Saturday, October 17, 2020

Saturday, October 3, 2020

 ਦਿਲ ਤੇ ਮਾਸਕ
ਹਾਲਾਤਾਂ ਨੇ ਮੂੰਹ ਉੱਪਰ ਲਗਵਾਈ ਸੀ,
ਦਿਲ ਉਪਰ ਕਿਓਂ ਬੈਠਾਂ ਮਾਸਕ ਪਾ ਸੱਜਣਾ ।
ਸਾਂਝ ਗੁਣਾਂ ਦੀ ਪੜਦਾਂ ਏਂ ਪਰ ਮੰਨਦਾ ਨਹੀਂ,
ਤਾਹੀਓਂ ਬੈਠਾਂ ਸਭ ਤੋਂ ਮੁੱਖ ਘੁਮਾ ਸੱਜਣਾ ।
ਬੋਲਾਂ ਵਿੱਚ ਜੇ ਤਰਕ ਨਿਮਰਤਾ ਆਈ ਨਹੀਂ ,
ਕਿੰਝ ਨਾਨਕ ਦਾ ਸਕਦਾਂ ਸਿੱਖ ਅਖਵਾ ਸੱਜਣਾ ।
ਮਨ ਨੀਵਾਂ ਤੇ ਮੱਤ ਉੱਚੀ ਜੇ ਹੋਈ ਨਾਂ ,
ਕੌਣ ਕਹੂ ਇਹ ਬਾਬੇ ਵਾਲਾ ਰਾਹ ਸੱਜਣਾ ।
ਜੇ ਸਮਝੇਂ ਕਿ ਤੇਰੇ ਬਿਨ ਸਭ ਮੂਰਖ ਨੇ,
ਇਹ ਤਾਂ ਤੇਰੀ ਹਉਮੇ ਭਰੀ ਖਤਾ ਸੱਜਣਾ ।
ਇਸ ਜੱਗ ਉੱਪਰ ਇੱਕ ਹੀ ਜੀਵਨ ਰਮਿਆ ਹੈ,
ਰੁੱਖ,ਪੰਛੀ, ਜੀ, ਜੰਤੂ ਭੈਣ ਭਰਾ ਸੱਜਣਾ ।
ਜੜ ਤੋਂ ਚੇਤਨ ਵੱਲ ਜੋ ਵਹਿੰਦਾ ਦਿਖਦਾ ਹੈ,
ਨਿਯਮ ਰੂਪ ਵਿੱਚ ਖੁਦ ਹੀ ਆਪ ਖੁਦਾ ਸੱਜਣਾ ।
ਜੇ ਲੜਨਾ ਸੀ ਹੋਰ ਬਹਾਨੇ ਲੱਭ ਲੈਂਦਾ,
ਨਾਸਤਕ ਕਹਿ, ਨਾ ਘਿਸਿਆ ਰਾਗ ਸੁਣਾ ਸੱਜਣਾ ।।

ਗੁਰਮੀਤ ਸਿੰਘ ਬਰਸਾਲ ( ਯੂ ਐਸ ਏ )

Tuesday, September 29, 2020

ਓਹ ਤੇ ਤੂੰ !!

ਉਹ ਤੇ ਤੂੰ !

ਓਹ ਤੇ ਤੈਨੂੰ ਮਰਿਆ ਚਾਹੁੰਦਾ,
ਤੂੰ ਹੀ ਏਂ ਜੋ ਮਰਿਆ ਈ ਨਹੀਂ ।
ਉਹਦਾ ਸਰਦਾ ਤੇਰੇ ਬਾਝੋਂ,
ਤੇਰਾ ਕਾਹਤੋਂ ਸਰਿਆ ਈ ਨਹੀਂ ।।
ਤੇਰੇ ਜਨਮ ਤੋਂ ਤੇਰਾ ਦੁਸ਼ਮਣ,
ਭਾਵੇਂ ਚੁੱਕ ਇਤਿਹਾਸ ਦੇਖ ਲੈ,
ਬਾਬੇ ਨਾਨਕ ਤੋਂ ਅੱਜ ਤਾਈਂ,
ਉਸਦਾ ਅੰਦਰ ਠਰਿਆ ਈ ਨਹੀਂ ।।
ਕਰਮਕਾਂਢ ਜਿਹੀ ਪੂਜਾ ਛੱਡਕੇ,
ਬਾਬੇ ਸੱਚ ਦੇ ਲੜ ਲਾਇਆ ਸੀ ।
ਸੱਚ ਦੇ ਨਿਯਮੀਂ ਕਿਰਤ ਕਰਦਿਆਂ,
ਉਸਤੋਂ ਜਾਂਦਾ ਜਰਿਆ ਈ ਨਹੀਂ ।।
ਸੰਨ ਸੰਨਤਾਲੀ ਵੇਲੇ ਜਿਗਰੀ,
ਨਫਰਤ ਕੋਲੋਂ ਬੇਵਸ ਹੋਕੇ ।
ਤੇਰੀ ਮਾਂ ਦੇ ਦੋ ਟੁੱਕ ਕਰਕੇ,
ਸੱਚ ਕੋਲੋਂ ਓਹ ਡਰਿਆ ਈ ਨਹੀਂ ।
ਭੋਲ਼ਾ ਪੰਛੀ ਜਾਣ ਨਾ ਸਕਿਆ,
ਦੋਖੀ ਕਿੰਝ ਸ਼ਿਕਾਰ ਖੇਡਦਾ ।
ਸੰਨ ਚੋਰਾਸੀ ਵਾਲਾ ਸਾਕਾ,
ਤੇਰੇ ਖਾਨੇ ਬੜਿਆ ਈ ਨਹੀਂ ।।
ਤੈਨੂੰ ਹੀ ਦੋਸ਼ੀ ਠਹਿਰਾਕੇ,
ਤੈਨੂੰ ਹੀ ਹਥਿਆਰ ਬਣਾਵੇ ।
ਤੈਥੋਂ ਤੈਨੂੰ ਹੀ ਮਰਵਾਉਂਦਾ,
ਆਪੂ ਸਾਹਵੇਂ ਲੜਿਆ ਹੀ ਨਹੀਂ ।।
ਤੇਰੀ ਜਖ਼ਮੀ ਮਾਂ ਨੂੰ ਇਕ ਦਿਨ ,
ਤੈਥੋਂ ਹੀ ਬਿਕਵਾ ਕੇ ਛੱਡੂ।
ਜੱਗ ਜਾਣਦਾ ਬਿਪਰ ਚੱਟਿਆ,
ਮੁੜ ਕੇ ਹੋਇਆ ਹਰਿਆ ਈ ਨਹੀਂ ।।

ਡਾ ਗੁਰਮੀਤ ਸਿੰਘ ਬਰਸਾਲ (ਯੂ ਐਸ ਏ)
 

Saturday, August 29, 2020

ਢਹਿ ਰਿਹਾ ਮਹਿਲ !!

ਢਹਿ ਰਿਹਾ ਮਹਿਲ !! ,,,,,,,,,,,,,,,,,,,,,,,,,,,,,,,,,,,,,,,, 

ਸਦੀਆਂ ਤੋਂ ਜਿਸ ਮਾਸ ਨੋਚਿਆ , ਦੁਨੀਆਂ ਸਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਰੱਬ ਦੇ ਨਾਂ ਤੇ ਹੋਰਾਂ ਨੂੰ ਜਜਬਾਤੀ ਕਰਦਾ ਏ ।

 ਆਪੂੰ ਧਰਮ ਦੀ ਪਹਿਲੀ ਪਉੜੀ ਤੋਂ ਵੀ ਹਰਦਾ ਏ ।

 ਫਇਦਾ ਚੁੱਕਦਾ ਰਾਜਨੀਤੀ ਨਾਲ ਲਾਈ ਯਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਚਾਲ ਨਾਲ ਇਕ ਰਸਤੇ ਵਾਲੇ ਵੱਖਰੇ ਕਰ ਲੈਂਦਾ ।

 ਕਰ ਇਕੱਲੇ ਫਿਰ ਇਹ ਛੇਕੂ ਸਾਣ ਤੇ ਧਰ ਲੈਂਦਾ ।

 ਏਹੀ ਸਿਖਿਆ ਬਿਪਰ ਗੁਰੂ ਤੋਂ ਕੰਮ ਮਕਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਸਦੀਆਂ ਤੋਂ ਤਾਂ ਏਦਾਂ ਹੀ ਇਹ ਕਰਦਾ ਆਇਆ ਹੈ ।

 ਜਿਦ ਨਹੀਂ ਛੱਡਦਾ ਪਰ ਸੱਚ ਹੱਥੋਂ ਹਰਦਾ ਆਇਆ ਹੈ ।

 ਇੱਕ ਦਿਨ ਤਾਂ ਲਭ ਜਾਣਾ ਹੁੰਦਾ ਹੱਲ ਬਿਮਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 'ਕੱਲੇ-'ਕੱਲੇ ਦੀਵੇ ਨੂੰ ਇਹ ਫੂਕਾਂ ਮਾਰ ਰਿਹੈ ।

 ਪਰ ਨਾ ਜਾਣੇ ਚਿਣਗਾਂ ਅੰਦਰ ਭਾਂਬੜ ਬਾਲ਼ ਰਿਹੈ ।

 ਆਖਿਰ ਫਟਣਾ ਗੁੱਸਾ ਸੰਗਤ ਸ਼ਰਧਾ ਮਾਰੀ ਦਾ ।

 ਢਹਿੰਦਿਆਂ ਢਹਿੰਦਿਆਂ ਢਹਿ ਚਲਿਆ ਹੈ , ਮਹਿਲ ਪੁਜਾਰੀ ਦਾ ।।

 ਗੁਰਮੀਤ ਸਿੰਘ ਬਰਸਾਲ (USA)

Friday, May 1, 2020

ਰੱਬ/ਕੁਦਰਤ

ਰੱਬ/ਕੁਦਰਤ
੧ ਨੂੰ ਪੂਰਾ ਦੇਖਣ ਵਾਲਾ,
ਬੰਦੇ ਦਾ ਤਾਂ ਕੱਦ ਨਹੀਂ ਹੈ ।
ਦਿਸਦਾ ਤੇ ਅਣਦਿਸਦਾ ਉਸ 'ਚੋਂ,
ਕਰ ਸਕਦਾ ਕੋਈ ਰੱਦ ਨਹੀਂ ਹੈ ।
ਖੋਜੇ ਤੇ ਅਣਖੋਜੇ ਸਾਰੇ,
ਨਿਯਮ ਓਸ ਦਾ ਹਿੱਸਾ ਹੀ ਨੇ ;
ਰੱਬ ਕਹੋ ਜਾਂ ਕੁਦਰਤ ਆਖੋ,
੧ ਦੀ ਕੋਈ ਹੱਦ ਨਹੀਂ ਹੈ ।।
ਗੁਰਮੀਤ ਸਿੰਘ ਬਰਸਾਲ (ਯੂ ਐਸ ਏ)


Friday, April 17, 2020

ਕਰਤਾ

ਕਰਤਾ !!

ਸੈਭੰ ਮਤਲਬ ਸਵੈ-ਪਰਕਾਸ਼ਤ,
ਰੱਬ ਅੱਧਾ ਜਾਂ ਸਾਰਾ ।
ਜੇ ਅੱਧਾ ਤਾਂ ਦੋ ਥਾਂ ਬਣਦੈ,
ਸਿਮਟਿਆ ਅਤੇ ਖਿਲਾਰਾ ।
ਅੱਧ ਸਿਮਟਿਆ ਤਾਂ ਦੂਜਾ ਅੱਧ ਵੀ,
ਉਸ ਦਾ ਕਰਮ-ਅਖਾੜਾ ।
ਤਦ ਖਿਲਰੇ ਦਾ ਦੋਸ਼ ਕੋਈ ਨਹੀਂ,
ਚੰਗਾ ਕਰੇ ਜਾਂ ਮਾੜਾ ।।
ਜੇ ਸਮਝੋਂ ਕਿ ਰੂਪ ਵਟਾਕੇ,
ਸਾਰਾ ਕਿਰਤ ਸਮੋਇਆ ।
ਜਿਮੇਵਾਰ ਫਿਰ ਹਰ ਕਰਮ ਦਾ,
ਕਰਤਾ ਕਦੇ ਨਾ ਹੋਇਆ ।।।।
ਗੁਰਮੀਤ ਸਿੰਘ  "ਬਰਸਾਲ"

Wednesday, January 8, 2020

ਛਲ !

ਛਲ !
ਜਦ ਗੱਲ ਚੱਲੇ ਪ੍ਰਣਾਲ਼ੀ ਦੀ,
ਤਦ ਬੰਦਿਆਂ ਦੀ ਜੋ ਗੱਲ ਕਰਦਾ ।
ਛੱਡ ਸਾਂਝ ਗੁਣਾਂ ਵਿਚਾਰਾਂ ਦੀ,
ਉਹ ਨਿੱਜ-ਨਾਮ ਦਾ ਹੱਲ ਕਰਦਾ ।
ਜੋ ਨਿੱਜੀ ਕਿੜਾਂ ਦੀ ਆੜ ਥੱਲੇ,
ਝੱਟ ਦੁਸ਼ਮਣ ਦੇ ਨਾਲ ਖੜਦਾ ਏ ।
ਜੋ ਸਹਿਜ ਸੁਨਾਮੀ ਬਣ ਸਕਦੀ,
ਉਹ ਲਹਿਰ ਓਸ ਨਾਲ ਛਲ ਕਰਦਾ ।।
ਗੁਰਮੀਤ ਸਿੰਘ ਬਰਸਾਲ (ਯੂ ਐਸ ਏ)