Sunday, March 27, 2016

Wednesday, March 23, 2016

ਸ਼ਬਦ ਦੀ ਕਮਾਈ !!

ਸ਼ਬਦ ਦੀ ਕਮਾਈ !!
ਗੁਰਬਾਣੀ ਨੂੰ ਸੁਣਨਾ ਪੜ੍ਹਨਾ,
ਸਿੱਖਕੇ ਅੱਗੇ ਪੜ੍ਹਾਉਣਾ ।
ਹਰ ਸ਼ਬਦ ਦੇ ਅਰਥਾਂ ਦੇ ਨਾਲ,
ਭਾਵ ਅਰਥ ਸਮਝਾਉਣਾ ।
ਗੁਰ ਸਿੱਖਿਆ ਨੂੰ ਸਮਝ ਸਮਝਕੇ,
ਜੀਵਨ ਵਿੱਚ ਅਪਣਾਉਣਾ ।
ਬਾਣੀ ਦੇ ਉਪਦੇਸ਼ਾਂ ਉੱਪਰੋਂ,
ਖੁਦ ਨੂੰ ਘੋਲ ਘੁਮਾਉਣਾ ।
ਵਾਂਗ ਮੰਤਰਾਂ ਮੁੜ ਮੁੜ ਇੱਕੋ,
ਤੋਤਾ ਰਟਣੀ ਨਾਲੋਂ,
ਗੁਰਮਤਿ ਵਿੱਚ ਤਾਂ ਹੁੰਦਾ ਏ ਇੰਝ,
ਗੁਰ ਕਾ ਸ਼ਬਦ ਕਮਾਉਣਾ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Tuesday, March 15, 2016

ਜੀਵਨ !!

ਜੀਵਨ !!
ਫਿਕਰਾਂ ਵਿੱਚ ਨਾ ਐਵੇਂ ਸਮਾਂ ਲੰਘਾਇਆ ਕਰ ।
ਜੱਗ ਨੂੰ ਤੱਕਕੇ ਥੋੜਾ ਜਿਹਾ ਮੁਸਕਾਇਆ ਕਰ ।।
ਜੇਕਰ ਰਾਤੀਂ ਗੂੜੀ ਨੀਂਦਰ ਚਾਹੁੰਨਾ ਏਂ ,
ਦਿਨ ਸੱਜਣਾ ਸੁਕਿਰਤ ਦੀ ਭੇਟ ਚੜ੍ਹਾਇਆ ਕਰ ।
ਹੋਰਾਂ ਤੋਂ ਜੇ ਝਾਕ ਹੈ ਮਿੱਠਿਆਂ ਬਚਨਾਂ ਦੀ,
ਦੁਨੀਆਂ ਨੂੰ ਵੀ ਮਿੱਠੇ ਬਚਨ ਸੁਣਾਇਆ ਕਰ ।
ਜੇਕਰ ਸੱਜਣਾ ਭਲਾ ਆਪਦਾ ਮੰਗਦਾ ਏਂ,
ਆਪਣੇ ਹੱਥੀਂ ਵੀ ਕੋਈ ਭਲਾ ਕਮਾਇਆ ਕਰ ।
ਮਾਣਸ ਦਾ ਰਤ ਪੀਣ ਬਰਾਬਰ ਹੁੰਦਾ ਹੈ,
ਹੱਕ ਪਰਾਇਆ ਭੁੱਲਕੇ ਵੀ ਨਾ ਖਾਇਆ ਕਰ ।
ਬੱਧਾ-ਰੁੱਧਾ ਜੇ ਕੁਝ ਚੰਗਾ ਕਰ ਬੈਠਾਂ,
ਜਣੇ-ਖਣੇ ਕੋਲ ਐਵੇਂ ਨਾ ਜਿਤਲਾਇਆ ਕਰ ।
ਆਪਣਾ ਹੀ ਘਰ ਫੂਕ ਤਮਾਸ਼ਾ ਦੇਖੀਦਾ,
ਪਰ-ਉਪਕਾਰ ਦੇ ਬਦਲੇ ਨਾ ਕੁਝ ਚਾਹਿਆ ਕਰ ।
ਅੱਖਾਂ ਮੀਚ ਭਰੋਸਾ ਕਰ ਪਛਤਾਵਣ ਤੋਂ,
ਚਿਹਰੇ ਪਿਛਲੇ ਚਿਹਰੇ ਨੂੰ ਅਜਮਾਇਆ ਕਰ ।
ਜਿੰਦਗੀ ਜੀਣ ਦਾ ਮਤਲਬ ਬਹਿਕੇ ਸਮਝ ਲਵੀਂ,
ਜੀਵਨ ਜੀਣ ਤੋਂ ਪਹਿਲਾਂ ਨਾ ਮਰ ਜਾਇਆ ਕਰ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Wednesday, March 2, 2016

ਆਮ-ਆਦਮੀ !!

ਆਮ-ਆਦਮੀ !!
ਕੂੜ-ਨੀਤੀ,ਬੇਈਮਾਨੀ,ਰਿਸ਼ਵਤਾਂ ਦੇ ਦੌਰ ਵਿੱਚ,
ਸੱਭੇ ਪਾਸੇ ਖੱਜਲ-ਖੁਆਰ ਆਮ ਆਦਮੀ ।
ਸੱਚ ਤੇ ਇਮਾਨਦਾਰੀ ਜਿੰਦਗੀ `ਚ ਜੀਣ ਵਾਲਾ,
ਦਿੱਤਾ ਜਾਂਦਾ ਸਦਾ ਦੁਰਕਾਰ ਆਮ ਆਦਮੀ ।
ਜਾਤ-ਪਾਤ,ਮਜਹਬਾਂ ਤੇ ਵਰਗਾਂ ਦੀ ਰਾਜਨੀਤੀ,
ਪਾੜ-ਪਾੜ ਕੀਤਾ ਹੈ ਲੰਗਾਰ ਆਮ ਆਦਮੀ ।
ਕਰਮਾਂ ਦੇ ਨਾਮ ਤੇ ਦਬਾਈ ਜਿਹੜੀ ਰੱਖਦੀ ਹੈ,
ਭਰਿਸ਼ਟਦਾ ਦਾ ਲੋਚਦਾ ਸੰਘਾਰ ਆਮ ਆਦਮੀ ।
ਲੁੱਟ-ਕੁੱਟ ਨਾਲ ਹਥਿਆਉਂਦੇ ਸਦਾ ਰਾਜ ਜਿਹੜੇ,
ਬਣਨਾ ਏਂ ਉਹਨਾ ਲਈ ਵੰਗਾਰ ਆਮ ਆਦਮੀ ।
ਬੁਝੀ ਹੋਈ ਰਾਖ ਨੇ ਵੀ ਭਾਂਬੜਾਂ `ਚ ਵਟ ਜਾਣਾ,
ਬਣਿਆ ਜਾ ਮਘਦਾ ਅੰਗਾਰ ਆਮ ਆਦਮੀ ।
ਜਿਸ ਰਾਜ-ਨੀਤੀ ਨੇ ਗੁਲਾਮ ਸੀ ਬਣਾਇਆ ਹੋਇਆ,
ਇੱਕ ਦਿਨ ਬਣੂਗਾ ਸ਼ੰਗਾਰ ਆਮ ਆਦਮੀ ।
ਲਗਦਾ ਸਥਾਪਤੀ ਨੂੰ ਥੁੱਕਣੇ ਲਈ ਤੁਰ ਚੁੱਕਾ,
ਸੰਘ `ਚ ਘੁਮਾ ਰਿਹਾ ਘੰਗਾਰ ਆਮ ਆਦਮੀ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Friday, February 26, 2016

Wednesday, February 17, 2016

ਡੱਗਾ !!

ਜਦ ਵੀ ਮੈਨੂੰ ਕਲਮ ਚੁੱਕਣ ਦੀ ਲੱਗੀ ਹੈ ।
ਕਾਗਜ ਦੇ ਨਾਲ ਲਗਦਾ ਵੱਜੀ ਠੱਗੀ ਹੈ ।।
ਮਹਿੰਗੀ ਕਲਮ-ਦਵਾਤ ਵਰਤਕੇ ਦੇਖ ਲਏ,
ਚਾਨਣ ਦੀ ਕੋਈ ਰਿਸ਼ਮ ਕਦੇ ਨਾ ਹੱਗੀ ਹੈ ।
ਉਮਰਾਂ ਨਾਲ ਲਕੀਰਾਂ ਹੋਈਆਂ ਸਿੱਧੀਆਂ ਨਾ,
ਕਾਲੀ ਤੋਂ ਅੱਜ ਹੋਈ ਭਾਵੇਂ ਬੱਗੀ ਹੈ ।
ਨੀਰੋ ਵਾਲੀ ਤਰਜ ਬੰਸਰੀ ਕੱਢਦੀ ਨਾ,
`ਵਾਜ ਮਾਰਦੀ ਫੂਕਾਂ ਹੋ ਗਈ ਘੱਗੀ ਹੈ ।
ਕਾਗਜ ਨੂੰ ਜਦ ਵੀ ਅੱਖਰ ਪਹਿਨਾਏ ਨੇ,
ਸ਼ੀਸ਼ੇ ਆਖਿਆ ਇਹ ਤਾਂ ਬਾਂਦਰ ਝੱਗੀ ਹੈ ।
ਕੁੰਭਕਰਣ ਨੂੰ ਕਿੱਦਾਂ ਦੱਸ ਜਗਾਵਾਂਗਾ ?
ਨਾ ਮੇਰੇ ਕੋਲ ਡੱਗਾ ਤੇ ਨਾ ਡੱਗੀ ਹੈ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, February 9, 2016