Friday, December 26, 2014

Sunday, December 14, 2014

ਰੀ-ਸਾਈਕਲ

ਰੀ-ਸਾਈਕਲ
ਭਾਫਾਂ ਬਣ ਜੋ ਵਿੱਚ ਅਸਮਾਨੀ ਚੜ੍ਹਦਾ ਹੈ ।
ਉਹੀ ਪਾਣੀ ਬਾਰਿਸ਼ ਬਣਕੇ ਵਰ੍ਹਦਾ ਹੈ ।।
ਪਾਣੀ ਵਿੱਚ ਹੈ ਜੀਵਨ,ਜੀਵਨ ਵਿੱਚ ਪਾਣੀ,
ਇੱਕ ਦੇ ਬਾਝੋਂ ਦੂਜੇ ਦਾ ਨਹੀਂ ਸਰਦਾ ਹੈ ।।
ਪਾਣੀ ਦੇ ਤਿੰਨ ਰੂਪਾਂ ਦੀ ਕੀ ਗੱਲ ਕਰੀਏ,
ਜੀਵਨ ਦਾ ਹਰ ਰੂਪ ਇਹਦੇ ਬਿਨ ਮਰਦਾ ਹੈ ।।
ਪਵਣ ਗੁਰੂ ਦੇ ਨਾਲ ਪਿਤਾ ਇਹ ਪਾਣੀ ਹੈ,
ਹਰ ਬੰਦਾ ਇਹ ‘ਜਪੁਜੀ’ ਅੰਦਰ ਪੜ੍ਹਦਾ ਹੈ ।।
ਜੋ ਪਾਣੀ ਹੈ ਅਮ੍ਰਿਤ ਜੀਵਨ-ਧਾਰਾ ਲਈ,
ਉਸੇ ਵਿੱਚ ਹੀ ਡੁੱਬਕੇ ਜੀਵਨ ਹਰਦਾ ਹੈ ।।
ਕੁਦਰਤ ਖੁਦ ਰੀ-ਸਾਈਕਲ ਕਰਦੀ ਰਹਿੰਦੀ ਹੈ,
ਭਾਵੇਂ ਜੀਵਨ ਦੀ ਹਰ ਆਂਤੋਂ ਝਰਦਾ ਹੈ ।।
ਸਮਿਆਂ ਪਹਿਲਾਂ ਜੀਵਨ ਨੇ ਜੋ ਪੀਤਾ ਸੀ,
ਉਹੀਓ ਅੱਜ ਵੀ ਮੁੜ-ਮੁੜ ਚੱਕਰ ਭਰਦਾ ਹੈ ।।
ਧਰਤੀ ਤੇ ਕੁਝ ਬਾਹਰੋਂ ਆਉਂਦਾ-ਜਾਂਦਾ ਨਹੀਂ,
‘ਏਕਾ ਵਾਰ’ ਦਾ ਹੋਇਆ ਰੂਪ ਹੀ ਘੜਦਾ ਹੈ ।।
ਧਰਤੀ ਦੇ ਸੰਗ ਦੋ ਤਿਹਾਈ ਪਾਣੀ ਹੈ,
ਜੀਵਨ ਨੂੰ ਵੀ ਇਸ ਅਨੁਪਾਤੇ ਭਰਦਾ ਹੈ ।।
ਆਪੂੰ ਤਾਂ ਉਹ ਲੱਭਦਾ ਕਿਧਰੇ ਸੁੱਚਾ ਨਾ,
ਜਿਸ ਨਾਲ ਬੰਦਾ ਸਭ ਕੁਝ ਸੁੱਚਾ ਕਰਦਾ ਹੈ ।।
ਦੁਨੀਆਂ ਅੰਦਰ ਸੁੱਚਮ ਨਾਂ ਦੀ ਚੀਜ ਨਹੀਂ,
ਜਦ ਤਕ ਨਾ ਕੋਈ ਜਾਣੇ ਤਦ ਤਕ ਪਰਦਾ ਹੈ ।।
ਬੰਦਾ ਵੀ ਇਸ ਪਾਣੀ ਦਾ ਹੀ ਤੁਪਕਾ ਹੈ ,
ਦੇਖਣ ਨੂੰ ਹੀ ਲਗਦਾ ਜੰਮਦਾ-ਮਰਦਾ ਹੈ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Sunday, December 7, 2014

Sunday, November 30, 2014

Tuesday, November 18, 2014

ਵਿਪਰੀ-ਚਾਲ !!


ਬਿਪਰ ਨਾਲ ਜਦ ਬਾਬੇ ਮੱਥਾ ਲਾਇਆ ਸੀ
ਓਦੋਂ ਦਾ ਹੀ ਫਿਰਦਾ ਉਹ ਘਬਰਾਇਆ ਸੀ ।।
ਝੂਠ ਓਸਦਾ ਬਾਬੇ  ਜਾਹਰ ਕੀਤਾ ਸੀ,
ਤਾਹੀਓਂ ਸੱਚ ਦੇ ਖੂਨ ਦਾ ਉਹ ਤ੍ਰਿਹਾਇਆ ਸੀ ।।
ਕਰਮ-ਕਾਂਢ, ਵਹਿਮਾਂ ਤੇ ਅੰਧ-ਵਿਸ਼ਵਾਸਾਂ ਨੂੰ,
ਬਾਬੇ ਸੱਚ ਦੀ ਤੇਗ ਨਾਲ ਝਟਕਾਇਆ ਸੀ ।।
ਚਿੰਨਾਂ ਦੇ ਨਾਲ ਜਿਹੜੇ ਧਰਮ ਜਣਾਉਂਦੇ ਸੀ ,
ਸਾਰੇ ਜੱਗ ਦੇ ਸਾਹਵੇਂ ਉਹ ਝੁਠਲਾਇਆ ਸੀ ।।
ਕੁਦਰਤ ਦੇ ਨਿਯਮਾਂ ਨਾਲ ਜਿਹੜੇ ਖਹਿੰਦੇ ਨੇ,
ਹੁੰਦੇ ਝੂਠ ਮਕਾਰ ਬਾਬੇ ਫਰਮਾਇਆ ਸੀ ।।
ਸੱਚ ਦੇ ਸਾਹਵੇਂ ਬਿਪਰ ਕਦੇ ਟਿਕ ਸਕਿਆ ਨਾ,
ਗੈਰ ਕੁਦਰਤੀ ਕਰਿਸ਼ਮਿਆਂ ਦਾ ਭਰਮਾਇਆ ਸੀ ।।
ਨਾਨਕ-ਸੋਚ ਮੁਕਾਉਣ ਵਾਲੀਆਂ ਚਾਲਾਂ ਚੱਲ,
ਉਸਨੇ ਆਪਣਾ ਸਾਰਾ ਤਾਣ ਲਗਾਇਆ ਸੀ ।।
ਜਾਤ ਬੰਦੇ ਦੀ ਵੰਡਕੇ ਅੱਗੋਂ ਜਾਤਾ ਵਿੱਚ,
ਖੁਦ ਨੂੰ ਉੱਤਮ ਜਾਤ ਉਹਨੇ ਸਦਵਾਇਆ ਸੀ ।।
ਮੱਲੋ-ਮੱਲੀ ਰੱਬ ਦਾ ਖੈਰ-ਖੁਆਹ ਬਣਿਆ,
ਲੋਕਾਂ ਡਰਕੇ ਸਿਰਤੇ ਬਹੁਤ ਚੜ੍ਹਾਇਆ ਸੀ ।।
ਘੜ-ਘੜ ਕੇ ਮਿਥਿਹਾਸ ਆਪਣੀ ਹੋਂਦ ਲਈ,
ਲੁੱਟ-ਲੁੱਟ ਕਿਰਤੀ ਵਰਗ ਬੜਾ ਤੜਫਾਇਆ ਸੀ ।।
ਅਗਲੇ-ਪਿਛਲੇ ਜਨਮਾਂ ਵਾਲਾ ਡਰ ਦੇਕੇ,
"ਅੱਜ",ਓਸਨੇ ਕਿਰਤੀ ਦਾ ਹਥਿਆਇਆ ਸੀ ।।
ਲੱਖ ਕੋਸ਼ਿਸ਼ ਦੇ ਨਾਲ ਸਫਲ ਨਾ ਹੋਇਆ ਜਦ,
ਸਿੱਖ ਅੰਦਰ ਉਸ ਆਣ ਚਾਂਉਕੜਾ ਲਾਇਆ ਸੀ ।।
ਲੋਕੀਂ ਉਸਤੋਂ ਬਾਹਰੋਂ ਲੁਕਦੇ ਫਿਰਦੇ ਨੇ,
ਅੰਦਰ ਉਹ ਤਾਂ ਬਣ ਬੈਠਾ ਹਮ-ਸਾਇਆ ਸੀ ।।
ਜਦ ਜਦ ਸਿੱਖ ਨੇ ਬਾਹਰ ਨੂੰ ਮੂੰਹ ਕੀਤਾ ਸੀ,
ਅੰਦਰ ਬੈਠਾ ਬਿਪਰ ਸਦਾ ਮੁਸਕਾਇਆ ਸੀ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)

Monday, November 3, 2014

Wednesday, October 22, 2014

ਗਿਆਨ-ਅਮ੍ਰਿਤ !!


ਅੰਮ੍ਰਿਤ ਖਾਓ, ਅੰਮ੍ਰਿਤ ਪੀਓ,
ਅੰਮ੍ਰਿਤ ਨੂੰ ਹੀ ਧਾਰੋ ।
ਅੰਮ੍ਰਿਤ ਸੁਣਕੇ ਅੰਮ੍ਰਿਤ ਬੋਲੋ,
ਅੰਮ੍ਰਿਤ ਬੈਠ ਵਿਚਾਰੋ ।।
ਹਰ ਪਲ ਅੰਮ੍ਰਿਤ ਪੀਕੇ ਸੱਜਣੋ,
ਅੰਮ੍ਰਿਤ ਹੀ ਬਣ ਜਾਓ ।
ਬਾਣੀ ਅੰਮ੍ਰਿਤ ਦੇ ਨਾਲ ਰੱਜਕੇ,
ਮਿੱਠੇ ਬਚਨ ਉਚਾਰੋ ।।
ਗੁਰਬਾਣੀ ਵਿੱਚ ਅੰਮ੍ਰਿਤ ਸਾਰੇ,
ਗੁਰਬਾਣੀ ਹੀ ਕਹਿੰਦੀ ।
ਹਰ ਇੱਕ ਸ਼ਬਦ ਅੰਮ੍ਰਿਤ ਦਾ ਚਸ਼ਮਾ,
ਪੀ ਕੇ ਅੰਦਰ ਠਾਰੋ ।।
ਜਿਸ ਮੁੱਖ ਅੰਦਰ ਅਮ੍ਰਿਤ ਹੁੰਦਾ,
ਅੰਮ੍ਰਿਤ ਹੀ ਹੈ ਝਰਦਾ ।
ਅੰਮ੍ਰਿਤ ਦੇ ਵਿਓਪਾਰੀ ਬਣਕੇ,
ਅੰਮ੍ਰਿਤ ਹੀ ਪਰਚਾਰੋ ।।
ਦੋ ਘੁੱਟ ਪੀਕੇ ਜਿੰਦਾ ਹੋਵਣ,
ਮਰੀਆਂ ਹੋਈਆਂ ਜਮੀਰਾਂ ।
ਐਸੇ ਨਾਮ ਅੰਮ੍ਰਿਤ ਦੀਆਂ ਕੁੰਢਾਂ,
ਸੰਗਤ ਵਿੱਚ ਉਸਾਰੋ ।।
ਮੁੱਖੋਂ ਅੰਮ੍ਰਿਤ,ਦ੍ਰਿਸ਼ਟੀ ਅੰਮ੍ਰਿਤ,
ਕਿਰਤੋਂ ਅੰਮ੍ਰਿਤ ਬਰਸੇ ।
ਗੁਰੂ-ਗਿਆਨ ਦਾ ਅੰਮ੍ਰਿਤ ਲੈਕੇ,
ਸਭ ਤੇ ਛਿੱਟੇ ਮਾਰੋ ।।
ਡਾ ਗੁਰਮੀਤ  ਸਿੰਘ ਬਰਸਾਲ (ਸੈਨਹੋਜੇ)