Wednesday, September 14, 2016

ਮ੍ਰਿਗ-ਤ੍ਰਿਸ਼ਨਾ !!

ਮ੍ਰਿਗ-ਤ੍ਰਿਸ਼ਨਾ !!
ਅਸੀਂ ਰੂਹਾਂ `ਚ ਰਹਿਕੇ ਵੀ ਰੂਹ ਨਾ ਬਣੇ,
ਉਹ ਸ਼ਰੀਰਾਂ `ਚ ਰਹਿਕੇ ਵੀ ਰੂਹ ਹੀ ਰਹੇ ।
ਸਾਡੀ ਚਾਹਤ ਹੀ ਮਿਰਗ-ਤ੍ਰਿਸ਼ਨਾ ਰਹੀ,
ਉਹ ਤੇ ਸੁਪਨੇ ਦੇ ਵਾਂਗੂ ਅਛੂਹ ਹੀ ਰਹੇ ।।
ਮੈਂ ਜਮਾਨੇ ਤੋਂ ਏਹੋ ਹੀ ਸਿਖਿਆ ਸੁਣੀ,
ਉਹਦੇ ਹੁਕਮਾਂ `ਚ ਨੱਚੋ ਤਾਂ ਖੁਸ਼ ਹੋਣਗੇ ।
ਉਹਦੀ ਚਾਹਤ ਤੋਂ ਬਾਹਰੇ ਇਸ਼ਾਰੇ ਬਿਨਾਂ,
ਦਿਲੋਂ ਕੀਤੇ ਤਰੱਦਦ ਵੀ ਠੁੱਸ ਹੋਣਗੇ ।
ਪਰ ਹਕੀਕਤ ਤੇ ਸੁਪਨੇ `ਚ ਅੰਤਰ ਰਿਹਾ,
ਮੇਰੀ-ਤੇਰੀ ਰਹੀ, ਮੈਂ ਤੇ ਤੂੰ ਹੀ ਰਹੇ ।
ਅਸੀਂ ਰੂਹਾਂ `ਚ ਰਹਿਕੇ ਵੀ,,,,,,,,,,,,,।।
ਅਸੀਂ ਉਹਨਾਂ ਨੂੰ ਮੰਨਿਆਂ ਨਜਰ ਤੋਂ ਪਰਾਂ,
ਜਦੋਂ ਨਜਰਾਂ ਚ ਆ ਗਏ ਤਾਂ ਕੀ ਬੋਲਦੇ ।
ਸਾਡੀ ਇੱਛਾ ਸੀ ਉਹਨਾਂ ਨੂੰ ਪਾ ਲੈਣ ਦੀ,
ਉਹਨਾਂ ਚਾਹਿਆ ਕਿ ਅੱਖਾਂ ਅਸੀਂ ਖੋਲਦੇ ।
ਸਾਨੂੰ ਦੇ ਕੇ ਨਜ਼ਰੀਆ ਦੇਖਣ ਦਾ ਨਵਾਂ,
ਤਾਂ ਵੀ ਦੇਖਣ ਦੀ ਉਹ ਆਰਜੂ ਹੀ ਰਹੇ ।
ਅਸੀਂ ਰੂਹਾਂ `ਚ ਰਹਿਕੇ,,,,,,,,,,,,,,,,,,,,,।।
ਲੱਗਾ ਮੰਜਿਲ ਦੀ ਮੰਜਿਲ ਦਾ ਜਦ ਸੀ ਪਤਾ,
ਦਿਲ ਮੇਰੇ ਦੇ ਵੱਲ ਹੀ ਇਸ਼ਾਰੇ ਹੋਏ ।
ਜੀਹਦੇ ਪਿੱਛੇ ਸੀ ਅੰਬਰਾਂ ਚ ਭਾਉਂਦਾ ਰਿਹਾ,
ਮੇਰੇ ਦਰ ਤੇ ਮੈ ਸੁਣਿਆ ਉਤਾਰੇ ਹੋਏ ।
ਹੁੰਦੀ ਜੱਗ ਤੇ ਪਿਆਸੇ ਨੂੰ ਖੂਹ ਦੀ ਤਲਾਸ਼,
ਪਏ ਤੱਕਦੇ ਪਿਆਸੇ ਨੂੰ ਖੂਹ ਵੀ ਰਹੇ ।।
ਅਸੀਂ ਰੂਹਾਂ `ਚ ਰਹਿਕੇ ਵੀ,,,,,,,,,,,,,।।
ਉਹਨੂੰ ਜਦ ਵੀ ਮੈਂ ਤੱਕਣ ਦੀ ਕੋਸ਼ਿਸ਼ ਕਰੀ,
ਇਹਨਾ ਅੱਖਾਂ ਦੇ ਸਾਹਵੇਂ ਹਨੇਰਾ ਰਿਹਾ ।
ਮੈਨੂੰ ਹੋਰਾਂ ਦੇ ਦੱਸਣ ਤੇ ਲੱਗਿਆਂ ਜਿਵੇਂ,
ਹੁੰਦਾ ਨਾਲ਼ੇੇ ਹੀ ਉਸਦਾ ਵਸੇਰਾ ਰਿਹਾ ।
ਮੈਨੂੰ ਭਾਵੇਂ ਇਹ ਗੱਲ ਦੀ ਨਾਂ ਸਮਝ ਪਈ,
ਕਾਹਤੋਂ ਦਰਸ਼ਣ ਉਹਦੇ ਖੁਸ਼ਬੂ ਹੀ ਰਹੇ ।।
ਅਸੀਂ ਰੂਹਾਂ ਚ ਰਹਿਕੇ ਵੀ ਰੂਹ ਨਾ ਬਣੇ,
ਉਹ ਅਸਾਡੇ ਚ ਰਹਿਕੇ ਵੀ ਰੂਹ ਹੀ ਰਹੇ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

gsbarsal@gmail.com

Saturday, September 3, 2016

ਬੈਕ ਟੂ ਸਿੱਖੀ !

ਬੈਕ-ਟੂ-ਸਿੱਖੀ !
ਜਦ ਵੀ ਕੋਈ ਕੇਸ ਰੱਖਕੇ ਫੋਟੋ ਨਵੀਂ ਖਿਚਾਉਂਦਾ ।
ਘਰ-ਵਾਪਸੀ ਵਾਲੀ ਪੋਸਟ ਫੇਸਬੁੱਕ ਤੇ ਪਾਉਂਦਾ ।
ਲੋਕੀਂ ਸੋਚਣ ਯੂ-ਟਰਨ ਤੇ ਫਿਰ ਵੀ ਹੈ ਵੱਜ ਸਕਦੀ,
ਤਾਂ ਵੀ ‘ਵਾਹ-ਵਾਹ’ ‘ਕਿਆ-ਬਾਤ’ ਲਿਖ ਹਰ ਕੋਈ ਵਡਿਆਉਂਦਾ ।
ਕੇਸ ਇਕੱਲੇ ਰੱਖਣ ਦੇ ਨਾਲ ਸਿੱਖ ਨਾ ਬਣਿਆ ਜਾਵੇ,
ਗੁਰਬਾਣੀ ਨੂੰ ਪੜਨੇ ਦੇ ਨਾਲ ਇਹੋ ਸਮਝ `ਚ ਆਉਂਦਾ ।
ਕੇਸਾਂ ਵਾਲੇ ਇਸ ਦੁਨੀਆਂ ਵਿੱਚ ਹੋਰ ਵਥੇਰੇ ਲੋਕੀਂ,
ਸੁਣਿਆ ਨਹੀਂ ਕੋਈ ਉਹਨਾ ਵਿੱਚੋਂ ਸਿੱਖ ਕਿਤੇ ਅਖਵਾਉਂਦਾ ।
ਸਭ ਤੋਂ ਵੱਧ ਪੰਜਾਬ ਵਿੱਚ ਨੇ ਕੇਸਾਂ ਵਾਲੇ ਫਿਰਦੇ,
ਪਰ ਉਹਨਾਂ `ਚੋਂ ਵਿਰਲਾ ਹੀ ਗੁਰਮਤਿ ਦੀ ਗਲ ਅਪਣਾਉਂਦਾ ।
ਡੇਰੇ ਵਾਲਾ, ਸੰਪਰਦਾਈ ਜਾਂ ਸਾਧਾਂ ਦਾ ਚੇਲਾ,
ਬਾਹਰੋਂ ਦੇਖਣ ਨੂੰ ਤੇ ਓਹ ਵੀ ਇਹੀ ਭੁਲੇਖਾ ਪਾਉਂਦਾ ।
ਭਾਵੇਂ ਕੋਈ ਸਿੱਖੀ ਦਾ ਕਿੰਨਾ ਵੀ ਦਾਅਵਾ ਕਰਦਾ,
ਪਰ “ਕੋਟਨ ਮੈ ਨਾਨਕ ਕੋਊ” ਬਾਬਾ ਜੀ ਫਰਮਾਉਂਦਾ ।
“ਗੁਰੂ ਗ੍ਰੰਥ” ਦੀ ਸਿੱਖਿਆ ਦੇ ਨਾਲ ਜੀਵਨ ਜਿਹੜਾ ਜੀਵੇ,
ਉਹੀਓ ਸਿੱਖ ਦੀ ਕਸਵੱਟੀ ਤੇ ਖੁਦ ਨੂੰ ਪਾਸ ਕਰਾਉਂਦਾ ।
ਕਹਿ ਸੁਣਕੇ ਜਾਂ ਦੇਖਾ-ਦੇਖੀ ਜਦ ਕੋਈ ਕੇਸ ਵਧਾਵੇ,
ਅਹਿਸਾਸਾਂ ਦੀ ਜੜ ਦੇ ਬਾਝੋਂ ਛੇਤੀ ਹੀ ਘਬਰਾਉਂਦਾ ।
ਪਰ ਕੁਦਰਤ ਦੇ ਨਿਯਮਾਂ ਦੇ ਸੰਗ ਜਦ ਵੀ ਜੀਵਣ ਲਗਦਾ,
ਕੱਟਣ ਵੇਲੇ ਰੋਮਾਂ ਵਿੱਚ ਫਿਰ ਕਾਦਰ ਨੂੰ ਹੀ ਪਾਉਂਦਾ ।।
ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


Sunday, August 28, 2016

ਬੰਦਾ !!

ਬੰਦਾ !!
ਪੈਸਿਆਂ ਦੇ ਨਾਲ ਬੰਦਾ ਭਾਵੇਂ ਵੱਡਾ ਬਣੀ ਜਾਵੇ,
ਵੱਡਾ ਅਖਵਾਉਂਦਾ ਸਦਾ ਦਿਲ ਦਾ ਅਮੀਰ ਜੀ ।
ਚਮੜੀ ਤਾਂ ਕੋਈ ਭਲਾਂ ਕਿੰਨੀ ਲਿਸ਼ਕਾਈ ਫਿਰੇ,
ਲੋਕਾਂ ਨੂੰ ਤੇ ਭਾਉਂਦਾ ਮਨੋ ਸੋਹਣਾ ਹੀ ਸ਼ਰੀਰ ਜੀ ।
ਰੱਜਕੇ ਸੁਨੱਖਾ ਭਾਵੇਂ ਗੋਰਾ ਚਿੱਟਾ ਲੰਬਾ ਹੋਵੇ,
ਅਕਲਾਂ ਤੋਂ ਬਾਝੋਂ ਲੱਗੇ ਭੱਦਾ ਹੀ ਅਖੀਰ ਜੀ ।
ਵੱਡੜੀ ਉਮਰ ਨਾਲ ਮਿਲਦੀ ਬਜੁਰਗੀ ਨਾ,
ਸੂਝ ਮਾਰੇ ਸਦਾ ਵੱਡੇ ਹੋਣ ਦੀ ਲਕੀਰ ਜੀ ।
ਨਸ਼ਿਆਂ ਦਾ ਖਾਧਾ ਬੰਦਾ ਲੱਕੜ ਸਿਓਂਕੀ ਹੁੰਦਾ,
ਦੇਖਣੇ ਨੂੰ ਲੱਗੇ ਭਾਵੇਂ ਯੋਧਾ ਬਲਵੀਰ ਜੀ ।
ਬਾਹਰੀ ਰੂਪ ਵਾਲੀ ਭਾਵੇਂ ਕੋਈ ਨਾ ਪਸੰਦ ਕਰੇ,
ਗੁਣਾਂ ਵਾਲੀ ਚਾਹੀਦੀ ਪਸੰਦ ਤਸਵੀਰ ਜੀ ।
ਨਦੀਆਂ ਸਰੋਵਰਾਂ `ਚ ਭਾਵੇਂ ਕੋਈ ਨਹਾਵੇ ਕਿੰਨਾ,
ਮਨ ਵਾਲੀ ਮੈਲ਼ ਲਾਹੇ ਨਿਮਰਤਾ ਦਾ ਨੀਰ ਜੀ ।
ਓਹੀ ਬੰਦਾ ਜੱਗ ਉੱਤੇ ਬੰਦਾ ਅਖਵਾਉਣ ਯੋਗ,
ਜਿਹੜਾ ਉੱਚਾ ਰੱਖੇ ਕਿਰਦਾਰ ਤੇ ਜਮੀਰ ਜੀ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, August 20, 2016

ਨਮਸਤੰ !!

ਨਮਸਤੰ !!
ਜਦ ਵੀ ਨਤਮਸਤਕ ਜਾਂ ਹੁੰਦੀ ਮੱਥਾ ਟੇਕ-ਟਕਾਈ ।
ਆਪਣੀ ਛੱਡਕੇ ਮੱਤ ਹੈ ਜਾਂਦੀ ਦੂਜੇ ਦੀ ਅਪਣਾਈ ।
ਜਣੇ ਖਣੇ ਦੇ ਅੱਗੇ ਝੁਕ ਜੋ ਖੁਦ ਨੂੰ ਸਮਝਣ ਧਰਮੀ,
ਮੱਥਾ ਟੇਕਣ ਦੇ ਅਰਥਾਂ ਨੂੰ ਘੱਟੇ ਜਾਣ ਮਿਲਾਈ ।
ਲੋਕ ਦਿਖਾਵੇ ਖਾਤਿਰ ਜਿਹੜਾ ਮੁੜਮੁੜ ਕਰੇ ਨਮਸਤੰ,
ਕੂੜੀ ਪਾਲ਼ ਨਾ ਟੁੱਟਣੀ ਅੰਦਰੋਂ ਹਉਮੇ ਨਾਲ ਰਲਾਈ ।
ਦੁਨੀਆਂ ਦੀ ਹਰ ਸ਼ੈ ਦੇ ਸਾਹਵੇਂ ਨਤਮਸਤਕ ਨਾ ਹੋਈਏ,
ਜ਼ਰੇ-ਜ਼ਰੇ ਦੇ ਅੰਦਰ ਭਾਵੇਂ ਇੱਕੋ ਜੋਤ ਸਮਾਈ ।
ਨਾਨਕ ਜੋਤ ਨਮਸਤੰ ਦੱਸਿਆ ਕੇਵਲ ‘ਇੱਕ’ ਦੇ ਅੱਗੇ,
ਨਿਰਾਕਾਰ ਜੋ ਸ਼ਬਦ ਰੂਪ ਵਿੱਚ ਦਿਖਦਾ ਰੂਪ ਵਟਾਈ ।
ਇੱਕੋ ਸ਼ਕਤੀ ਸੈਭੰ ਹੋਕੇ ਨਿਯਮ ਰੂਪ ਵਿੱਚ ਵਿਚਰੇ,
ਉਸੇ ਦੇ ਨਿਯਮਾਂ ਵਿੱਚ ਰਹਿਣਾ ਧਰਮ ਧਾਰਨਾ ਭਾਈ ।
ਗੁਰੂ ਗਿਆਨ ਦੇ ਨਾਲ ਜੀਵਣਾ ਨਤਮਸਤਕ ਹੀ ਹੁੰਦਾ,
ਅਪਰਾਧੀ ਹੀ ਦੂਣਾ ਨਿੰਵਦਾ ਗੁਰੂਆਂ ਗੱਲ ਮੁਕਾਈ ।
ਅਕਾਲ ਪੁਰਖ ਦੇ ਲਈ ਨਮਸਤੰ ਉਸਦੀ ਹੁਕਮ ਤਾਮੀਲੀ,
ਪ੍ਰਕਿਰਤੀ ਦੇ ਨਿਯਮਾਂ ਦੇ ਸੰਗ ਨਿਯਮਤ ਰਹਿਤ ਸੁਝਾਈ ।
ਜਿਹੜਾ ਇੱਕ ਦੇ ਅੱਗੇ ਝੁਕਦਾ ਇੱਕ ਦੇ ਆਖੇ ਲਗਦਾ,
ਉਹੀਓ ਇੱਕ ਵਿੱਚ ਇੱਕ ਮਿਕ ਹੁੰਦਾ ਨਾਨਕ ਗੱਲ ਸਮਝਾਈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਅਂ)

Saturday, August 6, 2016

ਏਕਤਾ ਦਾ ਮੁੱਦਾ !

ਏਕਤਾ ਦਾ ਮੁੱਦਾ !!
ਲੜਨਾਂ-ਲੜਾਉਣਾਂ ਸਾਡਾ ਕੰਮ ਮਿੱਤਰੋ,
ਲੜਦੇ-ਲੜਾਉੰਦੇ ਪਰਵਾਨ ਚੜਾਂਗੇ ।
ਇੱਕੋ ਰਾਹੇ ਵਾਲੇ ਭਾਵੇਂ ਹੋਣ ਕਾਫਲੇ,
ਇੱਕ ਦੂਜੇ ਵੱਲ ਕਰ ਪਿੱਠ ਖੜਾਂਗੇ ।
ਜਿੱਥੋਂ ਤੱਕ ਸੀਮਾ ਸਾਡੇ ਹੀ ਗਿਆਨ ਦੀ,
ਗੁਰਮਤਿ ਓਹੀਓ, ਅਸੀਂ ਦੱਸਾਂ ਪੜਾਂਗੇ ।
ਜਿਹੜਾ ਸਾਡੀ ਸੋਚ ਨਾਲੋਂ ਅੱਗੇ ਜਾਵੇਗਾ,
ਕਾਮਰੇਡੀ ਵਾਲੀ ਓਹਤੇ ਚੇਪੀ ਜੜਾਂਗੇ ।
ਸਾਡੇ ਜੋ ਵਿਰੋਧੀ ਉਹ ਤਮਾਸ਼ਾ ਵੇਹਣਗੇ,
ਇੱਕ ਦੂਜੇ ਦੀਆਂ ਜਦੋਂ ਲੱਤਾਂ ਫੜਾਂਗੇ ।
ਮਿਲਕੇ ਚੱਲਣ ਦੀ ਜੋ ਗੱਲ ਕਰੇਗਾ,
ਬੇਈਮਾਨੀ ਵਾਲਾ ਇਲਜਾਮ ਮੜਾਂਗੇ ।
ਆਖ ਨਿਰਮਾਣਤਾ ਤੇ ਨਿਸ਼ਕਾਮਤਾ,
ਨਿੱਜ ਉੱਚਾ ਕਰਨੇ ਦੀ ਨੀਤੀ ਘੜਾਂਗੇ ।
ਜਾਗਰੂਕ-ਜਾਗਰੂਕ ਖੇਡ ਖੇਡਾਂਗੇ,
ਜਾਗਰੁਕਤਾ ਦੇ ਘਰੇ ਨਹੀਂਓਂ ਵੜਾਂਗੇ ।
ਫੇਸਬੁਕ ਬਣੂੰਗੀ ਮੈਦਾਨ ਜੰਗ ਦਾ,
ਬੇ-ਦਲੀਲੇ ਮਾਰਕੇ ਕੁਮੈਂਟ ਦੜਾਂਗੇ ।
ਸਾਰੇ ਮੁੱਦਿਆਂ ਤੇ ਏਕਤਾ ਜੇ ਹੋ ਗਈ,
ਤਾਂ ਵੀ ਏਕਤਾ ਦੇ ਮੁੱਦੇ ਉੱਤੇ ਲੜਾਂਗੇ ।।

ਗੁਰਮੀਤ ਸਿੰਘ 'ਬਰਸਾਲ (ਕੈਲੇਫੋਰਨੀਆਂ)

Saturday, July 30, 2016

ਗੁਰਦਵਾਰਾ-ਚੋਣਾਂ !

ਗੁਰਦੁਆਰਾ ਚੋਣਾਂ !!
ਗੁਰਦੁਆਰੇ ਦੀਆਂ ਚੋਣਾਂ, ਜਦ ਤੋਂ ਆਈਆਂ ਨੇ ।
ਗੁਰਮਤਿ ਵਾਲੀਆਂ ਧੱਜੀਆਂ ਰੱਜ ਉਡਾਈਆਂ ਨੇ ।।
ਰਾਜਨੀਤੀ ਦੇ ਝੂਠੇ, ਪੈਂਤੜਿਆਂ ਨੇ ਆ,
ਸਿੱਖੀ ਅੰਦਰ ਕਿੱਲਾਂ ਖੂਬ ਵਿਛਾਈਆਂ ਨੇ ।
ਸੇਵਾ ਦਾ ਸੰਕਲਪ ਸਦਾ ਲਈ ਮੇਟਣ ਨੂੰ,
ਸੇਵਾਦਾਰੀਆਂ ਅਹੁਦਿਆਂ ਵਿੱਚ ਵਟਾਈਆਂ ਨੇ ।
ਚੌਧਰ ਵਾਲੇ ਨਸ਼ੇ ਨੂੰ ਪੂਰਿਆਂ ਕਰਨ ਲਈ,
ਚਾਣਕੀਆ ਦੀਆਂ ਨੀਤੀਆਂ ਸਭ ਅਪਣਾਈਆਂ ਨੇ ।
ਸੱਚਾ-ਝੂਠਾ  ਵੋਟਾਂ ਦੇ ਨਾਲ ਲੱਭਣਾਂ ਹੈ,
ਧਰਮ ਤੇ ਨੀਤੀ ਇੱਕੋ ਰਸਤੇ ਪਾਈਆਂ ਨੇ ।
ਉਮੀਦਵਾਰਾਂ ਲਈ ਕੋਈ ਵੀ ਕਿਰਦਾਰ ਨਹੀਂ,
ਬਾਹਰੋਂ ਦਿਖਦੀਆਂ ਸ਼ਰਤਾਂ ਹੀ ਬਸ ਲਾਈਆਂ ਨੇ ।
ਗੋਲਕ ਸਾਂਭ ਕਮੇਟੀ ਹੱਥ ਵਿੱਚ ਰੱਖਣ ਲਈ,
ਰਾਜਨੀਤਕ-ਜੀ ਦੇਂਦੇ ਖੂਬ ਵਧਾਈਆਂ ਨੇ ।
ਰਾਜਨੇਤਾ ਨੂੰ ਜਿੱਤੇ ਹੋਏ ਸਨਮਾਨਣਗੇ,
ਨਿੱਜੀ ਹਿੱਤਾਂ ਖਾਤਿਰ ਯਾਰੀਆਂ ਲਾਈਆਂ ਨੇ ।
ਹਾਰਨ ਵਾਲੇ ਧੜੇ ਨੇ ਗੁੱਸਾ ਕੱਢਣ ਲਈ,
ਰਹਿੰਦੀ ਪਾਰੀ ਪੱਟਦੇ ਰਹਿਣਾ ਖਾਈਆਂ ਨੇ ।
ਹਰ ਵਾਰੀ ਸੰਗਤ ਧੜਿਆਂ ਵਿੱਚ ਵੰਡ ਹੁੰਦੀ,
ਛੱਡਕੇ ਮਿੱਠਤ ਪਿਆਰ ਨਫਰਤਾਂ ਛਾਈਆਂ ਨੇ ।
ਜੇਕਰ ਸਿੱਖਾਂ ਹੱਲ ਬਦਲਵਾਂ ਨਾਂ ਲੱਭਿਆ,
ਹੋਣੀਆਂ ਏਥੇ ਮੁੜ-ਮੁੜ ਜੱਗ ਹਸਾਈਆਂ ਨੇ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Friday, July 22, 2016

ਨਿਰਾਕਾਰ

ਨਿਰਾਕਾਰ !
ਲਕੀਰ ਦਾ ਫਕੀਰ, ਬੰਦਾ, ਜਦੋਂ ਕਦੇ ਬਣਦਾ ਏ,
ਦੇਖਾ ਦੇਖੀ ਬਿਨਾ ਉਹਨੂੰ, ਕੁਝ ਵੀ ਨਾ ਭਾਉਂਦਾ ਜੀ ।
ਕਰਕੇ ਦਿਮਾਗ ਬੰਦ, ਕਿਸੇ ਪਿੱਛੇ ਲਾਈਨ ਵਿੱਚ ,
ਲੱਗਦਾ ਜੋ ਬੰਦਾ ਉਹ ਤਾਂ, ਭੇਡ ਅਖਵਾਉਂਦਾ ਜੀ ।।
ਸਾਡੇ ਗੁਰਾਂ ਸਾਨੂੰ ਸਦਾ, ਪੁੱਤ ਹੀ ਬਣਾਉਣਾ ਚਾਹਿਆ,
ਪੁੱਤਰਾਂ ਦਾ ਭੇਡਾਂ ਹੋਣਾ, ਕਿਹੜਾ ਗੁਰੂ ਚਾਹੁੰਦਾ ਜੀ ।
ਅੰਧ-ਵਿਸ਼ਵਾਸ ਭਰ, ਭੇਡਾਂ ਹੀ ਬਣਾਵੇ ਉਹ ਤਾਂ,
ਅੱਖਾਂ ਮਿਚਵਾ ਜੋ ਸੇਵਾ, ਆਪਦੀ ‘ਚ ਲਾਉਂਦਾ ਜੀ ।।
ਥਾਂ ਥਾਂ ਝੁਕਾਉਣ ਨਾਲੋਂ, ਵਰਤੋਂ ਸਿਰਾਂ ਦੀ ਕਰ,
ਬਣਨਾ ਵਿਵੇਕੀ ਸਾਨੂੰ, ਗੁਰੂ ਹੀ ਸਿਖਾਉਂਦਾ ਜੀ ।
ਦੇਹ ਧਾਰੀ ਗੁਰੂ ਸਦਾ, ਦੇਹ ਨਾਲ ਜੋੜਦੇ ਨੇ,
ਗਿਆਨ ਗੁਰੂ ਸਦਾ ਗਿਆਨਵਾਨ ਹੀ ਬਣਾਉਂਦਾ ਜੀ ।।
ਸੂਝਵਾਨ ਹੋਕੇ ਸਿੱਖ, ਜੱਗ ਵਿੱਚ ਰਹਿੰਦਾ ਜਦੋਂ,
ਸਮਝ ਗੁਰੂ ਦੀ ਮੱਤ, ਅੱਗੇ ਸਮਝਾਉਂਦਾ ਜੀ ।
ਬੰਦੇ ਅਤੇ ਗੁਰੂ ਵਿੱਚੋਂ, ਦੇਹ ਜਦੋਂ ਪਾਸੇ ਹੁੰਦੀ,
ਨਿਰਾਕਾਰ ਰੱਬ ਉਦੋਂ, ਸਮਝ `ਚ ਆਉਂਦਾ ਜੀ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)