Sunday, September 12, 2010

ਰੋਸੁ ਨਾ ਕੀਜੈ ਉਤਰੁ ਦੀਜੈ





ਰੋਸੁ ਨਾ ਕੀਜੈ ਉਤਰੁ ਦੀਜੈ

ਡਾ. ਗੁਰਮੀਤ ਸਿੰਘ ‘ਬਰਸਾਲ’ਕੈਲੇਫੋਰਨੀਆਂ

 ਇਹ ਗੁਰਵਾਕ ਸਿੱਧਾਂ ਨਾਲ ਵਿਚਾਰ-ਵਿਟਾਂਦਰੇ ਦੌਰਾਨ ਵਰਤਿਆ ਗਿਆ  ਸੀ । ਅੱਜ ਕੱਲ ਇਸਦੀ ਵਰਤੋਂ ਅਕਸਰ ਹੀ ਵਿਚਾਰਾਂ ਦੇ ਅਦਾਨ-ਪ੍ਰਦਾਨ ਵੇਲੇ ਕੀਤੀ ਜਾਂਦੀ ਹੈ । ਵਿਦਵਾਨਾਂ ਦੀ ਚਰਚਾ ਮੁੱਢ ਕਦੀਮੋ ਹੀ ਚਲਦੀ ਆਈ ਹੈ । ਗੁਰੂ ਸਾਹਿਬ ਨੇ ਹੀ ਅਸਲ ਵਿਚ ਸਿਖਾਂ ਅੰਦਰ ਇਹ ਵਿਚਾਰ ਚਰਚਾ ਦਾ ਮੁੱਢ ਬੰਨਿਆ । ਸੰਸਾਰ  ਵਿਚ ਸੋਚਣੀ ਦਾ ਪੱਧਰ ਕਦੇ ਵੀ ਇੱਕ ਨਹੀਂ ਹੋਇਆ। ਸੋਚਣੀ ਦੇ ਵੱਖਰੇ-ਵੱਖਰੇ ਪੱਧਰ ਮੁੱਢੋਂ ਹੀ ਵਿਚਾਰ-ਵਟਾਂਦਰਿਆਂ ਦਾ ਅਧਾਰ ਬਣਦੇ ਆਏ ਹਨ । ਵਿਚਾਰਾਂ ਰਾਹੀਂ ਇੱਕ ਦੂਜੇ ਨੂੰ ਨੀਵਾਂ ਦਿਖਾਣ ਦੀ ਪਿਰਤ ਵੀ ਬਹੁਤ ਪੁਰਾਣੀ ਹੈ । ਕਮਜੋਰ ਵਿਚਾਰਾਂ ਵਾਲੇ ਦਾ ਅਗਲਾ ਹਮਲਾ ਵਿਰੋਧੀ ਦੀ ਨਿੱਜੀ ਜਿੰਦਗੀ ਹੀ ਹੁੰਦਾ ਹੈ । ਅਸਲ ਵਿੱਚ ਅਜਿਹਾ ਕਰਕੇ ਉਹ ਆਪਣੇ ਹੀ ਕਮਜੋਰ ਵਿਚਾਰਾਂ ਦੀ ਪ੍ਰੋੜਤਾ ਕਰ ਰਿਹਾ ਹੁੰਦਾ ਹੈ ।

Monday, August 30, 2010

ਲਫਾਫੇ!!

ਕਾਵਿ-ਵਿਅੰਗ



ਮਜ਼ਹਬੀ ਆਗੂਆਂ ਤੇ ਰਾਜਨੀਤਕਾਂ ਦੇ,
ਗੱਠ-ਜੋੜ ਨੇ ਚੁੱਕ ਲਈ ਅੱਤ ਲੋਕੋ।
ਝੱਟ ਉਹਨਾ ਤੇ ਕੇਸ ਨੇ ਦਰਜ ਕਰਦੇ,
ਦਿੰਦੇ ਸ਼ੋਸ਼ਣ ਖਿਲਾਫ ਜੋ ਮੱਤ ਲੋਕੋ ।
ਲਫਾਫੇ ਲੈਣ ਪਰਦੇਸਾਂ ‘ਚ ਪੁੱਜ ਜਾਂਦੇ,
ਇਹ ਤਾਂ ਸੱਦੇ-ਸਦਾਏ ਹੋਏ ਚਮਚਿਆਂ ਦੇ ;
ਸੰਗਤ ਘੇਰ ਕੇ ਜਦੋਂ ਸਵਾਲ ਕਰਦੀ
ਉਥੋਂ ਭੱਜ ਰੁਲਾਂਵਦੇ ਪੱਤ ਲੋਕੋ।

Friday, August 27, 2010

ਪਰ-ਉਪਕਾਰ


ਪਰ-ਉਪਕਾਰ

ਡਾ ਗੁਰਮੀਤ ਸਿੰਘ 'ਬਰਸਾਲ' ਕੈਲੇਫੋਰਨੀਆਂ


ਇੱਕ ਫ਼ਕੀਰ ਤੇ ਇੱਕ  ਸ਼ਗਿਰਦ ਉਸ ਦਾ,
ਕਿਸੇ ਰਸਤੇ ਤੋਂ ਕਿਤੇ ਨੂੰ ਜਾ ਰਹੇ ਸੀ।
ਇੱਕ ਛੱਪੜ ਦੇ ਕੋਲ ਦੀ ਜਦੋਂ ਲੰਗੇ,
ਡਿੱਗ ਕੇ 'ਠੂਹਾਂ' ਜੀ ਗੋਤਾ ਜਿਹਾ ਖਾ ਰਹੇ ਸੀ।


ਫਕੀਰ ਸੁਭਾਅ ਦਾ ਬੜਾ ਸੀ ਨੇਕ ਬੰਦਾ,
ਦਇਆ ਕਾਰਣ ਉਹ 'ਠੂਹੇਂ' ਨੂੰ ਕੱਢਣ ਲੱਗਾ।
ਹੱਥ ਜਦੋਂ ਉਸ ਪਾਣੀ ਦੇ ਵਿੱਚ ਪਾਇਆ,
'ਠੂਹਾਂ' ਉਸੇ ਤੇ ਦੰਦੀਆਂ ਵੱਢਣ ਲੱਗਾ।


ਕੱਟਣ ਕਾਰਣ ਜੋ ਹੱਥ ਤੇ ਪੀੜ ਹੁੰਦੀ,
ਸੀ 'ਠੂਹਾਂ' ਫਕੀਰ ਤੋਂ ਛੁੱਟ ਜਾਂਦਾ ।
ਬਾਰ ਬਾਰ ਫਿਰ 'ਠੂਹੇਂ' ਤੋਂ ਡੰਗ ਖਾਕੇ।
ਫਕੀਰ ਕੱਢਣ ਲਈ ਮੁੜ ਸੀ ਜੁੱਟ ਜਾਂਦਾ।


ਗੱਲ ਸਾਰੀ ਜੋ ਤੱਕੀ ਸ਼ਗਿਰਦ ਉਸਦੇ,
ਹੱਥ ਜੋੜ ਫਕੀਰ ਨੂੰ ਕਹਿਣ ਲੱਗਾ।
ਡੰਗ ਮਾਰਨਾ ਉਸਦਾ ਸੁਭਾਅ ਬਣਿਆ ,
ਕਾਹਤੋਂ ਬਾਬਾ ਮੁਸੀਬਤ ਵਿੱਚ ਪੈਣ ਲੱਗਾ?


ਉਸਤਾਦ ਆਖਿਆ ਮੇਰੇ ਸ਼ਗਿਰਦ ਬੇਟੇ,
ਪਿੱਠ ਕਰੋ ਨਾ ਕਦੇ ਸਚਾਈ ਕੋਲੋਂ।
ਜੇਕਰ ਬੁਰਾ ਬੁਰਾਈ ਤੋਂ ਨਹੀਂ ਹੱਟਦਾ,
ਚੰਗਾ ਕਾਸਤੋਂ ਹਟੇ ਚੰਗਿਆਈ ਕੋਲੋਂ?


ਉਸੇ ਰਸਤੇ ਫਕੀਰ ਤੇ ਉਹੀ ਚੇਲਾ,
ਉਸੇ ਛਪੜੀ ਕੋਲੋਂ ਫੇਰ ਜਾਣ ਲੱਗੇ।
ਉਹੀ 'ਠੂਹਾਂ ਜੀ' ਉਸੇ ਹੀ ਚਾਲ ਕਾਰਣ,
ਜਾਣ ਬੁਝਕੇ ਡੁਬਕੀਆਂ ਲਾਣ ਲੱਗੇ।
 

ਫਕੀਰ ਵਧਿਆ ਜਦ ਉਸੇ ਉਦੇਸ਼ ਕਾਰਣ,
ਐਪਰ ਚੇਲੇ ਨੇ ਉਸਨੂੰ ਹਟਾ ਦਿੱਤਾ।
ਏੇਸੇ ਲਈ ਦਸਤਾਨਾ ਜੋ ਸੀ ਲਿਆਇਆ,
ਉਹਨੇ ਫਕੀਰ ਦੇ ਹੱਥ ਪੁਆ ਦਿੱਤਾ।


ਹਰ ਸੰਭਾਵੀ ਖਤਰੇ ਤੋਂ ਮੁਕਤ ਹੋਕੇ,
'ਠੂਹਾਂ' ਕੱਢ ਫਕੀਰ ਨੇ ਬਾਹਰ ਧਰਿਆ।
ਦੋਹਾਂ ਪਾਸਿਆਂ ਤੋਂ ਇੰਝ ਰਹਿ ਸੱਚਾ,
ਸਿਆਣਪ ਵਰਤ ਉਸ ਪਰਉਪਕਾਰ ਕਰਿਆ।
 

ਨੰਗੇ ਹੱਥ ਦੇ ਨਾਲ ਤਾਂ ਵਾਂਗ ਪਹਿਲਾਂ,
ਸਫ਼ਲ ਕਦੇ ਨਹੀਂ ਉਹ ਸੀ ਹੋ ਸਕਦਾ।
ਪਰ-ਉਪਕਾਰ ਤਾਂ ਬਣਨੀ ਸੀ ਦੂਰ ਦੀ ਗੱਲ,
ਸੀ ਉਹ ਜਾਨ ਤੋਂ ਹੱਥ ਵੀ ਧੋ ਸਕਦਾ।


'ਠੂਹੇਂ ਰੂਪੀ' ਏਸ ਸੰਸਾਰ ਅੰਦਰ,
ਪਰ-ਉਪਕਾਰ ਦੀ ਭਾਵਨਾ ਜੇ ਹੋਵੇ।
ਸਿਆਣਪ ਰੂਪੀ ਦਸਤਾਨੇ ਨੂੰ ਕੋਲ ਰੱਖੋ,
ਧਰਮ ਕਮਾਉਣ ਦੀ ਕਾਮਨਾ ਜੇ ਹੋਵੇ।


ਗੱਲ ਕਰਨ ਅਸੂਲ ਦੀ ਜੋ ਕੇਵਲ,
ਲਾਗੂ ਕਿਵੇਂ ਕਰਨਾਂ ਇਹ ਜਾਣਦੇ ਨਾਂ।
ਸਿਆਣਪ ਬਾਝ ਨਾ ਸਫਲ ਉਹ ਕਦੇ ਹੁੰਦੇ,
ਜਿੱਤ ਕਦੇ ਉਹ ਮਕਸਦ ਵਿੱਚ ਮਾਣਦੇ ਨਾ।


ਤੇਜ਼ ਗਤੀ ਦੇ ਏਸ ਜਮਾਨੇ ਅੰਦਰ,
ਜੇਕਰ ਧਰਮ ਦੀ ਗੱਲ ਪੁਚਾਵਣੀ ਏਂ।
ਨੀਤੀ ਵਰਤ ਹੀ 'ਠੂਹੇਂ' ਦੀ ਕਰੋ ਸੇਵਾ,
ਗੱਲ ਏਹੋ ਹੀ ਗੁਰੂ ਨੂ ਭਾਵਣੀ ਏਂ।।

Tuesday, August 17, 2010

ਫਰੈਂਡਲੀ-ਮੈਚ!!


ਕਾਵਿ ਵਿਅੰਗ
ਡਾ ਗੁਰਮੀਤ ਸਿੰਘ ਬਰਸਾਲ


ਧੌਂਸ ਮਜ਼ਹਬ ਦੀ ਆੜ ਦੀ ਥੋਪਣੇ ਲਈ,
ਬੁੱਧੂ ਲੋਕਾਂ ਨੂੰ ਸਦਾ ਬਣਾਂਵਦੇ ਨੇ।

ਖੁਸ਼ ਕਰਨ ਲਈ ਆਕਾ ਦੇ ਆਕਾ ਜੀ ਨੂੰ,
ਹਰ ਵਿਰੋਧੀ ਨੂੰ ਤਲਬ ਕਰਵਾਂਵਦੇ ਨੇ।

ਨਵੀਂ ਖੇਡ ਦੀ ਝਾਕ ਵਿੱਚ ਹਰ ਵਾਰੀ,
ਦਰਸ਼ਕ ਦੇਖਦੇ ਬੈਠ ਪੁਜਾਰੀਆਂ ਨੂੰ;
ਕਿੱਦਾਂ ਮੈਚ ਫਰੈਂਡਲੀ ਦੇ ਗਿੱਝੇ
ਮੈਚ ਫਿਕਸ ਕਰ ਸਭ ਨੂੰ ਭਰਮਾਂਵਦੇ ਨੇ।।

Wednesday, July 28, 2010

ਚੰਦਰੀ ਸਿਆਸਤ ਨੇ

ਚੰਦਰੀ ਸਿਆਸਤ ਨੇ



ਗੁਰੂ-ਘਰਾਂ ਨੂੰ ਉਲਝਾਇਆ ,

ਚੰਦਰੀ ਸਿਆਸਤ ਨੇ ।


ਸੱਚ ਨੂੰ ਝੂਠ ਬਣਾਇਆ,

ਚੰਦਰੀ ਸਿਆਸਤ ਨੇ ।।


ਨੀਤੀ ਉੱਤੇ ਧਰਮ ਦਾ ਕੂੰਢਾ ।

ਭਰਿਸ਼ਟਾਚਾਰ ਨੂੰ ਲਾਵੇ ਮੁੰਦਾ ।


ਧਰਮੀ ਲਈ ਤਾਂ ਹਰ ਬੰਦੇ ਵਿੱਚ,

ਰੱਬ ਵਾਲਾ ਹੀ ਦਰਸ਼ਣ ਹੁੰਦਾ।


ਪਰ ਅੱਜ ਚਾਲ ਬਣਾਇਆ,

ਚੰਦਰੀ ਸਿਆਸਤ ਨੇ ।


ਸੱਚ ਝੂਠ ਇਕੱਠਾ ਚਿਣਦੇ।

ਰਾਜਨੀਤੀ ਵਿੱਚ ਇੰਝ ਹੀ ਮਿਣਦੇ।


ਅੰਦਰੋਂ ਭਾਵੇਂ ਖਾਲੀ ਹੋਵੇ,

ਤਾਂ ਵੀ ਬਾਹਰੋਂ ਸਿਰ ਹੀ ਗਿਣਦੇ।

ਸਭ ਨੂੰ ਭੇਡ ਬਣਾਇਆ,

ਚੰਦਰੀ ਸਿਆਸਤ ਨੇ।


ਨੀਤੀ ਵਿੱਚ ਜੇ ਘੋੜੇ ਹੁੰਦੇ।

ਮਾਨਵਤਾ ਲਈ ਦੌੜੇ ਹੁੰਦੇ।


ਵੋਟਾਂ ਪਾ-ਪਾ ਦੇਖ ਲਿਆ ਹੈ,

ਗਧਿਆਂ ਸਾਹਵੇਂ ਥੋੜੇ ਹੁੰਦੇ।


ਗਣਿਤ ਅਧਾਰ ਬਣਾਇਆ,

ਚੰਦਰੀ ਸਿਆਸਤ ਨੇ।


ਜੇ ਲੋਕੋ ਕੁਝ ਕਰ ਨਹੀਂ ਹੁੰਦਾ।

ਵੋਟਾਂ ਖਾਤਿਰ ਮਰ ਨਹੀਂ ਹੁੰਦਾ।

ਜੇ ਅਗਲਾ ਪਰਧਾਨ ਬਣ ਗਿਆ,

ਫਿਰ ਨਾ ਕਹਿਣਾ ਜਰ ਨਹੀਂ ਹੁੰਦਾ।


ਏਹੋ ਪਾਠ ਪੜ੍ਹਾਇਆ,

ਚੰਦਰੀ ਸਿਆਸਤ ਨੇ।


ਨੀਤੀ ਕਹਿੰਦੀ ਵੋਟਾਂ ਪਾਓ।

ਬਹੁਸੰਮਤੀ ਪਰਧਾਨ ਬਣਾਓ।

ਗੁਰਮਤਿ ਗੱਲ ਗੁਣਾਂ ਦੀ ਕਰਦੀ,

ਸੇਵਾ ਸਮਝ ਕੇ ਕਰੋ-ਕਰਾਓ।


ਹਉਮੇ ਰੂਪ ਵਟਾਇਆ,

ਚੰਦਰੀ ਸਿਆਸਤ ਨੇ।


ਗੁਰੂ-ਘਰਾਂ ਨੂੰ ਉਲਝਾਇਆ,

ਚੰਦਰੀ ਸਿਆਸਤ ਨੇ।


ਸੱਚ ਨੂੰ ਝੂਠ ਬਣਾਇਆ,

ਚੰਦਰੀ ਸਿਆਸਤ ਨੇ।।

Wednesday, July 21, 2010

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ



ਦੁਨੀਆਂ ਪੁਛਿਆ,

ਰੱਬ ਹੈ ਕੇਹਾ?

ਗੁਰੂਆਂ ਦੱਸਿਆ,

ਕੁਦਰਤਿ ਜੇਹਾ।

ਗਰੂ ਗ੍ਰੁੰਥ ਜੀ ਏਹੋ ਸੁਨੇਹਾ,

ਕੁਲ ਦੁਨੀਆਂ ਨੂੰ ਦੱਸਦਾ ਏ ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਰੁਪ ਰੰਗ ਤੇ ਭਾਰ ਨਹੀਂ ਹੈ,

ਰੱਬ ਦਾ ਕੋਈ ਆਕਾਰ ਨਹੀਂ ਹੈ ।

ਚੱਕਰ-ਚਿਹਨ ਤੋਂ ਉਹ ਹੈ ਵੱਖਰਾ,

ਰੇਖ-ਭੇਖ ਵਿੱਚਕਾਰ ਨਹੀਂ ਹੈ ।

ਜੇ ਕੋਈ ਉਸਨੂੰ ਬਾਹਰ ਢੂੰਡੇ,

ਓਸੇ ਅੰਦਰ ਹੱਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਦੁਨੀਆਂ ਕਾਮ,ਕਰੋਧ ਵਧਾਇਆ,

ਲੋਭ,ਲਾਲਚ ਵੀ ਦੂਣ ਸਵਾਇਆ।

ਸਾਰੇ ਜੱਗ ਨੂੰ ਨਰਕ ਬਣਾਕੇ,

ਰੱਬ ਦੀ ਖਾਤਿਰ ਸਵੱਰਗ ਸਜਾਇਆ।

ਅੰਬਰੀਂ ਰੱਬ ਵਸਾਵਣ ਵਾਲਾ,

ਖਿਆਲ ਨਾ ਮਨ ਵਿੱਚ ਧਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਲੋਕੀਂ ਸਮਝਕੇ ਉਹਨੂੰ ਵਿਅਕਤੀ,

ਨਾਂ ਰੱਖ ਲੈਂਦੇ ਕੋਈ ਵਕਤੀ।

ਬੇ-ਨਾਮਾ ਜੋ ਰੱਬ ਹੈ ਸਾਂਝਾ,

ਵਿਚਰ ਰਿਹਾ ਬਣਕੇ ਇੱਕ ਸ਼ਕਤੀ।

ਨਾਵਾਂ ਦੀ ਘੁੰਮਣ-ਘੇਰੀ ਵਿੱਚ,

ਸੂਝਵਾਨ ਨਾ ਫਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਬੰਦਾ ਰੱਬ ਨੂੰ ਮੋਹ ਨਹੀਂ ਸਕਦਾ,

ਬੂਹਾ ਉਸਤੋਂ ਢੋਹ ਨਹੀਂ ਸਕਦਾ।

ਰਾਮ ਜੋ ਰਮਿਆਂ ਕੁਦਰਤਿ ਅੰਦਰ,

ਵੱਖ ਕਿਸੇ ਤੋਂ ਹੋ ਨਹੀਂ ਸਕਦਾ।

ਹਰ ਬੰਦੇ  ਦੇ ਜੀਵਨ ਅੰਦਰ,

ਸਾਹ ਬਣਕੇ ਜੋ ਨਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।

Monday, July 19, 2010

ਨੀਰੋ ਦੀ ਬੰਸਰੀ!!

ਕਾਵਿ ਵਿਅੰਗ
ਸਰਨਾ ਸਾਹਿਬ ਦਾ ਪੱਖ ਜੇ ਲਿਖ ਹੋ ਜਾਏ,
ਬਾਦਲ ਸਾਹਿਬ ਜੀ ਬੁਰਾ ਮਨਾਂਵਦੇ ਨੇ।
ਪ੍ਰੋਫੈਸਰ ਸਾਹਿਬ ਦੇ ਪੱਖ ਵਿੱਚ ਜੇ ਲਿਖੀਏ,
ਮਹਾਂ-ਪੁਜਾਰੀ ਦੁਹਾਈਆਂ ਪਾਂਵਦੇ ਨੇ।
ਲਟਾ-ਲਟ ਭਾਵੇਂ ਰੋਮ ਜਲ਼ੀ ਜਾਵੇ,
ਐਪਰ ਨੀਰੋ ਦੀ ਬੰਸਰੀ ਵੱਜਦੀ ਏ;
ਸਪੋਕਸਮੈਨ ਦੇ ਪੱਖ ਨੂੰ ਜੇ ਲਿਖੀਏ,
ਧੁਮੱਕੜ ਹੋਰੀਂ ਧੁਮੱਚੜ ਮਚਾਂਵਦੇ ਨੇ।।