Thursday, February 17, 2011

ਬਾਣੀ ਦੇ ਲੱਗ ਜੋ ਚਰਨੀ ਜੀ

ਬਾਣੀ ਦੇ ਲੱਗ ਜੋ ਚਰਨੀ ਜੀ


ਸਾਂਧਾਂ ਅੱਗੇ ਨੱਕ ਘਸਾਕੇ,ਫੋਟੋਆਂ ਥੱਲੇ ਧੂਫ ਧੁਖਾਕੇ ।

ਛੱਡ ਦਿਓ ਲੋਕੋ ਭੇਖ ਬਣਾਕੇ,ਬੱਧਾ – ਚੱਟੀ ਭਰਨੀ ਜੀ ।

ਕਰਮ-ਕਾਂਢ ਨੂੰ ਛੱਡਕੇ,ਬਾਣੀ ਦੇ ਲੱਗ ਜੋ ਚਰਨੀ ਜੀ ।

ਗੁਰਬਾਣੀ ਹੈ ਸਿੱਖਿਆ ਸਾਂਝੀ,ਰਹਿ ਨਾ ਜਾਵੇ ਦੁਨੀਆਂ ਵਾਂਝੀ ।

ਮਾਨਵਤਾ ਦੀ ਕਿਸ਼ਤੀ ਵਾਲਾ,ਏਸੇ ਨੇ ਬਣਨਾ ਹੈ ਮਾਂਝੀ ।

ਗੁਰਬਾਣੀ ਦੇ ਚੱਪੂਆਂ ਦੇ ਨਾਲ,ਜੀਵਨ ਕਿਸ਼ਤੀ ਤਰਨੀ ਜੀ ।।


ਬਾਣੀ ਨਾ ਵਿਓਪਾਰ ਬਣਾਓ,ਮੁੱਲ ਪਾ ਕੇ ਨਾ ਪੜ੍ਹੋ-ਪੜ੍ਹਾਓ ।

ਬਾਣੀ ਗੁਰੂ ,ਗੁਰੂ ਹੈ ਬਾਣੀ,ਇਹ ਰਿਸ਼ਤਾ ਸਮਝੋ-ਸਮਝਾਓ ।

ਹੁਕਮ ਗੁਰੂ ਦਾ ਸਮਝਣ ਖਾਤਿਰ,ਸਿੱਖੋ ਆਪੇ ਪੜ੍ਹਨੀ ਜੀ ।

ਬਾਣੀ ਦੱਸੇ ਸੱਚ ਤੁਹਾਨੂੰ,ਜੀਵਨ ਲਈ ਇਹ ਸਿੱਖਿਆ ਸਾਨੂੰ ।

ਪੜ੍ਹ-ਪੜ੍ਹ ਲੋਕੀਂ ਗੱਡਾਂ ਲੱਦਦੇ,ਫਿਰ ਵੀ ਕਹਿੰਦੇ ਮੈ ਨਾ ਮਾਨੂੰ ।

ਜੇ ਜੀਵਨ ਨੂੰ ਸਫਲ ਬਣਾਉਣਾ ,ਗੁਰਮਤਿ ਧਾਰਨ ਕਰਨੀ ਜੀ ।


ਤੋਤੇ ਵਾਂਗੂ ਛੱਡੋ ਰਟਣਾਂ,ਅਮਲਾਂ ਤੋਂ ਜੇ ਪਿੱਛੇ ਹਟਣਾਂ ।

ਪੜ੍ਹ ,ਸਿੱਖ ਬਾਣੀ ਧਾਰਨ ਕਰਕੇ,ਜੀਵਨ ਦੇ ਵਿੱਚ ਪੈਣਾ ਡਟਣਾਂ ।

ਲਾਜ ਉਸੇ ਦੀ ਰੱਖਦੀ ਬਾਣੀ,ਜੋ ਆ ਜਾਂਦਾ ਸ਼ਰਨੀ ਜੀ ।।

ਕਰਮ-ਕਾਂਢ ਨੂੰ ਛੱਡਕੇ,ਬਾਣੀ ਦੇ ਲੱਗ ਜੋ ਚਰਨੀ ਜੀ ।।