Friday, March 17, 2017

ਕੋਸ਼ਿਸ਼

ਕੋਸ਼ਿਸ਼ !!

ਸੁਆਹ ਵਿੱਚ ਮਾਰਕੇ ਫੂਕਾਂ, ਸਾਹ ਪਲਟਾਉਣ ਦੀ ਕੋਸ਼ਿਸ਼ ।
ਲੋਕੀਂ ਧੰਨ, ਜੋ ਕਰਦੇ ਨੇ, ਅੱਗ ਸੁਲਘਾਉਣ ਦੀ ਕੋਸ਼ਿਸ਼ ।।

ਸੱਚ ਦਾ ਬੋਲਬਾਲਾ, ਨਾ ਕਦੇ ਹੋਇਆ, ਨਾ ਹੋਣਾ ਹੈ,
ਲਗਦਾ ਜਾਣਦੇ, ਵੀ ਕਰ ਰਹੇ, ਅਜਮਾਉਣ ਦੀ ਕੋਸ਼ਿਸ਼ ।।

ਜਿਹੜੇ ਸੋਚਦੇ, ਇਨਸਾਫ ਦਾ, ਇੰਕਲਾਬ ਆਵੇਗਾ,
ਆਪਣੇ ਆਪ ਨੂੰ, ਉਹ ਕਰ ਰਹੇ, ਬਹਿਲਾਉਣ ਦੀ ਕੋਸ਼ਿਸ਼ ।।

ਅਕਲ ਨੂੰ ਕੌਣ ਪੁੱਛਦਾ ਏ, ਗਿਣਤੀ ਜਦ ਸਿਰੀਂ ਹੋਵੇ,
ਬੰਦਾ ਅੱਕ ਕੇ, ਕਰਦਾ ਏ, ਮਨ ਸਮਝਾਉਣ ਦੀ ਕੋਸ਼ਿਸ਼ ।।

ਇੱਕ ਉਹ ਨੇ, ਜੋ ਤਤਪਰ ਨੇ, ਕਿ ਸੁੱਤਾ ਉੱਠ ਹੀ ਜਾਵੇ,
ਇੱਕ ਉਹ ਨੇ, ਜੋ ਕਰਦੇ ਨੇ, ਸਦਾ ਸੁਲਾਉਣ ਦੀ ਕੋਸ਼ਿਸ਼ ।।

ਉਹ ਵੀ ਨੇ, ਜੋ ਜੁੱਗਾਂ ਤੋਂ, ਜੁੱਗਾਂ ਦੇ ਨਾਲ ਰਹਿੰਦੇ ਨੇ,
ਉਹ ਵੀ ਨੇ, ਜੋ ਕਰਦੇ ਨੇ, ਜੁੱਗ ਪਲਟਾਉਣ ਦੀ ਕੋਸ਼ਿਸ਼ ।।

ਜਮੀਰਾਂ ਬੇਚਕੇ ਲੋਕੀਂ, ਜੁੜਨ ਗਰਜੀਂ, ਤਾਂ ਲਗਦਾ ਏ,
ਨੈਤਿਕ ਚੇਤਨਾ ਬਾਝੋਂ ,ਹੈ ਸਭ ਭਰਮਾਉਣ ਦੀ ਕੋਸ਼ਿਸ਼ ।।

ਸੁਭਾਅ ਜਦ ਚੋਰ ਦਾ ਚੋਰੀ, ਫਰਜ ਕਿਓਂ ਆਪਦਾ ਛੱਡੇ,
ਤਾਹੀਓਂ ਅਣਖ ਕਰਦੀ ਨਾ, ਸਿਰ ਝੁਕਾਉਣ ਦੀ ਕੋਸ਼ਿਸ਼ ।।


ਗੁਰਮੀਤ ਸਿੰਘ ਬਰਸਾਲ (ਕੈਲੀਫੋਰਨੀਆਂ)

Wednesday, March 15, 2017

ਇੰਕਲਾਬ

ਇੰਕਲਾਬ !!

ਜੂਝਣ ਵਾਸਤੇ ਐਵੇਂ ਤੇ ਪਰਜਾ ਤਿਆਰ ਨਹੀਂ ਹੁੰਦੀ ।
ਬਾਝੋਂ ਠੇਲਿਆਂ ਬੇੜੀ ਵੀ ਕਦੇ ਪਾਰ ਨਹੀਂ ਹੁੰਦੀ ।।

ਨਿਰੰਤਰ ਤੋਰ ਹੀ ਤਾਂ ਜਿੱਤ ਦਾ ਆਧਾਰ ਬਣਦੀ ਹੈ,
ਇੰਕਲਾਬ ਦੇ ਲਈ ਕੋਈ ਪੜਾਵੀ ਠਾਹਰ ਨਹੀਂ ਹੁੰਦੀ ।।

ਪਰਾਂ ਨੂੰ ਛੰਡਣਾ ਉਡਾਨ ਵੱਲ ਵਧੀਆ ਇਸ਼ਾਰਾ ਹੈ,
ਹਾਰੀ ਜੰਗ ਵੀ ਬਦਲਾਵ ਲਈ ਬੇਕਾਰ ਨਹੀਂ ਹੁੰਦੀ ।।

ਹੱਕ, ਸੱਚ, ਇਨਸਾਫ ਲਈ ਜੋ ਜੰਗ ਲੜਦੇ ਨੇ,
ਵਕਤੀ ਜਿੱਤ ਹਾਰ ਉਨ੍ਹਾਂ ਲਈ ਕੋਈ ਮਾਰ ਨਹੀਂ ਹੁੰਦੀ ।।

ਹਾਰੀ ਜੰਗ ਦਾ ਘੋਖਣ ਵੀ ਜੇਕਰ ਸਬਕ ਬਣ ਜਾਵੇ,
ਮਿਥੀਆਂ ਮੰਜਲਾਂ ਦੀ ਜਿੱਤ, ਹੱਥੋਂ ਬਾਹਰ ਨਹੀਂ ਹੁੰਦੀ ।।

ਕਿਧਰੇ ਜਿੱਤਕੇ ਵੀ ਹਾਰਿਆਂ ਦੇ ਵਾਂਗ ਰਹਿੰਦੇ ਨੇ,
ਕਿਧਰੇ ਹਾਰਕੇ ਵੀ ਹਾਰ, ਇਜ਼ਹਾਰ ਨਹੀਂ ਹੁੰਦੀ ।।

ਕਿੰਨਾ ਹਾਰਿਆ ਇਹ ਸਾਰਿਆਂ ਨੂੰ ਨਜਰ ਆਉਂਦਾ ਏ,
ਕਿੰਨਾਂ ਜਿੱਤਿਆ ਇਹ ਸਾਰਿਆਂ ਨੂੰ ਸਾਰ ਨਹੀਂ ਹੁੰਦੀ ।।

ਭੁੰਜੇ ਡਿੱਗਣੋਂ ਡਰਕੇ ਨੇ ਜਿੱਥੇ ਰੀਂਗਦੇ ਲੋਕੀਂ,
ਉੱਥੇ ਦੌੜਨੇ ਦੀ ਝਾਕ ਅਸਰਦਾਰ ਨਹੀਂ ਹੁੰਦੀ ।।

ਕਿਸੇ ਦੀ ਲੀਕ ਢਾਵਣ ਤੋਂ, ਜੋ ਕਰਦਾ ਆਪਣੀ ਵੱਡੀ,
ਉਹਨੂੰ ਰੋਕਣੇ ਵਾਲੀ ਕਿਤੇ ਅਟਕਾਰ ਨਹੀਂ ਹੁੰਦੀ ।।

ਸੰਘਰਸ਼ ਛੱਡ ਜਾਣਾ ਹੀ ਅਸਲ ਵਿੱਚ ਹਾਰ ਜਾਣਾ ਹੈ,
ਜਦੋਂ ਤੱਕ ਹੌਸਲਾ ਬਾਕੀ ਤਦੋਂ ਤੱਕ ਹਾਰ ਨਹੀਂ ਹੁੰਦੀ ।।


ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Thursday, March 2, 2017

ਸ਼ਬਦ ਵਿਚਾਰ ਬਨਾਮ ਧੂਤਾਗਿਰੀ !!

ਸ਼ਬਦ ਵਿਚਾਰ ਬਨਾਮ ਧੂਤਾਗਿਰੀ !!

ਜਿਸਦੇ ਕੋਲ ਵਿਚਾਰ ਨਹੀਂ ਹੈ ।
ਬੰਦਾ ਪਾਏਦਾਰ ਨਹੀਂ ਹੈ ।।

ਓਹ ਕਾਹਦਾ ਸੱਚ ਦਾ ਪਰਚਾਰਕ,
ਹੋਇਆ ਜਿਹੜਾ ਖੁਆਰ ਨਹੀਂ ਹੈ ।।

ਗਿਆਨ ਉੱਤੇ ਹੱਥ ਚੁੱਕਣ ਵਾਲਾ,
ਹੁੰਦਾ ਕੋਈ ਸਿਰਦਾਰ ਨਹੀਂ ਹੈ ।।

'ਵਾਹ ਗੁਰੂ' ਵਿਸਮਾਦੀ ਅੱਖਰ,
ਧੂਤਕੜਾ ਹਥਿਆਰ ਨਹੀਂ ਹੈ ।।

ਦੂਜੇ ਦੀ ਲਾਹ ਹੱਸਣ ਵਾਲੀ,
ਗੁਰ ਬਖਸ਼ੀ ਦਸਤਾਰ ਨਹੀਂ ਹੈ ।।

ਪੜ੍ਹੇ ਚਰਿੱਤਰ, ਕਰੇ ਚਲਿੱਤਰ,
ਉਸ ਵਰਗਾ ਬਦਕਾਰ ਨਹੀਂ ਹੈ ।।

ਧੂਤੇ, ਬਿੱਜੂ, ਬੂਝੜ ਵਰਗੀ,
ਸਮਝੋ ਤਾਂ ਫਿਟਕਾਰ ਨਹੀਂ ਹੈ ।।

ਧਰਮ ਗੁਣਾਂ ਦਾ ਧਾਰਨ ਹੁੰਦਾ,
ਵਰਗਾਂ ਦਾ ਪ੍ਰਚਾਰ ਨਹੀਂ ਹੈ ।।

ਸਿੱਖੀ ਜੀਵਨ-ਜਾਚ ਹੈ ਹੁੰਦੀ,
ਬਾਹਰ ਦਾ ਸੰਗਾਰ ਨਹੀਂ ਹੈ ।।

ਸ਼ਬਦ ਵਿਚਾਰਨ ਧਾਰਨ ਤੋਂ ਬਿਨ,
ਗੁਰਮਤਿ ਦਾ ਸਤਿਕਾਰ ਨਹੀਂ ਹੈ ।।


ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Saturday, February 11, 2017

ਚੋਣ-ਮੌਸਮ !

ਚੋਣ-ਮੌਸਮ !

ਚੋਣਾਂ ਵਾਲਾ ਮੌਸਮ ਜਦ ਵੀ ਧਾਉਂਦਾ ਹੈ ।
ਹਰ ਆਫਤ ਤੋਂ ਵਧਕੇ ਖੌਰੂ ਪਾਉਂਦਾ ਹੈ ।।

ਹਸਦੇ ਵਸਦੇ ਲੋਕੀਂ ਜਿਹੜੇ ਸਾਲਾਂ ਦੇ,
ਇੱਕ ਦੂਜੇ ਦੇ ਵੈਰੀ ਝੱਟ ਬਣਾਉਂਦਾ ਹੈ ।।

ਮਜਹਬਾਂ,ਜਾਤਾਂ,ਵਰਗਾਂ ਦੀ ਗਲ ਕਰਨੀ ਕੀ,
ਤੇੜਾਂ ਉਹ ਤਾਂ ਘਰ-ਘਰ ਅੰਦਰ ਚਾਹੁੰਦਾ ਹੈ ।।

ਫੋਕੀ ਠੁੱਕ ਬਣਾਵਣ ਵਾਲਾ ਭਰਮ ਦਿਖਾ,
ਚੇਲੇ,ਚਮਚੇ,ਭਗਤ ਬਣਾ ਭਰਮਾਉਂਦਾ ਹੈ ।।

ਹਰ ਵਾਰੀ ਉਹ ਸ਼ਾਤਿਰ ਧੋਖਾ ਦੇ ਜਾਂਦਾ,
ਬੁੱਲ ਊਠ ਦਾ ਪਰਜਾ ਨੂੰ ਤਰਸਾਉਂਦਾ ਹੈ ।।

ਰੋਟੀ ਸਸਤੀ ਕਰਨ ਦਾ ਲਾਰਾ ਲਾ ਦਿੰਦਾ,
ਐਪਰ ਰੋਟੀ ਥੱਪਣੀ ਨਹੀਂ ਸਿਖਾਉਂਦਾ ਹੈ ।।

ਧੁਰ ਅੰਦਰ ਤੱਕ ਮੌਸਮ ਵਾਲਾ ਅਸਰ ਬੁਰਾ,
ਅਣਖ ਜਮੀਰਾਂ ਤੋਲ ਸੇਲ ਤੇ ਲਾਉਂਦਾ ਹੈ ।।

ਜਿੱਤਣ ਵਾਲਾ ਤਾਂ ਜਿੱਤਕੇ ਤੁਰ ਜਾਂਦਾ ਹੈ,
ਭਾਈਚਾਰਾ ਹਰ ਵਾਰੀ ਹਰ ਆਂਉਂਦਾ ਹੈ ।।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Monday, January 30, 2017

Friday, January 27, 2017

ਕਾਂਗਰਸੀ-ਰਾਜ

ਕਾਂਗਰਸੀ-ਰਾਜ !!

ਜੁਲਮ ਸਿੱਖਾਂ ਤੇ ਕਾਂਗਰਸੀ ਰਾਜ ਅੰਦਰ,
ਹੋਇਆ ਮੁਗਲਾਂ ਦਾ ਜੁਲਮ ਸਮੋ ਸਕਦਾ ।

ਘੱਲੂਘਾਰਾ ਹਕੂਮਤ ਨੇ ਜੋ ਕਰਿਆ,
ਕੋਈ ਚਾਹ ਕੇ ਵੀ ਨਹੀਂ ਲੁਕੋ ਸਕਦਾ ।

ਜਿਹੜਾ ਰਾਜ ਗੁਰਧਾਮਾਂ ਤੇ ਚਾੜ੍ਹ ਫੌਜਾਂ,
ਜੁੜੀਆਂ ਸੰਗਤਾਂ ਦਾ ਕਾਤਿਲ ਹੋ ਸਕਦਾ ।

ਨਸਲਕੁਸ਼ੀ ਦੀ ਨਫਰਤੀ ਭਾਵਨਾ ਨਾਲ,
ਲੱਖਾਂ ਸਿੱਖਾਂ ਦੀ ਜਿੰਦਗੀ ਖੋਹ ਸਕਦਾ ।

ਗਲੀਂ ਟਾਇਰ ਪਾ ਸਾੜੇ ਜੋ ਸਿੱਖ ਜਿੰਦਾ,
ਦਾਗ ਅਜ਼ਮਤਾਂ ਵਾਲੇ ਨਹੀਂ ਧੋ ਸਕਦਾ ।

ਢਾਲ਼ ਘੜਕੇ, ਲਾਲਚ ਹਿੱਤ, ਨੀਤਕਾਂ ਦੀ,
ਸਿੱਖਾਂ ਅੰਦਰ ਗਦਾਰੀ ਇਹ ਬੋ ਸਕਦਾ ।

ਸੁਪਨੇ ਵਿੱਚ ਵੀ ਇਹਨਾਂ ਹਕੂਮਤਾਂ ਦੇ,
ਗੈਰਤਮੰਦ ਨਹੀਂ ਨਾਲ ਖਲੋ ਸਕਦਾ ।

ਕੋਈ ਸਿੱਖ ਚੁਰਾਸੀ ਨਹੀਂ ਭੁੱਲ ਸਕਦਾ,
ਜਿਹੜਾ ਭੁੱਲੇ, ਉਹ ਸਿੱਖ ਨਹੀਂ ਹੋ ਸਕਦਾ ।।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Sunday, January 22, 2017

ਅਜੋਕੇ-ਅਕਾਲੀ !!

ਕਹਿਣ ਨੂੰ ਅਕਾਲੀ ਤਾਂ ਅਕਾਲ ਦੇ ਪੁਜਾਰੀ ਹੁੰਦੇ,
ਅੱਜ-ਕੱਲ ਕਾਲ਼-ਮਹਾਂਕਾਲ਼ ਨੂੰ ਧਿਆਉਂਦੇ ਆ ।

ਪੰਥ ਨੂੰ ਵਸਾਉਣ ਦੇ ਲਈ ਖੁਦ ਨੂੰ ਉਜਾੜਦੇ ਸੀ,
ਹੁਣ ਤਾਂ ਇਹ ਆਪਣੇ ਲਈ ਪੰਥ ਮਰਵਾਉਂਦੇ ਆ ।

ਗੁਰੂ ਗ੍ਰੰਥ ਵਾਲੀ ਗੁਰਿਆਈ ਨੂੰ ਵੰਗਾਰਨੇ ਲਈ,
ਬਿਪਰਾਂ ਦੀ ਬਾਣੀ ਨੂੰ ਵੀ ਨਾਲ਼ ਇਹ ਬਿਠਾਉਂਦੇ ਆ ।

ਇੱਕ ਦੇ ਸਿਧਾਂਤ `ਚ ਦੁਫੇੜ ਪੈਦਾ ਕਰਨੇ ਲਈ,
ਦੋ-ਦੋ ਬੇੜੀਆਂ ਚ ਪੈਰ ਧਰਨਾਂ ਸਿਖਾਉਂਦੇ ਆ ।

ਗੁਰੂ ਦੇ ਅਦਬ ਦੇ ਲਈ ਵਾਰਦੇ ਸੀ ਜਾਨਾਂ ਜਿਹੜੇ,
ਅੱਜ-ਕਲ ਆਪ ਹੀ ਬੇ-ਅਦਬੀ ਕਰਾਉਂਦੇ ਆ ।

ਸਿੱਖੀ ਦੀ ਵਿਚਾਰਧਾਰਾ ਹੋਰਨਾਂ ਨੂੰ ਦੱਸਣੀ ਕੀ,
ਸਗੋਂ ਬਿਪਰਨ ਰੀਤਾਂ  ਸਿੱਖਾਂ ਚ ਫੈਲਾਉਂਦੇ ਆ ।

ਗੁਰਾਂ ਕਿਰਦਾਰ ਘੜ ਸਾਜਿਆ ਇਹ ਖਾਲਸਾ ਸੀ,
ਪਰ ਇਹ ਤਾਂ ਵੋਟਾਂ ਘੜ ਹੋਂਦ ਦਰਸਾਉਂਦੇ ਆ ।

ਗੁਰੂ ਜੀ ਨੇ ਕਿਰਪਾ ਲਈ ਦਿੱਤੀ ਕਿਰਪਾਨ ਜਿਹੜੀ,
ਇਹ ਤਾਂ ਮੁੜ ਉਹਨੂੰ ਤਲਵਾਰ ਹੀ ਬਣਾਉਂਦੇ ਆ ।

ਨਿਤਾਣਿਆਂ,ਨਿਮਾਣਿਆਂ,ਨਿਓਟਿਆਂ ਤੇ ਲੋੜਵੰਧਾਂ,
ਲਾਲੋਆਂ ਨੂੰ ਭੁੱਲ ਇਹ ਤਾਂ ਭਾਗੋ ਨੂੰ ਰਿਝਾਉਂਦੇ ਆ ।

ਗੁਰੂ ਦਿਆਂ ਸਿੱਖਾਂ ਉੱਤੇ ਜੁਲਮ ਜੋ ਬੰਦਾ ਕਰੇ,
ਸਜਾ ਨਾਲੋਂ ਉਹਨੂੰ ਸਗੋਂ ਆਪ ਹੀ ਬਚਾਉਂਦੇ ਆ ।

ਸੰਗਤਾਂ ਦੀ ਸੇਵਾ ਤੋਂ ਨਵਾਬੀਆਂ ਨੂੰ ਵਾਰਨੇ ਦਾ,
ਛੱਡ ਇਤਿਹਾਸ ਝੂਠ ਨੀਤੀਆਂ ਪੜ੍ਹਾਉਂਦੇ ਆ ।

ਬੋਲਾਂ `ਚ ਮਿਠਾਸ ਨਾ ਨਿਮਰ ਨਾ ਹੀ ਸਹਿਣਸ਼ੀਲ,
ਬਿਨ੍ਹਾਂ ਇਖਲਾਕੋਂ ਹੀ ਅਕਾਲੀ ਅਖਵਾਉਂਦੇ ਆ ।।

ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)