Monday, July 17, 2017

Tuesday, July 11, 2017

ਇੱਕ ਦੀ ਰਮਜ

ਇੱਕ ਦੀ ਰਮਜ !!
ਗੁਰੂ ਨਾਨਕ ਇਸ ਜੱਗ ਦੇ ਅੰਦਰ,
ਇੱਕ ਰੱਬ ਦੀ ਇੰਝ ਗੱਲ ਸਮਝਾਈ ।
ਕਰਤਾ ਆਪੇ ਕਿਰਤ `ਚ ਵਸਦਾ,
ਸੈਭੰ ਰੂਪੀ ਬਣਤ ਬਣਾਈ ।
ਨਿਯਮ-ਹੁਕਮ ਦਾ ਰੂਪ ਵਟਾਕੇ,
ਜੱਗ ਦੀ ਖੁਦ ਕਰਦਾ ਅਗਵਾਈ ।
ਗੁਰੂ ਗਿਆਨ ਦੀ ਕਿਰਪਾ ਸਦਕਾ,
ਸਭ ਪਾਸੇ ਇਹ ਦਏ ਦਿਖਾਈ ।।

ਨਾਨਕ ਰੂਪੀ ਗਿਆਨ ਜੋਤ ਜਦ,
ਦਸ ਦੇਹਾਂ `ਚੋਂ ਹੋਕੇ ਚੱਲੀ
ਗੁਰੂ ਗ੍ਰੰਥ ਦੇ ਰੂਪ `ਚ ਆਖਿਰ,
ਹੋ ਗਈ ਸਭ ਤੇ ਨਜਰ ਸਵੱਲੀ ।
ਕੁਝ ਗੁਰੂ-ਪੁਤਰਾਂ ਬਾਗੀ ਹੋਕੇ,
ਬਿਪਰੀ ਸੋਚੇ ਬੇੜੀ ਠੱਲੀ
ਗੁਰੂ ਕਾਲ ਦੇ ਵਿੱਚੇ ਬਣ ਗਏ,
ਬਾਈ ਡੇਰੇ ਮੱਲੋ-ਮੱਲੀ ।।

ਬਾਈਆਂ ਤੋਂ ਅੱਜ ਬਾਈ ਸੌ ਬਣ,
ਸ਼ਬਦ-ਗਿਆਨ ਨੂੰ ਢਾਹ ਰਹੇ ਨੇ ।
ਗੁਰੂ ਗ੍ਰੰਥ ਨੂੰ ਪਿੱਛੇ ਕਰਕੇ,
ਦੇਹ ਨੂੰ ਗੁਰੂ ਸਦਾ ਰਹੇ ਨੇ
ਕੁਝ ਅਗਲੇਰੇ ਕਦਮ ਤੋਂ ਪਹਿਲਾਂ,
ਗੁਰ ਨੂੰ ਢਾਲ਼ ਬਣਾ ਰਹੇ ਨੇ ।
ਛੁਟਿਆਵਣ ਲਈ ਗ੍ਰੰਥ ਗੁਰੂ ਨੂੰ,
ਬਿਪਰੀ ਗ੍ਰੰਥ ਫੈਲਾ ਰਹੇ ਨੇ ।।

ਗੁਰੂ ਗ੍ਰੰਥ ਦੇ ਸ਼ਬਦਾਂ ਅੰਦਰ,
ਸਿੱਖ ਦੀ ਜੀਵਨ ਜਾਚ ਸਮਾਈ ।
ਗੁਰਮਤਿ ਛੱਡਕੇ ਮਨਮੱਤ ਵਾਲੀ,
ਫਿਰਦੇ ਕਈ ਅੱਜ ਰਹਿਤ ਬਣਾਈ ।
ਕਰਮਕਾਂਡ ਘੜ ਮਰਿਆਦਾ ਵਿੱਚ,
ਸਿੱਖ ਬਿਪਰ ਵਿੱਚ ਸਾਂਝ ਦਿਖਾਈ ।
ਵਿਵਹਾਰਿਕ ਜੀਵਨ ਨੂੰ ਤੱਜ ਕੇ,
ਖਲਕਤ ਪੂਜਾ ਵਿੱਚ ਉਲਝਾਈ ।।

ਸਿੱਖ ਪੰਥ ਦਾ ਤਖਤ ਇੱਕ ਹੈ,
ਗ੍ਰੰਥ ਗੁਰੂ ਵਿੱਚ ਗੁਰੂਆਂ ਘੜਿਆ ।
ਅਕਾਲ ਪੁਰਖ ਦਾ ਤਖਤ ਨਿਰਾਲਾ,
ਨਾਨਕ ਸ਼ਬਦੀਂ ਰਤਨੀਂ ਜੜਿਆ ।
ਇਟਾਂ ਰੇਤ ਨਾ ਚੂਨਾ ਕੋਈ,
ਇਹ ਹੈ ਗੁਰ ਸਿਧਾਂਤ ਵਿੱਚ ਮੜਿਆ ।
ਦੁਨੀਆਂ ਦੇ ਸਭ ਤਖਤਾਂ ਸਾਹਵੇਂ,
ਸਦਾ ਰਹੂ ਹਿੱਕ ਤਾਣੀ ਖੜਿਆ ।।

ਸੂਰਜ ਦੀ ਪਰਿਕਰਮਾ ਕਰਦੀ,
ਧਰਤੀ ਰੁੱਤਾਂ ਸਾਲ ਬਣਾਏ ।
ਅੱਜ ਦੇ ਯੁੱਗ ਦੀ ਸੂਰਜ ਗਿਣਤੀ,
ਚੰਦ ਗਣਨਾਂ ਦੇ ਮੇਚ ਨਾ ਆਏ ।
ਏਕੋ ਨਿਯਮ `ਚ ਬੱਝ ਕੈਲੰਡਰ,
ਨਾਨਕਸ਼ਾਹੀ ਅੱਜ ਅਖਵਾਏ ।
ਦਿਨ-ਸੁਧ ਪੱਕੀਆਂ ਮਿਤੀਆਂ ਕਾਰਣ,
ਹਰ ਵਾਰੀ ਨਿਸ਼ਚਿਤ ਥਾਂ ਜਾਏ ।।

ਆਓ ਦੋ ਦੀ ਦੁਐਤ ਤੋਂ ਬਚਕੇ,
ਇੱਕ ਦਾ ਨੁਕਤਾ ਸਾਹਵੇਂ ਲਿਆਈਏ
ਇੱਕ ਰੱਬ, ਇੱਕ ਗੁਰ, ਇੱਕ ਮਰਿਆਦਾ,
ਏਕੋ ਗ੍ਰੰਥ ਦਾ ਪੰਥ ਸਦਾਈਏ ।
ਤਖਤ, ਕੈਲੰਡਰ ਦੀ ਨੀਤੀ ਵਿੱਚ,
ਇੱਕੋ ਨਿਯਮ ਨੂੰ ਹੀ ਅਪਣਾਈਏ ।
ਗੁਰ ਨਾਨਕ ਦੇ ਇੱਕ ਦੀਆਂ ਰਮਜਾਂ,
ਸਮਝਕੇ ਇੱਕ ਵਿੱਚ ਇੱਕ ਹੋ ਜਾਈਏ ।।।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Monday, July 3, 2017

ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?

ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਸਾਡੇ ਲੋਕਾਂ ਵਿੱਚ ਇਕ ਕਮੀ ਹੈ ਕਿ ਅਸੀਂ ਨਾ ਤਾਂ ਕਿਸੇ ਦੀ ਪੂਰੀ ਗਲ ਸੁਣਦੇ ਹਾਂ ਅਤੇ ਨਾ ਅਗਲੇ ਦੀ ਭਾਵਨਾ ਸਮਝਦੇ ਹਾਂ ਬਸ ਕਹੇ ਗਏ ਸ਼ਬਦ ਦੇ ਅੱਖਰੀ ਅਰਥ ਕਰ ਖੁਦ ਨੂੰ ਸਮਝ ਆ ਰਹੇ ਅਰਥਾਂ ਅਨੁਸਾਰ ਝੱਟ ਜੱਜ ਹੋਣ ਦਾ ਪ੍ਰਗਟਾਵਾ ਕਰ ਦਿੰਦੇ ਹਾਂ । ਹੁਣ ਏਸ ਲੇਖ ਦੇ ਸਿਰਲੇਖ ਨੂੰ ਹੀ ਦੇਖ ਲਓ । ਕਈਆਂ ਦੇ ਮਨ ਵਿੱਚ ਖਿਆਲ ਆ ਵੀ ਗਏ ਹੋਣਗੇ ਕਿ ਕੀ ਲਿਖਣ ਵਾਲੇ ਨੂੰ ਗੁਰਬਾਣੀ ਦੇ ਅੱਖਰ ਅੱਖਰ ਸੱਚ ਹੋਣ ਤੇ ਕੋਈ ਸ਼ੱਕ ਹੈ ? ਜਦ ਕਿ ਸਵਾਲ ਤਾਂ ਇਹ ਹੈ ਕਿ ਗੁਰਬਾਣੀ ਦੇ ਅੱਖਰ ਅੱਖਰ ਸੱਚ ਹੋਣ ਦਾ ਭਾਵ ਕੋਈ ਕਿਵੇਂ ਲੈਂਦਾ ਹੈ ।

Sunday, June 25, 2017


ਜੋੜ !

ਜੋੜ !
ਸਾਡੀ ਸੋਚ ਨੂੰ ਬੰਦਾ ਅਜਿਹਾ,
ਘੱਟ ਹੀ ਭਾਇਆ ਹੈ ।।
ਘਰ ਨੂੰ ਫੂਕਕੇ ਆਪਣੇ ਤਮਾਸ਼ਾ,
ਜਿਸ ਦਿਖਾਇਆ ਹੈ ।।
ਲੋਕੀਂ ਸੋਚਦੇ ਕਿ ਰੀਣ ਵੀ,
ਨੁਕਸਾਨ ਹੋਵੇ ਨਾ ।
ਪਰ-ਉਪਕਾਰ ਦਾ ਠੱਪਾ ਵੀ,
ਆਪਣੇ ਨਾਮ ਚਾਹਿਆ ਹੈ ।।
ਬੇਚਾਰਾ ਜਾਣ ਕੇ ਉਸਨੂੰ,
ਮੈਂ ਆਪਣੇ ਘਰ ਲਿਆਇਆ ਸੀ ।
ਬਣਕੇ ਬਹਿ ਗਿਆ ਮਾਲਿਕ,
ਘਰੋਂ ਮੈਨੂੰ ਭਜਾਇਆ ਹੈ ।।
ਗੱਲਾਂ ਵਿੱਚ ਤਾਂ ਵੱਡੀ,
ਉਹ ਕਹਿੰਦੀ ਮੈਂ ਹੀ ਰਹਿਣਾ ਹੈ ।
ਜੇਠਾਣੀ ਨੂੰ ਹੀ ਕਰਤੂਤੀਂ ,
ਕਿਓਂ ਵੱਡੀ ਬਣਾਇਆ ਹੈ ।।
ਡਿਗਿਆ ਦੇਖਕੇ ਮੈਂ ਓਸਨੂੰ,
ਪਾਣੀ ਪਿਆ ਦਿੱਤਾ ।
ਸੁਰਤ ਵਿੱਚ ਆਉਂਦਿਆਂ ਕਹਿੰਦਾ,
ਤੂੰ ਮੇਰਾ ਕੁਝ ਚੁਰਾਇਆ ਹੈ ।।
ਉਹ ਤਾਂ ਸੋਚਦਾ ਕਿ ਓਸ ਕੋਲੋਂ,
ਡਰ ਗਿਆ ਹਾਂ ਮੈਂ ।
ਉਹ ਨਹੀਂ ਜਾਣਦਾ ਕਿ ਚੁੱਪ ਨੇ,
ਰਿਸ਼ਤਾ ਬਚਾਇਆ ਹੈ ।।
ਲੋਕੀਂ ਟੁੱਟਿਆਂ ਨੂੰ ਅੱਜ-ਕਲ ਤਾਂ,
ਸੁੱਟ ਦਿੰਦੇ ਨੇ ।
ਪੁਰਾਣੀ ਸੋਚ ਏ ਸਾਡੀ,
ਅਸਾਂ ਤਾਂ ਜੋੜ ਲਾਇਆ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)

Saturday, June 24, 2017

ਸੱਚ ਝੂਠ ਦਾ ਸਿਹਤ ਤੇ ਅਸਰ

ਸੱਚ/ਝੂਠ ਦਾ ਸਿਹਤ ਤੇ ਅਸਰ !
ਬੱਚਿਆਂ ਨੂੰ ਅਕਸਰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ ਇਸ ਲਈ ਸਦਾ ਸੱਚ ਬੋਲਣਾ ਚਾਹੀਦਾ ਹੈ । ਵੱਖ ਵੱਖ ਮਜ਼ਹਬ ਵੀ ਆਪਦੇ ਆਕੀਦੇ ਵਾਲੇ ਰੱਬ ਨੂੰ ਹਰ ਘਟਨਾ ਵਾਚ ਰਿਹਾ ਦਰਸਾ ਡਰਾ ਕੇ ਸੱਚ ਬੋਲਣ ਲਈ ਆਖਦੇ ਹਨ । ਸਮੁੱਚੀ ਮਨੁੱਖਤਾ ਵਿੱਚ ਰੱਬ ਦੇਖਣ ਵਾਲੇ ਸੱਚ ਧਰਮ ਨੂੰ ਪ੍ਰਣਾਏ ਲੋਕ ਵੀ ਰੱਬ ਨੂੰ ਹਰ ਦਿਲ ਵਿੱਚ ਵਸਦਾ ਜਾਣ ਅਤੇ ਸਭ ਨੂੰ ਆਪਦੇ ਵਰਗਾ ਸਮਝ ਸਦਾ ਸੱਚ ਦਾ ਪੱਲਾ ਫੜਨ ਅਤੇ ਸੱਚੇ ਜੀਵਨ ਲਈ ਪ੍ਰੇਰਦੇ ਹਨ । ਪਰ ਅਜੋਕੇ ਵਰਤਾਰਿਆਂ ਵਿੱਚ ਜਦੋਂ ਬੱਚੇ ਸਮਾਜ ਵਿੱਚ ਸੱਚਿਆਂ ਨੂੰ ਤਕਲੀਫਾਂ ਵਿੱਚ ਅਤੇ ਝੂਠਿਆਂ ਨੂੰ ਆਖੀ ਜਾਂਦੀ ਐਸ਼ ਕਰਦਿਆਂ ਦੇਖਦੇ ਹਨ ਤਾਂ ਦਿਖ ਰਹੇ ਫਾਇਦੇ ਲਈ, ਦਿੱਤੀ ਗਈ ਸਿੱਖਿਆ ਦੇ ਉਲਟ ਖੁਦ ਵੀ ਝੂਠ ਬੋਲਣ ਲਗ ਜਾਂਦੇ ਹਨ । ਅਣਜਾਣੇ ਵਿੱਚ ਮਿਲ ਰਹੀ ਝੂਠ ਨਾਲ ਵਕਤੀ ਲਾਭ ਦੀ ਤਸੱਲੀ ਅਸਲ ਵਿੱਚ ਕਿੰਨਾ ਨੁਕਸਾਨ ਕਰਦੀ ਹੈ ਅਸੀਂ ਸੋਚਦੇ ਹੀ ਨਹੀਂ ।

Wednesday, June 21, 2017