Thursday, February 17, 2011

ਬਾਣੀ ਦੇ ਲੱਗ ਜੋ ਚਰਨੀ ਜੀ

ਬਾਣੀ ਦੇ ਲੱਗ ਜੋ ਚਰਨੀ ਜੀ


ਸਾਂਧਾਂ ਅੱਗੇ ਨੱਕ ਘਸਾਕੇ,ਫੋਟੋਆਂ ਥੱਲੇ ਧੂਫ ਧੁਖਾਕੇ ।

ਛੱਡ ਦਿਓ ਲੋਕੋ ਭੇਖ ਬਣਾਕੇ,ਬੱਧਾ – ਚੱਟੀ ਭਰਨੀ ਜੀ ।

ਕਰਮ-ਕਾਂਢ ਨੂੰ ਛੱਡਕੇ,ਬਾਣੀ ਦੇ ਲੱਗ ਜੋ ਚਰਨੀ ਜੀ ।

ਗੁਰਬਾਣੀ ਹੈ ਸਿੱਖਿਆ ਸਾਂਝੀ,ਰਹਿ ਨਾ ਜਾਵੇ ਦੁਨੀਆਂ ਵਾਂਝੀ ।

ਮਾਨਵਤਾ ਦੀ ਕਿਸ਼ਤੀ ਵਾਲਾ,ਏਸੇ ਨੇ ਬਣਨਾ ਹੈ ਮਾਂਝੀ ।

ਗੁਰਬਾਣੀ ਦੇ ਚੱਪੂਆਂ ਦੇ ਨਾਲ,ਜੀਵਨ ਕਿਸ਼ਤੀ ਤਰਨੀ ਜੀ ।।


ਬਾਣੀ ਨਾ ਵਿਓਪਾਰ ਬਣਾਓ,ਮੁੱਲ ਪਾ ਕੇ ਨਾ ਪੜ੍ਹੋ-ਪੜ੍ਹਾਓ ।

ਬਾਣੀ ਗੁਰੂ ,ਗੁਰੂ ਹੈ ਬਾਣੀ,ਇਹ ਰਿਸ਼ਤਾ ਸਮਝੋ-ਸਮਝਾਓ ।

ਹੁਕਮ ਗੁਰੂ ਦਾ ਸਮਝਣ ਖਾਤਿਰ,ਸਿੱਖੋ ਆਪੇ ਪੜ੍ਹਨੀ ਜੀ ।

ਬਾਣੀ ਦੱਸੇ ਸੱਚ ਤੁਹਾਨੂੰ,ਜੀਵਨ ਲਈ ਇਹ ਸਿੱਖਿਆ ਸਾਨੂੰ ।

ਪੜ੍ਹ-ਪੜ੍ਹ ਲੋਕੀਂ ਗੱਡਾਂ ਲੱਦਦੇ,ਫਿਰ ਵੀ ਕਹਿੰਦੇ ਮੈ ਨਾ ਮਾਨੂੰ ।

ਜੇ ਜੀਵਨ ਨੂੰ ਸਫਲ ਬਣਾਉਣਾ ,ਗੁਰਮਤਿ ਧਾਰਨ ਕਰਨੀ ਜੀ ।


ਤੋਤੇ ਵਾਂਗੂ ਛੱਡੋ ਰਟਣਾਂ,ਅਮਲਾਂ ਤੋਂ ਜੇ ਪਿੱਛੇ ਹਟਣਾਂ ।

ਪੜ੍ਹ ,ਸਿੱਖ ਬਾਣੀ ਧਾਰਨ ਕਰਕੇ,ਜੀਵਨ ਦੇ ਵਿੱਚ ਪੈਣਾ ਡਟਣਾਂ ।

ਲਾਜ ਉਸੇ ਦੀ ਰੱਖਦੀ ਬਾਣੀ,ਜੋ ਆ ਜਾਂਦਾ ਸ਼ਰਨੀ ਜੀ ।।

ਕਰਮ-ਕਾਂਢ ਨੂੰ ਛੱਡਕੇ,ਬਾਣੀ ਦੇ ਲੱਗ ਜੋ ਚਰਨੀ ਜੀ ।।

Wednesday, February 9, 2011

ਸਹੁੰ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ

ਸਹੁੰ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ

ਪੰਜਾਬੀ ਭਾਸ਼ਾ ਦਾ ਇਹ ਮੁਹਾਵਰਾ ਅਕਸਰ ਆਪਣੀ ਜਿਮੇਵਾਰੀ ਨਾਲ ਵਚਨਬੱਧਤਾ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ । ਅਸੀਂ ਜਾਣਦੇ ਹਾਂ ਕਿ ਵਿਚਾਰਾਂ ਦੀ ਇਕਸੁਰਤਾ ਸੰਸਾਰ ਵਿੱਚ ਤਾਂ ਇੱਕ ਪਾਸੇ, ਪਰਿਵਾਰ ਵਿੱਚ ਵੀ ਨਹੀਂ ਲੱਭਦੀ । ਕਈ ਵਾਰ ਇੱਕ ਹੀ ਮਿਸ਼ਨ ਤੇ ਚਲੇ ਜਾ ਰਹੇ ਲੋਕਾਂ ਦੇ ਵਿਚਾਰ ਵੀ ਨਹੀਂ ਮਿਲ ਰਹੇ ਹੁੰਦੇ । ਫਿਰ ਅਸੀਂ ਇੱਕ ਘੱਟ ਤੋਂ ਘੱਟ ਵਿਰੋਧਤਾ ਵਾਲਾ ਅਧਾਰ ਬਣਾਕੇ ਅੱਗੇ ਵਧਦੇ ਹਾਂ ਕਿ ਚਲੋ ਇੱਥੋਂ ਤੱਕ ਤਾਂ ਸਾਡੇ ਵਿਚਾਰ ਮਿਲਦੇ ਹਨ ਇਸਤੋਂ ਅੱਗੇ ਯੋਗ ਹਾਲਾਤ ਵੇਖਕੇ ਵਿਚਾਰਾਂ ਕਰ ਲਵਾਂਗੇ । ਕਈ ਵਾਰ ਰਾਜਨੀਤਿਕ ਪਾਰਟੀਆਂ ਵੀ ਘੱਟੋ-ਘੱਟ ਪਰੋਗਰਾਮ ਤੇ ਏਕਤਾ ਕਰ ਲੈਂਦੀਆਂ ਹਨ ਭਾਵੇਂ ਕਿ ਇਹ ਆਰਜੀ ਹੀ ਹੁੰਦੀ ਹੈ ।

Tuesday, January 25, 2011

ਨਾਨਕਸ਼ਾਹੀ-ਕੈਲੰਡਰ

ਨਾਨਕਸ਼ਾਹੀ-ਕੈਲੰਡਰ


‘ਚੰਦ-ਬਿਕਰਮੀ’ ਨਾਲ ਜੇ ਸਾਲ ਮਿਣੀਏ ,

‘ਸੂਰਜ-ਬਿਕਰਮੀ’ ਨਾਲੋਂ ਇਹ ਘਟ ਜਾਂਦਾ ।

ਦਿਨ-ਦਿਹਾਰ ਜੇ ਚੰਦ ਨਾਲ ਫਿਕਸ ਕਰੀਏ ,

ਆਉਂਦੇ ਸਾਲ ਇਹ ਪਾਸਾ ਹੀ ਵਟ ਜਾਂਦਾ ।

ਨਵੇਂ ਯੁੱਗ ਦੇ ਨਵੇਂ ਕੈਲੰਡਰ ਤਾਈਂ ,

‘ਨਾਨਕ-ਸ਼ਾਹੀ’ ਦੇ ਨਾਲ ਸਨਮਾਨ ਮਿਲਿਆ ;

ਬਰ੍ਹਾਮਣ –ਜੰਤਰੀ ਖੋਲ ਕੇ ਪੁੱਛਣੇ ਦਾ ,

ਸਦਾ ਵਾਸਤੇ ਝੰਜਟ ਹੀ ਹਟ ਜਾਂਦਾ ।

Monday, January 17, 2011

ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ

ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ

ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਜੀ ਨਾਭਾ ਅਨੁਸਾਰ ਕਿਸੇ ਚੀਜ਼ ਨੂੰ ਪੈਦਾ ਕਰਨ ਵਾਲਾ,ਕੰਮ ਚਲਾਉਣ ਵਾਲਾ,ਕਾਰਕੁਨ,ਤਿਆਰ ਕਰਨ ਵਾਲਾ ,ਪੁਸਤਕ ਅਥਵਾ ਅਖਬਾਰ ਦੇ ਮਜ਼ਬੂਨਾ ਨੂੰ ਕ੍ਰਮ ਅਨੁਸਾਰ ਜੋੜਨ ਵਾਲਾ ਸੰਪਾਦਕ ਅਖਵਾਉੰਦਾ ਹੈ । ਇੱਕ ਤੋਂ ਜਿਆਦਾ ਲਿਖਾਰੀਆਂ ਦੀਆਂ ਸਾਂਝੀਆਂ ਰਚਨਾਵਾਂ ਨੂੰ ਇਕੱਠਿਆਂ ਕਰਕੇ ਇੱਕ ਹੀ ਜਿਲਦ ਵਿੱਚ ਬੰਨਣਾ ਸੰਪਾਦਿਤ ਕਰਨਾ ਹੁੰਦਾ ਹੈ । ਸੋ ਕਿਸੇ ਵੀ ਹਾਲਤ ਵਿੱਚ ਕਿਸੇ ਦੇ ਸੰਪਾਦਿਤ ਕੀਤੇ ਹੋਏ ਕੰਮ ਵਿੱਚ ਵਿਆਕਰਣਿਕ ਦਰੁਸਤੀਆਂ ਕਰਨ ਨੂੰ ਮੁੜ-ਸੰਪਾਦਨਾ ਕਰਨਾ ਨਹੀਂ ਕਿਹਾ ਜਾ ਸਕਦਾ ।

Tuesday, January 4, 2011

ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਨਵੇਂ ਸਮੇਂ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਰੁੱਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥


ਗੁਰੂ ਗ੍ਰੰਥ ਜੀ ਦੀ ਦਿੱਤੀ ਹੋਈ ਸਿਖਿਆ ਦੇ ਸੰਗ।

ਤੁਸੀ ਘੋਖਣੇ ਨੇ ਆਉਣ ਵਾਲੇ ਸਮਿਆਂ ਦੇ ਰੰਗ।

ਕਿਹੜੇ ਸਾਂਭਣੇ ਤੇ ਕਿੰਨ੍ਹਾਂ ਦੀ ਵਿਦਾਈ ਲੇਖਕੋ॥


ਪੈਣੇ ਕਰਨੇ ਇਹ ਠੀਕ ਭਾਵੇਂ ਅੱਜ ਭਾਵੇਂ ਕੱਲ।

ਹੋਣਾ ਲੱਖਾਂ ਮੁਦਿਆਂ ਦਾ ਇਕੋ ਝਟਕੇ 'ਚ ਹੱਲ।

ਜਦੋ ਕਸਵੱਟੀ ਬਾਣੀ ਦੀ ਲਗਾਈ ਲੇਖਕੋ॥


ਇਕ ਪਾਸੇ ਹੈ ਕਲਮ ਦੂਜੇ ਪਾਸੇ ਤਲਵਾਰ।

ਹੁੰਦਾ ਤਲਵਾਰ ਨਾਲੋਂ ਵੱਡਾ ਕਲਮ ਦਾ ਵਾਰ।

ਨਵੇ ਯੁੱਗ ਦੀ ਹੈ ਇਹੋ ਹੀ ਦੁਹਾਰੀ ਲੇਖਕੋ।


ਜਦੋ ਮੁੱਦਿਆਂ ਦੇ ਉੱਤੇ ਲਿਖ ਕਰੀਏ ਵਿਚਾਰ।

ਨਿਜੀ ਦੂਸ਼ਣ-ਬਾਜੀ ਨੂੰ ਉਦੋ ਰੱਖ ਲਈਏ ਬਾਹਰ।

ਵਾਧੂ ਕਰੀ ਦੀ ਨਹੀ ਕਲਮ-ਘਸਾਈ ਲੇਖਕੋ॥


ਲੱਗੀ ਸਿੱਖੀ ਨੂੰ ਸਿਉਂਕ ਉੱਤੇ ਕਲਮ ਚਲਾਇਓ।

ਲੁਟ ਖਾਣੀਆਂ ਜੋਕਾਂ ਦੇ ਫੜੇ ਕਿਰਤੀ ਛਡਾਇਓ।

ਸੱਚ-ਧਰਮ ਦੀ ਫੈਲੇ ਰੁਸ਼ਨਾਈ ਲੇਖਕੋ।


ਨਵੇਂ ਸਮੇ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਰੁਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥

Tuesday, December 28, 2010

ਬਦਲਵੇਂ-ਲਕਬ

ਬਦਲਵੇਂ-ਲਕਬ


ਸੱਚ-ਧਰਮ ਤੇ ਤਰਕ-ਤਲਵਾਰ ਫੜਕੇ,

ਬਾਬੇ ਨਾਨਕ ਕਿਰਦਾਰ ਹੀ ਸਾਜਣਾ ਸੀ।

ਐਪਰ ਭੂਤਨਾ ਅਤੇ ਬੇਤਾਲਾ ਕਹਿ ਕੇ,

ਕੂੜ-ਨੀਤਿਕਾਂ ਸੱਚ ਤਿਆਗਣਾ ਸੀ।

ਅਜੋਕੇ ਨਾਸਤਿਕ ਅਤੇ ਕਾਮਰੇਡ ਵਰਗੇ,

ਸ਼ਬਦ ਨਹੀਂ ਸਨ ਉਦੋਂ ਪਰਚਲਤ ਹੋਏ;

ਵਰਨਾਂ ਉਦੋਂ ਵੀ ਅੰਧ-ਵਿਸ਼ਵਾਸੀਆਂ ਨੇ,

ਇਹਨਾ ਲਕਬਾਂ ਨਾਲ ਬਾਬਾ ਨਿਵਾਜਣਾ ਸੀ।।

Tuesday, November 30, 2010

ਵੀਚਾਰ-ਵਟਾਂਦਰਾ........ਇੱਕ ਕਲਾ

ਵੀਚਾਰ-ਵਟਾਂਦਰਾ........ਇੱਕ ਕਲਾ

ਜਦੋਂ ਬੋਲੀ ਵਿਕਸਤ ਨਹੀਂ ਸੀ ਹੋਈ ,ਮਨੁੱਖ ਹਸਕੇ ,ਰੋਕੇ, ਚੀਕਾਂ ਮਾਰਕੇ ਜਾਂ ਇਸ਼ਾਰੇ ਕਰਕੇ ਆਪਣੇ ਹਾਵ-ਭਾਵ ਸਾਂਝੇ ਕਰ ਲਿਆ ਕਰਦਾ ਸੀ ।ਬੋਲੀ ਦੇ ਵਿਕਸਤ ਹੋਣ ਨਾਲ ਇਹ ਕੰਮ ਆਸਾਨ ਹੁੰਦਾ ਗਿਆ ।ਅਸੀਂ ਸਭ ਜਾਣਦੇ ਹਾਂ ਕਿ ਇੱਸ ਸੰਸਾਰ ਤੇ ਵੱਖ–ਵੱਖ ਸਭਿਆਤਾਵਾਂ ਵੱਖ-ਵੱਖ ਸਮੇ ਵੱਖ-ਵੱਖ ਖਿਤਿਆਂ ਵਿੱਚ ਵਧੀਆਂ ਫੁਲੀਆਂ ।ਵੱਖ-ਵੱਖ ਇਲਾਕਿਆਂ ਦੀਆਂ ਵੱਖ-ਵੱਖ ਬੋਲੀਆਂ ਅਤੇ ਵੱਖ-ਵੱਖ ਸੰਚਾਰ ਸਾਧਨ ਬਣਨ ਕਰਕੇ ਹਰ ਇਲਾਕੇ ਦੇ ਵੀਚਾਰਾਂ ਦੇ ਤਾਲਮੇਲ ਵਿੱਚ ਬਹੁਤ ਫਰਕ ਸੀ ।ਜਿਉਂ ਹੀ ਦੁਨੀਆਂ ਨੂੰ ਇਕ ਦੂਜੇ ਦੇ ਨਜਦੀਕ ਜਾਣ ਦਾ ਮੌਕਾ ਮਿਲਿਆ ਅਤੇ ਇੱਕ ਦੂਜੇ ਪ੍ਰਤੀ ਜਾਨਣ ਦੀ ਜਗਿਆਸਾ ਵਧੀ ਤਾਂ ਉਹਨਾ ਵਿਚਲਾ ਅੰਤਰ ਅਤੇ ਸਮਾਨਤਾਂਵਾਂ ਬੋਲੀ ਰਾਹੀਂ ਹੀ ਪ੍ਰਗਟ ਹੋਣ ਲੱਗੀਆਂ।ਕੁਝ ਬੋਲੀਆਂ ਸੰਸਾਰ ਪੱਧਰ ਤੇ ਬੋਲੀਆਂ ਜਾਣ ਲੱਗੀਆਂ। ਦੁਨੀਆਂ ਇੱਕ ਦੂਜੇ ਦੇ ਨੇੜੇ ਆ ਇੱਕ ਦੂਜੇ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕਰਨ ਲੱਗੀ ।ਵੀਚਾਰ-ਵਟਾਂਦਰਿਆਂ ਦੇ ਨਵੇਂ ਸਾਧਨਾ ਰਾਹੀਂ ਸਿਰਜੇ ਜਾ ਰਹੇ ਮਹੌਲ ਕਾਰਣ ਵੱਖ-ਵੱਖ ਸਭਿਆਚਾਰਾਂ ਅਤੇ ਮਜ਼ਹਬਾਂ ਦਾ ਇੱਕ ਦੂਜੇ ਨੂੰ ਸਮਝਣ ਵੱਲ ਝੁਕਾਅ ਹੋ ਜਾਣਾ ਕੁਦਰਤੀ ਸੀ ।ਹੌਲੀ-ਹੌਲੀ ਮਜ਼ਹਬਾਂ ਅਤੇ ਸਭਿਆਚਾਰਾਂ ਦੇ ਤੁਲਾਤਮਿਕ ਅਧਿਅਨ ਤੋਂ ਕਾਇਨਾਤ ਦੇ ਭਲੇ ਦੀ ਤਵੱਕੋਂ ਹੋਣ ਲੱਗੀ।