ਪਰ-ਉਪਕਾਰ
ਡਾ ਗੁਰਮੀਤ ਸਿੰਘ 'ਬਰਸਾਲ' ਕੈਲੇਫੋਰਨੀਆਂ
ਕਿਸੇ ਰਸਤੇ ਤੋਂ ਕਿਤੇ ਨੂੰ ਜਾ ਰਹੇ ਸੀ।
ਇੱਕ ਛੱਪੜ ਦੇ ਕੋਲ ਦੀ ਜਦੋਂ ਲੰਗੇ,
ਡਿੱਗ ਕੇ 'ਠੂਹਾਂ' ਜੀ ਗੋਤਾ ਜਿਹਾ ਖਾ ਰਹੇ ਸੀ।
ਫਕੀਰ ਸੁਭਾਅ ਦਾ ਬੜਾ ਸੀ ਨੇਕ ਬੰਦਾ,
ਦਇਆ ਕਾਰਣ ਉਹ 'ਠੂਹੇਂ' ਨੂੰ ਕੱਢਣ ਲੱਗਾ।
ਹੱਥ ਜਦੋਂ ਉਸ ਪਾਣੀ ਦੇ ਵਿੱਚ ਪਾਇਆ,
'ਠੂਹਾਂ' ਉਸੇ ਤੇ ਦੰਦੀਆਂ ਵੱਢਣ ਲੱਗਾ।
ਕੱਟਣ ਕਾਰਣ ਜੋ ਹੱਥ ਤੇ ਪੀੜ ਹੁੰਦੀ,
ਸੀ 'ਠੂਹਾਂ' ਫਕੀਰ ਤੋਂ ਛੁੱਟ ਜਾਂਦਾ ।
ਬਾਰ ਬਾਰ ਫਿਰ 'ਠੂਹੇਂ' ਤੋਂ ਡੰਗ ਖਾਕੇ।
ਫਕੀਰ ਕੱਢਣ ਲਈ ਮੁੜ ਸੀ ਜੁੱਟ ਜਾਂਦਾ।
ਗੱਲ ਸਾਰੀ ਜੋ ਤੱਕੀ ਸ਼ਗਿਰਦ ਉਸਦੇ,
ਹੱਥ ਜੋੜ ਫਕੀਰ ਨੂੰ ਕਹਿਣ ਲੱਗਾ।
ਡੰਗ ਮਾਰਨਾ ਉਸਦਾ ਸੁਭਾਅ ਬਣਿਆ ,
ਕਾਹਤੋਂ ਬਾਬਾ ਮੁਸੀਬਤ ਵਿੱਚ ਪੈਣ ਲੱਗਾ?
ਉਸਤਾਦ ਆਖਿਆ ਮੇਰੇ ਸ਼ਗਿਰਦ ਬੇਟੇ,
ਪਿੱਠ ਕਰੋ ਨਾ ਕਦੇ ਸਚਾਈ ਕੋਲੋਂ।
ਜੇਕਰ ਬੁਰਾ ਬੁਰਾਈ ਤੋਂ ਨਹੀਂ ਹੱਟਦਾ,
ਚੰਗਾ ਕਾਸਤੋਂ ਹਟੇ ਚੰਗਿਆਈ ਕੋਲੋਂ?
ਉਸੇ ਰਸਤੇ ਫਕੀਰ ਤੇ ਉਹੀ ਚੇਲਾ,
ਉਸੇ ਛਪੜੀ ਕੋਲੋਂ ਫੇਰ ਜਾਣ ਲੱਗੇ।
ਉਹੀ 'ਠੂਹਾਂ ਜੀ' ਉਸੇ ਹੀ ਚਾਲ ਕਾਰਣ,
ਜਾਣ ਬੁਝਕੇ ਡੁਬਕੀਆਂ ਲਾਣ ਲੱਗੇ।
ਫਕੀਰ ਵਧਿਆ ਜਦ ਉਸੇ ਉਦੇਸ਼ ਕਾਰਣ,
ਐਪਰ ਚੇਲੇ ਨੇ ਉਸਨੂੰ ਹਟਾ ਦਿੱਤਾ।
ਏੇਸੇ ਲਈ ਦਸਤਾਨਾ ਜੋ ਸੀ ਲਿਆਇਆ,
ਉਹਨੇ ਫਕੀਰ ਦੇ ਹੱਥ ਪੁਆ ਦਿੱਤਾ।
ਹਰ ਸੰਭਾਵੀ ਖਤਰੇ ਤੋਂ ਮੁਕਤ ਹੋਕੇ,
'ਠੂਹਾਂ' ਕੱਢ ਫਕੀਰ ਨੇ ਬਾਹਰ ਧਰਿਆ।
ਦੋਹਾਂ ਪਾਸਿਆਂ ਤੋਂ ਇੰਝ ਰਹਿ ਸੱਚਾ,
ਸਿਆਣਪ ਵਰਤ ਉਸ ਪਰਉਪਕਾਰ ਕਰਿਆ।
ਨੰਗੇ ਹੱਥ ਦੇ ਨਾਲ ਤਾਂ ਵਾਂਗ ਪਹਿਲਾਂ,
ਸਫ਼ਲ ਕਦੇ ਨਹੀਂ ਉਹ ਸੀ ਹੋ ਸਕਦਾ।
ਪਰ-ਉਪਕਾਰ ਤਾਂ ਬਣਨੀ ਸੀ ਦੂਰ ਦੀ ਗੱਲ,
ਸੀ ਉਹ ਜਾਨ ਤੋਂ ਹੱਥ ਵੀ ਧੋ ਸਕਦਾ।
'ਠੂਹੇਂ ਰੂਪੀ' ਏਸ ਸੰਸਾਰ ਅੰਦਰ,
ਪਰ-ਉਪਕਾਰ ਦੀ ਭਾਵਨਾ ਜੇ ਹੋਵੇ।
ਸਿਆਣਪ ਰੂਪੀ ਦਸਤਾਨੇ ਨੂੰ ਕੋਲ ਰੱਖੋ,
ਧਰਮ ਕਮਾਉਣ ਦੀ ਕਾਮਨਾ ਜੇ ਹੋਵੇ।
ਗੱਲ ਕਰਨ ਅਸੂਲ ਦੀ ਜੋ ਕੇਵਲ,
ਲਾਗੂ ਕਿਵੇਂ ਕਰਨਾਂ ਇਹ ਜਾਣਦੇ ਨਾਂ।
ਸਿਆਣਪ ਬਾਝ ਨਾ ਸਫਲ ਉਹ ਕਦੇ ਹੁੰਦੇ,
ਜਿੱਤ ਕਦੇ ਉਹ ਮਕਸਦ ਵਿੱਚ ਮਾਣਦੇ ਨਾ।
ਤੇਜ਼ ਗਤੀ ਦੇ ਏਸ ਜਮਾਨੇ ਅੰਦਰ,
ਜੇਕਰ ਧਰਮ ਦੀ ਗੱਲ ਪੁਚਾਵਣੀ ਏਂ।
ਨੀਤੀ ਵਰਤ ਹੀ 'ਠੂਹੇਂ' ਦੀ ਕਰੋ ਸੇਵਾ,
ਗੱਲ ਏਹੋ ਹੀ ਗੁਰੂ ਨੂ ਭਾਵਣੀ ਏਂ।।