ਤੇ ਦੋ ਆਬ ਵਿੱਚ ਵੰਡੀ ਧਰਤੀ

ਪੰਜ ਆਬ ਵਾਂਗ ਹੀ ਨਜਰੀਂ ਆਵੇ,

ਤੇ ਆਉਂਦੀ ਪੀੜੀ ਤੁਹਾਡੀ ਸ਼ੋਭਾ ਗਾਵੇ।।

“ਬੁਝਾਰਤ” ਕਵਿਤਾ ਵਿੱਚ ਵੀ ਕਵੀ ਰੱਬ ਦੇ ਅਖੌਤੀ ਰਾਖਿਆਂ ਦੀਆਂ ਪਾਈਆਂ ਗਈਆਂ ਭੰਬਲਭੂਸੀਆਂ ਦਾ ਜਿਕਰ ਕਰਦਾ ਆਖਦਾ ਹੈ ਕਿ ਇਹ ਲੋਕ, ਲੋਕਾਂ ਵਿੱਚ ਚੇਤਨਾ ਜਾਗਣ ਦੇ ਡਰੋਂ, ਜਾਦੂ ਭਰੀਆਂ ਕਰਾਮਾਤੀ ਕਹਾਣੀਆਂ ਸੁਣਾਕੇ, ਬਾਲ ਮਨ ਨੂੰ ਭਰਮਾਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਕੇਵਲ ਆਪਸ ਵਿੱਚ ਲੜਾਉਂਦੇ ਹਨ ਤਾਂ ਕਿ ਰੱਬ ਦੀ ਬੁਝਾਰਤ, ਬੁਝਾਰਤ ਹੀ ਬਣੀ ਰਹੇ ਅਤੇ ਇਹ ਰਾਖੇ ਸਦਾ ਲਈ ਰਾਖੇ ਬਣੇ ਰਹਿਣ ।

ਲੇਖਕ ਆਖਦਾ ਹੈ ਕਿ ਹਰ ਸਾਹਿਤ ਰਚਨਾ ਸਾਹਿਤਕਾਰ ਦੇ ਅਨੁਭਵ ਦੀ ਪੇਸ਼ਕਾਰੀ ਹੁੰਦੀ ਹੈ ਜੋ ਉਸ ਨੇ ਆਪਣੇ ਨਿੱਜੀ ਜੀਵਨ ਤੇ ਸਮਾਜਿਕ ਸੰਪਰਕ ਦੇ ਪ੍ਰਤਿਕਰਮ ਵਜੋਂ ਪ੍ਰਾਪਤ ਕੀਤਾ ਹੁੰਦਾ ਹੈ ।ਉਦਾਹਰਣ ਵਜੋਂ ਪ੍ਰੋ ਹਰਭਜਨ ਸਿੰਘ ਦੇ ਨਾਵਲ “ਜੋ ਹਾਰੇ ਨਹੀਂ”(ਤ੍ਰੈ ਲੜੀ) ਜਿਸ ਵਿਚ ਕਿ ਉਹਨਾਂ ਦੇ ਨਾਵਲ “ਜੋ ਹਾਰੇ ਨਹੀਂ”,”ਵਿੰਗ ਤੜਿੰਗੇ ਰਾਹ” ਅਤੇ “ਮਿੱਟੀ ਜਾਏ”ਵਿੱਚ ਸਾਂਝੇ ਵਿਸ਼ੇ,ਕਰਮਭੂਮੀ ਅਤੇ ਪਾਤਰਾਂ ਦਾ ਜਿਕਰ ਕਰਦਾ ਹੋਇਆ ਲੇਖਕ ਆਖਦਾ ਹੈ ਕਿ ਇਹਨਾਂ ਨਾਵਲਾਂ ਵਿੱਚੋਂ ਲੇਖਕ ਦੀ ਹੰਢਾਈ ਇੰਨਕਲਾਬੀ ਸਵੈ-ਜੀਵਨੀ ਦਾ ਝਲਕਾਰਾ ਪ੍ਰਗਟ ਹੁੰਦਾ ਹੈ ।

          ਅਮਰੀਕੀ ਪੰਜਾਬੀ ਕਹਾਣੀਆਂ ਦੇ ਸੰਗ੍ਰਹਿ “ਪੰਖ ਪਿੰਜਰਾ ਤੇ ਪਰਵਾਜ਼” ਜਿਸ ਨੂੰ ਕਿ ਪ੍ਰੋ ਹਰਭਜਨ ਸਿੰਘ,ਅਮਰਜੀਤ ਸਿੰਘ ਦਰਦੀ ਅਤੇ ਖੁਦ ਲੇਖਕ ਨੇ ਇੱਕ ਟੀਮ ਵਜੋਂ ਸਾਝਿਆਂ ਸਪਾਦਿਤ ਕੀਤਾ ਸੀ ,ਦੀ ਸੰਪਾਦਕੀ ਵਿੱਚ ਲੇਖਕ ਆਪਣੀ ਅਤੇ   ਪੰਜਾਬੀਆਂ ਦੀ ਜੁਝਾਰੂ ਵਿਰਤੀ ਕਾਰਣ ਹੀ ਪੰਜਾਬੀ ਪਰਵਾਸੀ ਸਾਹਿਤ ਨੂੰ ਹੋਂਦ ਬਣਾਈ ਰੱਖਣ ਲਈ ਜੂਝ ਰਿਹਾ ਆਖਦਾ ਹੈ ।ਇਸੇ ਤਰਾਂ  ਇਸੇ ਟੀਮ ਵਲੋਂ ਸਾਝੀ ਸੰਪਾਦਨਾ ਨਾਲ ਤਿਆਰ ਕੀਤੀ ਪੁਸਤਕ “ਸ਼ਬਦ ਸੁਪਨਾ ਅਤੇ ਸੰਗਰਾਮ”  ਵਿੱਚ ਲੇਖਕ ਅਨੁਭਵ ਪ੍ਰਗਟਾਉਣ ਲਈ ਲੋੜੀਂਦੇ ਸ਼ਬਦ,ਚੰਗੇਰੇ ਸਮਾਜ ਦੇ ਲਏ ਸੁਪਨੇ ਅਤੇ ਸੁਪਨਿਆਂ ਦੀ ਪੂਰਤੀ ਲਈ ਸੰਘਰਸ਼ ਨੂੰ ਜਾਇਜ਼ ਠਹਿਰਾਉਣਾ ਲੇਖਕ ਦੇ ਕਰਾਂਤੀਕਾਰੀ ਸ਼ੁਭਾਅ ਦੀ ਹੀ ਤਸਵੀਰ ਹੈ ।ਇਸੇ ਤਰਾਂ ਸੁਰਜੀਤ ਦੇ ਕਾਵਿ-ਸੰਗ੍ਰਹਿ “ਸ਼ਕਸਤ-ਰੰਗ” ਦੀ ਸੰਪਾਦਕੀ ਲਿਖਦਿਆਂ ਲੇਖਕ ਔਰਤ ਦੇ ਵੱਖ ਵੱਖ ਪਹਿਲੂਆਂ ਦਾ ਜਿਕਰ ਕਰਦਿਆਂ ਉਸਦੀ ਮਨੋਦਸ਼ਾ ਬਿਆਨਦਾ, ਉਸ ਲਈ ਅਪਣੱਤ, ਪਿਆਰ ਤੇ ਸੁਰੱਖਿਆ ਦੀ ਕਾਮਨਾ ਕਰਦਾ ਇਕ ਤਰਾਂ ਆਪਦੇ ਅੰਦਰੀਵੀ ਗੁਣਾਂ ਨੂੰ ਹੀ ਰੂਪਮਾਨ ਕਰਦਾ ਹੈ ।

ਇਸ ਤਰਾਂ ਕਵੀ ਜਿਆਦਾਤਰ ਕਵਿਤਾਵਾਂ ਵਿੱਚ ਅਗਿਆਨਤਾ ਅਤੇ ਅੰਧਵਿਸ਼ਵਾਸ਼ਾਂ ਪ੍ਰਤੀ ਲੋਕਾਈ ਨੂੰ ਜਾਗਰਿਤ ਕਰਦਾ ਨਜਰ ਆਉਂਦਾ ਹੈ ।ਪ੍ਰੈਕਟੀਕਲ ਧਰਮ ਦੀ ਗੱਲ ਕਰਦਿਆਂ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਪਖੰਡਾਂ ਨੂੰ ਉਹ ਮੂਲੋਂ ਹੀ ਰੱਦ ਕਰਦਾ ਹੈ ।ਹੱਕ ਸੱਚ ਲਈ ਸੰਘਰਸ਼ ਕਰਨ ਵਾਲਿਆਂ ਲਈ ਉਸਦੀਆਂ ਲਿਖਤਾਂ ਪਰੇਰਣਾ ਸਰੋਤ ਹਨ ।ਕਿਤਾਬ ਦੀ ਸਮੁੱਚੀ ਭਾਵਨਾਂ ਅਤੇ ਕਿਤਾਬ ਦੇ ਨਾਂ ਨੂੰ ਸਾਰਥਿਕ ਕਰਦੇ ਸੱਚਮੁਚ ਅਜਿਹੇ ਵਿਵੇਕ ਦੇ ਚਿਰਾਗ ਹਮੇਸ਼ਾਂ ਬਲਦੇ ਰਹਿਣੇ ਚਾਹੀਦੇ ਹਨ ।

ਡਾ ਗੁਰਮੀਤ ਸਿੰਘ ਬਰਸਾਲ(ਸੈਨਹੋਜੇ)408-209-7072

gsbarsal@gmail.com